ਦੇਸ਼-ਵਿਦੇਸ਼

ਪਹਿਲਵਾਨਾਂ ਦੇ ਵਕੀਲ ਨੇ ਜਾਂਚ ‘ਤੇ ਚੁੱਕੇ ਸਵਾਲ, ਕਿਹਾ- ਸ਼ਿਕਾਇਤਕਰਤਾਵਾਂ ਦੇ ਬਿਆਨ ਦਰਜ ਕਰਨ ਦਾ ਤਰੀਕਾ ਸਹੀ ਨਹੀਂ

ਨਵੀਂ ਦਿੱਲੀ – ਬ੍ਰਿਜ ਭੂਸ਼ਣ ਸ਼ਰਨ ਸਿੰਘ ‘ਤੇ ਲੱਗੇ  ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ‘ਤੇ ਸ਼ੁੱਕਰਵਾਰ ਨੂੰ ਸੁਣਵਾਈ ਹੋਈ। ਬ੍ਰਿਜ ਭੂਸ਼ਣ ਸ਼ਰਨ ਸਿੰਘ ਵੀ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਵਿਚ ਸੁਣਵਾਈ ਦੌਰਾਨ ਮੌਜੂਦ ਸਨ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 16 ਸਤੰਬਰ ਨੂੰ ਹੋਵੇਗੀ। ਸੁਣਵਾਈ ਦੌਰਾਨ ਦਿੱਲੀ ਪੁਲਿਸ ਦੇ ਵਕੀਲ ਨੇ ਅਦਾਲਤ ਤੋਂ ਆਪਣੀਆਂ ਦਲੀਲਾਂ ਪੇਸ਼ ਕਰਨ ਲਈ ਸਮਾਂ ਮੰਗਿਆ ਹੈ। ਸੁਣਵਾਈ ਦੌਰਾਨ ਵਕੀਲ ਰੇਬੇਕਾ ਜੌਹਨ ਨੇ ਮਹਿਲਾ ਪਹਿਲਵਾਨਾਂ ਵੱਲੋਂ ਜਿਰ੍ਹਾ ਸ਼ੁਰੂ ਕੀਤੀ।

ਮਹਿਲਾ ਪਹਿਲਵਾਨਾਂ ਦੇ ਵਕੀਲ ਨੇ ਕਿਹਾ ਕਿ ਸਾਰੇ ਮਾਮਲੇ ਇਕ ਹੀ ਵਿਅਕਤੀ ਖਿਲਾਫ਼ ਦਰਜ ਕੀਤੇ ਗਏ ਹਨ। ਸਾਰੇ ਸ਼ਿਕਾਇਤਕਰਤਾਵਾਂ ਨੇ ਇੱਕੋ ਕਿਸਮ ਦੇ ਅਪਰਾਧ ਬਾਰੇ ਦੱਸਿਆ ਹੈ। ਜੇਕਰ ਕਿਸੇ ਦੋਸ਼ੀ ਵੱਲੋਂ ਇੱਕ ਤੋਂ ਵੱਧ ਅਪਰਾਧ ਕੀਤੇ ਜਾਂਦੇ ਹਨ ਤਾਂ ਦੋਸ਼ੀ ਨੂੰ ਸਾਰੇ ਦੋਸ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਵਿਦੇਸ਼ ਵਿਚ ਕੋਈ ਅਪਰਾਧ ਹੁੰਦਾ ਹੈ ਤਾਂ ਮੁਕੱਦਮਾ ਚਲਾਉਣ ਲਈ ਇਜਾਜ਼ਤ ਦੀ ਲੋੜ ਹੁੰਦੀ ਹੈ, ਜੇਕਰ ਦੇਸ਼ ਵਿਚ ਅਪਰਾਧ ਹੁੰਦਾ ਹੈ ਤਾਂ ਇਸ ਦੀ ਲੋੜ ਨਹੀਂ ਹੁੰਦੀ।

ਐਡਵੋਕੇਟ ਰੇਬੇਕਾ ਜੌਹਨ ਨੇ ਕਿਹਾ ਕਿ ਨਿਯਮਾਂ ਮੁਤਾਬਕ ਕੋਈ ਵੀ ਓਵਰ ਸਾਈਟ ਕਮੇਟੀ ਨਹੀਂ  ਬਣਾਈ ਗਈ, ਜੋ ਵੀ ਰਿਪੋਰਟ ਬਣੀ, ਉਸ ਦਾ ਕੋਈ ਨਤੀਜਾ ਨਹੀਂ ਨਿਕਲਿਆ। ਵੀਡੀਓ ਰਿਕਾਰਡਿੰਗ ਨੂੰ ਵਾਰ-ਵਾਰ ਰੋਕਿਆ ਗਿਆ ਹੈ। ਕਮੇਟੀ ਨੇ ਸਿਰਫ਼ ਰਿਪੋਰਟ ਦਿੱਤੀ ਹੈ ਕਿ ਕਿਸ ਨੇ ਕੀ ਕਿਹਾ, ਉਨ੍ਹਾਂ ਦਾ ਆਪਣਾ ਕੋਈ ਸਿੱਟਾ ਨਹੀਂ ਨਿਕਲਿਆ।

ਓਵਰ ਸਾਈਟ ਕਮੇਟੀ ਵਿਚ ਕਿਸੇ ਵੀ ਬਾਹਰੀ ਵਿਅਕਤੀ ਨੂੰ ਸ਼ਾਮਲ ਨਹੀਂ ਕੀਤਾ ਗਿਆ ਜੋ ਐਨਜੀਓ ਨਾਲ ਜੁੜਿਆ ਹੋਵੇ। ਰੇਬੇਕਾ ਜੌਹਨ ਨੇ ਕਿਹਾ ਕਿ ਉਸ ਸਮੇਂ ਗੁੱਸਾ ਸੀ, ਜਿਸ ਕਾਰਨ ਇਕ ਕਮੇਟੀ ਬਣਾਈ ਗਈ ਸੀ। ਕਮੇਟੀ ਨੇ ਆਪਣੀ ਰਿਪੋਰਟ ਵਿਚ ਬ੍ਰਿਜ ਭੂਸ਼ਣ ਨੂੰ ਕਲੀਨ ਚਿੱਟ ਨਹੀਂ ਦਿੱਤੀ ਹੈ। ਜਿਸ ਤਰ੍ਹਾਂ ਸ਼ਿਕਾਇਤਕਰਤਾਵਾਂ ਦੇ ਬਿਆਨ ਦਰਜ ਕੀਤੇ ਗਏ, ਉਹ ਸਹੀ ਨਹੀਂ ਹੈ। ਇਹ ਸਿਰਫ਼ ਸਮੇਂ ਦੀ ਬਰਬਾਦੀ ਸੀ। ਐਫ.ਆਈ.ਆਰ. ਵਿਚ ਦਰਜ ਦੋਸ਼ ਅਤੇ ਚਾਰਜਸ਼ੀਟ ਵਿੱਚ ਦੱਸੀਆਂ ਗਈਆਂ ਗੱਲਾਂ ਮੁਲਜ਼ਮਾਂ ਖ਼ਿਲਾਫ਼ ਦੋਸ਼ ਤੈਅ ਕਰਨ ਲਈ ਕਾਫ਼ੀ ਹਨ। ਇਸ ਅਦਾਲਤ ਦਾ ਵੀ ਅਧਿਕਾਰ ਖੇਤਰ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-