ਫੀਚਰਜ਼ਫ਼ੁਟਕਲ

ਐਨ.ਸੀ.ਈ.ਆਰ.ਟੀ. ਨੂੰ ਡੀਮਡ ਯੂਨੀਵਰਸਿਟੀ ਦਾ ਦਰਜਾ ਦੇਣ ਦਾ ਐਲਾਨ

ਨਵੀਂ ਦਿੱਲੀ: ਕੇਂਦਰੀ ਸਿਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਸ਼ੁਕਰਵਾਰ ਨੂੰ ਕੌਮੀ ਵਿੱਦਿਅਕ ਖੋਜ ਅਤੇ ਸਿਖਲਾਈ ਕੌਂਸਲ (ਐਨ.ਸੀ.ਈ.ਆਰ.ਟੀ.) ਨੂੰ ‘ਡੀਮਡ ਟੂ ਬੀ ਯੂਨੀਵਰਸਿਟੀ’ ਦਾ ਦਰਜਾ ਦਿਤੇ ਜਾਣ ਦਾ ਐਲਾਨ ਕੀਤਾ।

ਪ੍ਰਧਾਨ ਨੇ ਐੱਨ.ਸੀ.ਈ.ਆਰ.ਟੀ. ਦੇ 63ਵੇਂ ਸਥਾਪਨਾ ਦਿਵਸ ’ਤੇ ਕੀਤੇ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਇਹ ਐਲਾਨ ਕੀਤਾ।

ਐੱਨ.ਸੀ.ਈ.ਆਰ.ਟੀ. ਭਾਰਤ ’ਚ ਸਕੂਲੀ ਸਿਖਿਆ ਬਾਬਤ ਸਾਰੀਆਂ ਨੀਤੀਆਂ ’ਤੇ ਕੰਮ ਕਰਦੀ ਹੈ। ਇਹ ਸਿਖਿਆ ਨਾਲ ਜੁੜੇ ਵਿਸ਼ੇ ’ਤੇ ਮੰਤਰਾਲੇ ਨੂੰ, ਵਿਸ਼ੇਸ਼ ਕਰ ਕੇ ਸਕੂਲੀ ਸਿਖਿਆ ਬਾਬਤ ਸਲਾਹ ਦੇਣ ਅਤੇ ਨੀਤੀ-ਨਿਰਧਾਰਨ ’ਚ ਮਦਦ ਕਰਦੀ ਹੈ ਜਿਸ ’ਚ ਨਵੀਂ ਖੋਜ, ਸਿਲੇਬਸ ਅਤੇ ਸਿਲੇਬਸ ਦੀਆਂ ਪੁਸਤਕਾਂ ਦੇ ਵਿਕਾਸ ਕਾਰਜ ਵੀ ਸ਼ਾਮਲ ਹਨ।

ਸਿਖਿਆ ਮੰਤਰੀ ਨੇ ਕਿਹਾ ਕਿ ਅੱਜ ਤੋਂ ਐੱਨ.ਸੀ.ਈ.ਆਰ.ਟੀ. ਨੂੰ ਰਸਮੀ ਰੂਪ ’ਚ ਡੀਮਡ ਯੂਨੀਵਰਸਿਟੀ ਦਾ ਦਰਜਾ ਮਿਲੇਗਾ। ਉਨ੍ਹਾਂ ਕਿਹਾ, ‘‘ਐੱਨ.ਸੀ.ਈ.ਆਰ.ਟੀ. ਨੂੰ ਡੀਮਡ ਟੂ ਬੀ ਯੂਨੀਵਰਸਿਟੀ ਦੇ ਰੂਪ ’ਚ ਮਾਨਤਾ ਮਿਲ ਰਹੀ ਹੈ।’’

ਪ੍ਰਧਾਨ ਨੇ ਕਿਹਾ ਕਿ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਵੀ ਡੀਮਡ ਟੂ ਬੀ ਯੂਨੀਵਰਸਿਟੀ ਹੈ।

ਕੌਮੀ ਮਹੱਤਵ ਦੇ ਸੰਸਥਾਨ ਦੇ ਦਰਜੇ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਐੱਨ.ਸੀ.ਈ.ਆਰ.ਟੀ. ’ਤੇ ਪੂਰਾ ਭਰੋਸਾ ਹੈ ਅਤੇ ਇਹ ਸੰਸਥਾਨ ਦੇ ਕੰਮ ’ਤੇ ਨਿਰਭਰ ਕਰਦਾ ਹੈ। ਬਾਅਦ ’ਚ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ’ਚ ਕਿਹਾ ਕਿ ਡੀਮਡ ਟੂ ਬੀ ਯੂਨੀਵਰਸਿਟੀ ਦਾ ਵਿਸ਼ਾ ਐੱਨ.ਸੀ.ਈ.ਆਰ.ਟੀ. ਦੀ ਪੁਰਾਣੀ ਮੰਗ ਅਤੇ ਉਮੀਦ ਸੀ।

ਇਸ ਖ਼ਬਰ ਬਾਰੇ ਕੁਮੈਂਟ ਕਰੋ-