ਪੰਜਾਬ

ਪੰਜਾਬ ਵਿਚ ਮੇਰਾ ਬਿੱਲ ਐਪ ਦੀ ਸ਼ੁਰੂਆਤ, ਟੈਕਸ ਚੋਰੀ ਰੋਕਣ ਲਈ ਸਰਕਾਰ ਦਾ ਅਹਿਮ ਕਦਮ

ਚੰਡੀਗੜ੍ਹ:  ਪੰਜਾਬ ਸਰਕਾਰ ਨੇ ਟੈਕਸ ਚੋਰੀ ਰੋਕਣ ਲਈ ਅਹਿਮ ਕਦਮ ਚੁਕਿਆ ਹੈ। ਪੰਜਾਬ ਸਰਕਾਰ ਨੇ 21 ਅਗਸਤ ਨੂੰ ‘ਮੇਰਾ ਬਿੱਲ’ ਐਪ ਲਾਂਚ ਕਰਨ ਦੇ ਨਾਲ ‘ਬਿੱਲ ਲਿਆਉ, ਇਨਾਮ ਪਾਉ’ ਸਕੀਮ ਵੀ ਲਾਂਚ ਕੀਤੀ ਹੈ। ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਦਾਅਵਾ ਕੀਤਾ ਸੀ ਕਿ ਇਸ ਨਾਲ ਲੋਕਾਂ ਵਿਚ ਜਾਗਰੂਕਤਾ ਵਧੇਗੀ। ਇਸ ਨਾਲ ਟੈਕਸ ਦੀ ਵਸੂਲੀ ਵੀ ਵਧੇਗੀ ਅਤੇ ਗਾਹਕ ਵੀ ਦੁਕਾਨਦਾਰਾਂ ਤੋਂ ਬਿੱਲ ਵਸੂਲਣ ਲਈ ਪ੍ਰੇਰਿਤ ਹੋਣਗੇ।

ਬਿੱਲ ਲਿਆਉ ਇਨਾਮ ਸਕੀਮ ਦੇ ਤਹਿਤ, ਕੋਈ ਵੀ ਵਿਅਕਤੀ ਜਿਸ ਨੇ ਪੰਜਾਬ ਵਿਚ ਕੋਈ ਵਸਤੂ ਖਰੀਦੀ ਹੈ ਅਤੇ ਉਸ ਕੋਲ ਬਿੱਲ/ਕੈਸ਼ ਮੀਮੋ/ਰਿਟੇਲ ਇਨਵੌਇਸ ਹੈ, ਉਹ ਇਸ ਸਕੀਮ ਦਾ ਲਾਭ ਲੈ ਸਕਦਾ ਹੈ ਅਤੇ ਬਿੱਲ ਦੀ ਕੀਮਤ ਘੱਟੋ-ਘੱਟ 200 ਰੁਪਏ ਹੋਣੀ ਚਾਹੀਦੀ ਹੈ। ਇਹ ਸਕੀਮ ਵਪਾਰਕ ਲੈਣ-ਦੇਣ ‘ਤੇ ਲਾਗੂ ਨਹੀਂ ਹੈ ਅਤੇ ਇਹ ਸਕੀਮ ਪੈਟਰੋਲੀਅਮ ਅਤੇ ਸ਼ਰਾਬ ‘ਤੇ ਵੀ ਲਾਗੂ ਨਹੀਂ ਹੋਵੇਗੀ।

ਘੱਟੋ-ਘੱਟ 200 ਰੁਪਏ ਦੀ ਖਰੀਦਦਾਰੀ ਕਰਨ ‘ਤੇ 10,000 ਰੁਪਏ ਤੱਕ ਦੇ ਇਨਾਮ ਵੀ ਦਿੱਤੇ ਜਾਣਗੇ। ਜੇਕਰ ਕੋਈ ਗਾਹਕ 200 ਰੁਪਏ ਦੀ ਕੋਈ ਚੀਜ਼ ਖਰੀਦਦਾ ਹੈ ਤਾਂ ਉਸ ਨੂੰ 1,000 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਵੱਧ ਤੋਂ ਵੱਧ ਦਸ ਹਜ਼ਾਰ ਰੁਪਏ ਤੱਕ ਦਾ ਇਨਾਮ ਹੋਵੇਗਾ। ਪੰਜਾਬ ਸਰਕਾਰ ਵੱਲੋਂ ਹਰ ਮਹੀਨੇ ਡਰਾਅ ਕੱਢਿਆ ਜਾਵੇਗਾ ਅਤੇ ਡਰਾਅ ਲਈ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲਾ ਡਰਾਅ 7 ਅਕਤੂਬਰ ਨੂੰ ਕੱਢਿਆ ਜਾਵੇਗਾ।
ਪੰਜਾਬ ਸਰਕਾਰ ਹਰ ਮਹੀਨੇ ਕੁੱਲ 29 ਲੱਖ ਰੁਪਏ ਦਾ ਇਨਾਮ ਦੇਵੇਗੀ। ਡਰਾਅ ਹਰ ਮਹੀਨੇ ਦੇ ਪਹਿਲੇ ਹਫ਼ਤੇ ਕੱਢਿਆ ਜਾਵੇਗਾ। ਪਰ ਜੇਕਰ ਇਕ ਮਹੀਨੇ ਵਿਚ ਡਰਾਅ ਨਿਕਲਦਾ ਹੈ ਤਾਂ ਇਕ ਵਿਅਕਤੀ ਇਨਾਮ ਦਾ ਹੱਕਦਾਰ ਹੋਵੇਗਾ।

