1901 ਤੋਂ ਬਾਅਦ ਸਭ ਤੋਂ ਗਰਮ ਅਤੇ ਖੁਸ਼ਕ ਮਹੀਨਾ ਰਿਹਾ ਅਗੱਸਤ
ਨਵੀਂ ਦਿੱਲੀ: ਭਾਰਤ ਮੌਸਮ ਵਿਗਿਆਨ ਵਿਭਾਗ (ਆਈ.ਐਮ.ਡੀ.) ਅਨੁਸਾਰ ਦੇਸ਼ ਦੇ ਇਤਿਹਾਸ ’ਚ ਸਭ ਤੋਂ ਗਰਮ ਅਤੇ ਖੁਸ਼ਕ ਅਗੱਸਤ ਮਹਿਸੂਸ ਕੀਤਾ ਗਿਆ। ਇਸ ਸਾਲ ਦੇ ਅਗੱਸਤ ਮਹੀਨੇ ’ਚ 1901 ਤੋਂ ਬਾਅਦ ਤੋਂ ਸਭ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ।
ਮਾਹਰਾਂ ਦਾ ਕਹਿਣਾ ਹੈ ਕਿ ਇਹ ਚਿੰਤਾਜਨਕ ਬਿਰਤੀ ਜਲਵਾਯੂ ਤਬਦੀਲੀ ਦੇ ਵਧਦੇ ਅਸਰ ਨੂੰ ਉਜਾਗਰ ਕਰਦੀ ਹੈ, ਜਿਸ ਨਾਲ ਮੌਸਮ ਸਬੰਧੀ ਆਫ਼ਤਾਂ ਪੈਦਾ ਹੋ ਰਹੀਆਂ ਹਨ।
ਦਿੱਲੀ ਦੇ ਸਫ਼ਦਰਜੰਗ ਮੌਸਮ ਕੇਂਦਰ ’ਚ ਅਗੱਸਤ ’ਚ ਇਸ ਤੋਂ ਵੱਧ ਔਸਮ ਵੱਧ ਤੋਂ ਵੱਧ ਤਾਪਮਾਨ 2014 ’ਚ ਵੇਖਿਆ ਗਿਆ, ਜਦੋਂ ਇਹ 36.3 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ ਸੀ।
ਮੀਂਹ ਨਾ ਪੈਣ ਕਾਰਨ ਅਗੱਸਤ ਘੱਟ ਤੋਂ ਘੱਟ 14 ਸਾਲਾਂ ’ਚ ਦੂਜਾ ਸਭ ਤੋਂ ਖੁਸ਼ਕ ਸਾਲ ਬਣ ਗਿਆ। ਕੌਮੀ ਰਾਜਧਾਨੀ ਦੇ ਬੇਸ ਸਟੇਸ਼ਨ ਸਫ਼ਦਰਜੰਗ ’ਚ 61 ਫ਼ੀ ਸਦੀ ਮੀਂਹ ਦੀ ਕਮੀ ਹੋਈ, ਇਸ ’ਚ ਆਮ ਤੌਰ ’ਤੇ 233.1 ਮਿਲੀਮੀਟਰ ਮੁਕਾਬਲੇ ਸਿਰਫ਼ 91.8 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।
ਜਦਕਿ ਅਗੱਸਤ 2022 ਸਿਰਫ਼ 41.6 ਮਿਲੀਮੀਟਰ ਮੀਂਹ ਦੇ ਨਾਲ 14 ਸਾਲਾਂ ’ਚ ਸਭ ਤੋਂ ਖੁਸ਼ਕ ਸੀ, ਇਸ ਵਾਰੀ ਦਾ ਅਗੱਸਤ ਮਹੀਨਾ ਉਸੇ ਸਮਾਂ ਸੀਮਾ ’ਚ ਦੂਜਾ ਸਭ ਤੋਂ ਖੁਸ਼ਕ ਸਾਲ ਰਿਹਾ।
ਮੌਸਮ ਵਿਧਾਨ ਦਾ ਕਹਿਣਾ ਹੈ ਕਿ ਸਤੰਬਰ ’ਚ ਕੁਝ ਰਾਹਤ ਦੀ ਉਮੀਦ ਹੈ। ਇਸ ਮਹੀਨੇ ਪੂਰੇ ਦੇਸ਼ ’ਚ ਮਾਨਸੂਨੀ ਮੀਂਹ ਦੀ ਗਤੀਵਿਧੀ ਆਮ ਪੱਧਰ ’ਤੇ ਪਰਤਣ ਦੀ ਉਮੀਦ ਹੈ। ਪਰ ਆਈ.ਐਮ.ਡੀ. ਨੇ ਸਤੰਬਰ ਲਈ ਵੀ ਤਾਪਮਾਨ ਆਮ ਤੋਂ ਵੱਧ ਰਹਿਣ ਦੀ ਭਵਿੱਖਬਾਣੀ ਪ੍ਰਗਟਾਈ ਹੈ।
ਮੌਸਮ ਭਵਿੱਖਬਾਣੀ ਏਜੰਸੀ ਨੇ ਕਿਹਾ ਕਿ 1 ਸਤੰਬਰ ਨੂੰ ਦਿੱਲੀ ’ਚ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਸੈਲਸੀਅਸ ਤਕ ਪਹੁੰਚ ਜਾਵੇਗਾ, ਜਦਕਿ ਘੱਟ ਤੋਂ ਘੱਟ ਤਾਪਮਾਨ 27 ਡਿਗਰੀ ਸੈਲਸੀਅਸ ਦੇ ਆਸਪਾਸ ਰਹਿ ਸਕਦਾ ਹੈ।
ਸਤੰਬਰ ’ਚ ਦਖਣੀ ਪ੍ਰਾਏਦੀਪੀ ਭਾਰਤ ਅਤੇ ਪਛਮੀ-ਮੱਧ ਭਾਰਤ ਦੇ ਕੁਝ ਹਿੱਸਿਆਂ ਨੂੰ ਛੱਡ ਕੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ’ਚ ਵੱਧ ਤੋਂ ਵੱਧ ਤਾਪਮਾਨ ਆਮ ਤੋਂ ਉੱਪਰ ਰਹਿਣ ਦੀ ਸੰਭਾਵਨਾ ਹੈ।
ਸਤੰਬਰ ਦੀ ਭਵਿੱਖਬਾਣੀ ਤੋਂ ਪਤਾ ਲਗਦਾ ਹੈ ਕਿ ਪੂਰਬ-ਉੱਤਰ ਭਾਰਤ, ਨੇੜਲੇ ਪੂਰਬੀ ਭਾਰਤ, ਹਿਮਾਲਿਆ ਦੀ ਤਲਹਟੀ ਅਤੇ ਪੂਰਬ-ਮੱਧ ਅਤੇ ਦਖਣੀ ਪ੍ਰਾਏਦੀਪੀ ਭਾਰਤ ਦੇ ਕੁਝ ਇਲਾਕਿਆਂ ’ਚ ਆਮ ਤੋਂ ਵੱਧ ਮੀਂਹ ਹੋਣ ਦੀ ਸੰਭਾਵਨਾ ਹੈ।
ਹਾਲਾਂਕਿ, ਦੇਸ਼ ਦੇ ਬਾਕੀ ਹਿੱਸਿਆਂ ’ਚ ਆਮ ਤੋਂ ਘੱਟ ਮੀਂਹ ਦੀ ਸੰਭਾਵਨਾ ਸਭ ਤੋਂ ਜ਼ਿਆਦਾ ਹੈ।