ਪੰਚਾਇਤਾਂ ਭੰਗ ਕਰਨ ਦੇ ‘ਸਿਆਸੀ ਫੈਸਲੇ’ ਲਈ ਆਈ.ਏ.ਐਸ. ਅਧਿਕਾਰੀਆਂ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ-ਬਲਬੀਰ ਸਿੱਧੂ
ਸਾਹਿਬਜ਼ਾਦਾ ਅਜੀਤ ਸਿੰਘ ਨਗਰ: ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਤੇ ਸੂਬੇ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਪੰਚਾਇਤਾਂ ਭੰਗ ਦੇ ਮਾਮਲੇ ਵਿਚ ਦੋ ਸੀਨੀਅਰ ਆਈ.ਏ.ਐਸ. ਅਧਿਕਾਰੀਆਂ ਨੂੰ ਮੁਅੱਤਲ ਕਰ ਕੇ ਪੰਜਾਬ ਸਰਕਾਰ ਨੇ ਜਿਥੇ ਅਪਣੀਆਂ ਤਾਨਾਸ਼ਾਹੀ ਰੁਚੀਆਂ ਦਾ ਪ੍ਰਗਟਾਵਾ ਕੀਤਾ ਹੈ, ਉਥੇ ਮਹਿਜ਼ ਅਧਿਕਾਰੀਆਂ ਨੂੰ ਬਲੀ ਦਾ ਬੱਕਰਾ ਬਣਾ ਕੇ ਇਸ ਗੈਰ ਕਾਨੂੰਨੀ ਫੈਸਲੇ ਲਈ ਅਸਲ ਜ਼ਿੰਮੇਵਾਰ “ਸਿਆਸੀ ਅਹੁਦੇਦਾਰਾਂ” ਨੂੰ ਅੱਖੋਂ ਪਰੋਖੇ ਕਰ ਦਿਤਾ ਹੈ।
ਸਾਬਕਾ ਸਿਹਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਜਾਣਕਾਰੀ ਅਨੁਸਾਰ ਪੰਚਾਇਤਾਂ ਭੰਗ ਕਰਨ ਦੇ ਫੈਸਲੇ ਲਈ ਨੋਟੀਫੀਕੇਸ਼ਨ ਜਾਰੀ ਕਰਨ ਦੀ ਫਾਈਲ ਉਤੇ ਵਿਭਾਗ ਦੇ ਮੰਤਰੀ ਅਤੇ ਮੁੱਖ ਮੰਤਰੀ ਨੇ ਅਪਣੀ ਸਹੀ ਪਾਈ ਸੀ। ਇਸ ਲਈ ਇਸ ਗੈਰ-ਕਾਨੂੰਨੀ ਫੈਸਲੇ ਲਈ ਉਹ ਵੀ ਬਰਾਬਰ ਦੇ ਜ਼ਿੰਮੇਵਾਰ ਹਨ। ਭਾਜਪਾ ਆਗੂ ਨੇ ਕਿਹਾ ਕਿ ਪਹਿਲਾਂ ਪੰਚਾਇਤਾਂ ਭੰਗ ਕਰਨ, ਫਿਰ ਫੈਸਲਾ ਵਾਪਸ ਲੈਣ ਅਤੇ ਇਸ ਮਾਮਲੇ ਵਿਚ ਦੋ ਸੀਨੀਅਰ ਆਈ.ਏ.ਐਸ. ਅਧਿਕਾਰੀਆਂ ਨੂੰ ਮੁਅੱਤਲ ਕਰਨ ਦੀਆਂ ਘਟਨਾਵਾਂ ਨੇ ਇਹ ਸਿਧ ਕਰ ਦਿਤਾ ਹੈ ਕਿ ਭਗਵੰਤ ਮਾਨ ਸਰਕਾਰ ਵਿਚ “ਸਭ ਅੱਛਾ ਨਹੀਂ” ਹੈ।
ਸਿੱਧੂ ਨੇ ਕਿਹਾ ਕਿ ਸਰਕਾਰ ਦਾ ਸੂਬੇ ਦੇ ਗਵਰਨਰ ਅਤੇ ਮੁਲਾਜ਼ਮਾਂ ਨਾਲ ਚੱਲ ਰਿਹਾ ਮੰਦਭਾਗਾ ਟਕਰਾਅ ਵੀ ਅਜਿਹੀ ਸਥਿਤੀ ਦੀ ਹੀ ਉਪਜ ਹਨ। ਉਨ੍ਹਾਂ ਕਿਹਾ ਕਿ ਐਸਮਾ ਵਰਗੇ ਕਾਲੇ ਕਾਨੂੰਨ ਦੇ ਡੰਡੇ ਨਾਲ ਕੋਈ ਸਰਕਾਰ ਆਪਣੇ ਮੁਲਾਜ਼ਮਾਂ ਨੂੰ ਦਫ਼ਤਰਾਂ ਵਿਚ ਤਾਂ ਬੁਲਾ ਸਕਦੀ ਹੈ, ਪਰ ਉਨ੍ਹਾਂ ਤੋਂ ਕੰਮ ਨਹੀਂ ਕਰਵਾ ਸਕਦੀ। ਇਸ ਲਈ ਸਰਕਾਰ ਨੂੰ ਤੁਰੰਤ ਐਸਮਾ ਵਾਪਸ ਲੈ ਕੇ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਮੰਨਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਜੀਅ-ਜਾਨ ਨਾਲ ਕੰਮ ਕਰਨ।