ਗਾਹਕ ਨੂੰ ਮਾਈ ਬਿੱਲ ਐਪ ਵਿਚ ਬਿੱਲ/ਕੈਸ਼ ਮੀਮੋ/ਰਿਟੇਲ ਇਨਵੌਇਸ ਦੇ ਵੇਰਵੇ ਦਰਜ ਕਰਨੇ ਪੈਣਗੇ। ਗਾਹਕ ਨੂੰ ਫੋਟੋ ਦੇ ਨਾਲ ਡੀਲਰ ਦਾ GSTIN, ਡੀਲਰ ਦਾ ਪਤਾ, ਬਿੱਲ ਅਤੇ ਚਲਾਨ ਨੰਬਰ ਅਤੇ ਬਿੱਲ ਅਤੇ ਚਲਾਨ ਦੀ ਰਕਮ ਵੀ ਦਰਜ ਕਰਨੀ ਹੋਵੇਗੀ। ਜਿਸ ਮਹੀਨੇ ਖਰੀਦਦਾਰੀ ਕੀਤੀ ਗਈ ਹੈ, ਉਸ ਮਹੀਨੇ ਐਪ ਵਿਚ ਵੇਰਵੇ ਦਰਜ ਕਰਨੇ ਹੋਣਗੇ, ਤਾਂ ਹੀ ਗਾਹਕ ਇਨਾਮ ਲਈ ਯੋਗ ਹੋਵੇਗਾ।

ਹਰ ਮਹੀਨੇ ਹਰ ਜ਼ਿਲ੍ਹੇ ਵਿਚ 10 ਇਨਾਮ ਦਿਤੇ ਜਾਣਗੇ।  ਇਨਾਮ ਦਾ ਦਾਅਵਾ ਕਰਨ ਦੀ ਪ੍ਰਕਿਰਿਆ ਡਰਾਅ ਕਮੇਟੀ ਦੀ ਮੌਜੂਦਗੀ ਵਿਚ ਇਲੈਕਟ੍ਰਾਨਿਕ ਤਰੀਕੇ ਨਾਲ ਕੀਤੀ ਜਾਵੇਗੀ। ਜੇਤੂਆਂ ਦੀ ਸੂਚੀ ਵੈਬਸਾਈਟ ‘ਤੇ ਪ੍ਰਦਰਸ਼ਤ ਕੀਤੀ ਜਾਵੇਗੀ। ਜੇਤੂਆਂ ਦੇ ਮੋਬਾਈਲ ਫੋਨਾਂ ‘ਤੇ ਸੂਚਨਾ ਭੇਜੀ ਜਾਵੇਗੀ। ਇਨਾਮ ਦਾ ਦਾਅਵਾ ਕਰਨ ਲਈ, ਵਿਜੇਤਾ ਨੂੰ ਅਪਣਾ ਬੈਂਕ ਖਾਤਾ ਨੰਬਰ ਅਤੇ IFSC ਕੋਡ ਐਪ ‘ਤੇ ਅਪਲੋਡ ਕਰਨਾ ਹੋਵੇਗਾ। ਇਹ ਐਪ ਅਤੇ ਸਕੀਮ ਟੈਕਸ ਚੋਰੀ ਨੂੰ ਰੋਕਣ ਲਈ ਸਰਕਾਰ ਦਾ ਇਕ ਬਹੁਤ ਹੀ ਮਹੱਤਵਪੂਰਨ ਕਦਮ ਹੈ, ਇਸ ਨਾਲ ਨਾ ਸਿਰਫ ਟੈਕਸ ਚੋਰੀ ਘੱਟ ਹੋਵੇਗੀ, ਸਗੋਂ ਗਾਹਕ ਵੀ ਜਾਗਰੂਕ ਹੋਣਗੇ ਅਤੇ ਦੁਕਾਨਦਾਰ ਤੋਂ ਬਿੱਲ ਲੈਣਗੇ। ਜਿਸ ਨਾਲ ਗ੍ਰਾਹਕ ਅਤੇ ਸਰਕਾਰ ਦੋਵਾਂ ਨੂੰ ਫਾਇਦਾ ਹੋਵੇਗਾ।

ਇਸ ਖ਼ਬਰ ਬਾਰੇ ਕੁਮੈਂਟ ਕਰੋ-