ਪ੍ਰਾਇਮਰੀ ਸਕੂਲ ਦੀ ਅਧਿਆਪਿਕਾ ਦੀ ਭੇਦਭਰੀ ਮੌਤ, ਪੱਖੇ ਨਾਲ ਲਮਕਦੀ ਮਿਲੀ
ਮਾਛੀਵਾੜਾ ਸਾਹਿਬ: ਮਾਛੀਵਾੜਾ ਸਾਹਿਬ ਦੇ ਨੇੜਲੇ ਪਿੰਡ ਪੰਜਗਰਾਈਆਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਅਧਿਆਪਿਕਾ ਦੀ ਲਾਸ਼ ਪੱਖੇ ਨਾਲ ਲਮਕਦੀ ਮਿਲੀ ਹੈ ਅਧਿਆਪਿਕਾ ਦੀ ਪਹਿਚਾਣ ਸਿਮਰਨਜੀਤ ਕੌਰ (22) ਵਾਸੀ ਟਾਂਡਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਪੰਜਗਰਾਈਆਂ ਸਕੂਲ ਵਿਚ 2 ਵਜੇ ਛੁੱਟੀ ਹੋਈ ਅਤੇ ਬੱਚੇ ਆਪਣੇ ਘਰਾਂ ਨੂੰ ਪਰਤ ਰਹੇ ਸਨ ਕਿ ਇਸ ਦੌਰਾਨ ਸਕੂਲ ਵਿਚ ਬੱਚਿਆਂ ਨੂੰ ਲੈਣ ਆਏ ਇਕ ਵਿਅਕਤੀ ਨੇ ਜਦੋਂ ਕਲਾਸ ਰੂਮ ਵਿਚ ਸਿਮਰਨਜੀਤ ਕੌਰ ਨੂੰ ਪੱਖੇ ਨਾਲ ਲਟਕਦੇ ਦੇਖਿਆ ਤਾਂ ਉਸਨੇ ਤੁਰੰਤ ਰੌਲਾ ਪਾਇਆ ਤਾਂ ਇਸ ਦੌਰਾਨ ਸਕੂਲ ਵਿਚ ਮੌਜੂਦ ਪ੍ਰਿੰਸੀਪਲ ਅਤੇ ਹੋਰ ਸਟਾਫ਼ ਵੀ ਭੱਜੇ ਆਏ ਜਿਨ੍ਹਾਂ ਨੇ ਅਧਿਆਪਿਕਾ ਦੇ ਗਲ ਤੋਂ ਫਾਹਾ ਲਾਹਿਆ ਪਰ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ।
ਮ੍ਰਿਤਕ ਲੜਕੀ ਦੇ ਪਿਤਾ ਮੋਹਣ ਸਿੰਘ ਨੇ ਦੱਸਿਆ ਕਿ ਸਿਮਰਨਜੀਤ ਕੌਰ ਨੇ ਈ.ਟੀ.ਟੀ. ਦਾ ਕੋਰਸ ਕੀਤਾ ਹੋਇਆ ਸੀ ਅਤੇ ਉਹ ਪਿਛਲੇ 1 ਸਾਲ ਤੋਂ ਨੇੜਲੇ ਪਿੰਡ ਪੰਜਗਰਾਈਆਂ ਵਿਖੇ ਸਰਕਾਰੀ ਸਕੂਲ ਵਿਚ ਪ੍ਰਾਈਵੇਟ ਤੌਰ ’ਤੇ ਅਧਿਆਪਿਕਾ ਵਜੋਂ ਡਿਊਟੀ ਨਿਭਾਅ ਰਹੀ ਸੀ। ਉਨ੍ਹਾਂ ਦੱਸਿਆ ਕਿ ਲੜਕੀ ਬਹੁਤ ਹੋਣਹਾਰ ਸੀ ਜੋ ਕਿ ਨਾਲ-ਨਾਲ ਬੀ.ਏ. ਦੀ ਪੜ੍ਹਾਈ ਵੀ ਕਰ ਰਹੀ ਸੀ।