ਪੱਛਮੀ ਪੰਜਾਬ ਵਿਚ ISIS ਦੀਆਂ 5 ਮਹਿਲਾ ਅੱਤਵਾਦੀ ਗ੍ਰਿਫ਼ਤਾਰ
ਲਾਹੌਰ: ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਅਤਿਵਾਦੀ ਸੰਗਠਨ ਇਸਲਾਮਿਕ ਸਟੇਟ (ਆਈ.ਐਸ.ਆਈ.ਐਸ.) ਦੀਆਂ ਪੰਜ ਮਹਿਲਾ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਪੁਲਿਸ ਨੇ ਮਹਿਲਾ ਅਤਿਵਾਦੀਆਂ ਦੀ ਗ੍ਰਿਫ਼ਤਾਰੀ ਕੀਤੀ ਗਈ ਹੋਵੇ। ਪੰਜਾਬ ਪੁਲਿਸ ਦੇ ਕਾਊਂਟਰ ਟੈਰਰਿਜ਼ਮ ਵਿਭਾਗ ਨੇ ਦਸਿਆ ਕਿ ਇਕ ਗੁਪਤ ਸੂਚਨਾ ’ਤੇ ਕਾਰਵਾਈ ਕਰਦਿਆਂ ਲਾਹੌਰ ਅਤੇ ਸ਼ੇਖੁਪੂਰਾ ਤੋਂ ਇਨ੍ਹਾਂ 5 ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਜਾਰੀ ਬਿਆਨ ਵਿਚ ਦਸਿਆ ਗਿਆ ਕਿ ਇਨ੍ਹਾਂ ਕੋਲੋਂ ਹਥਿਆਰ, ਨਕਦੀ, ਪਾਬੰਦੀਸ਼ੁਦਾ ਸਾਹਿਤ ਅਤੇ ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ। ਬਿਆਨ ਵਿਚ ਕਿਹਾ ਗਿਆ ਹੈ ਕਿ ਔਰਤਾਂ ਆਈ.ਐਸ.ਆਈ.ਐਸ. ਦੀਆਂ ਸਰਗਰਮ ਮੈਂਬਰ ਹਨ ਅਤੇ ਦੇਸ਼ ਵਿਚ ਅਤਿਵਾਦੀ ਗਤੀਵਿਧੀਆਂ ਵਿਚ ਸ਼ਾਮਲ ਰਹੀਆਂ ਹਨ।
ਗ੍ਰਿਫ਼ਤਾਰ ਅਤਿਵਾਦੀਆਂ ਦੀ ਪਛਾਣ ਏਮਾਨ, ਜਵੇਰੀਆ, ਸਾਦੀਆ, ਫੈਜ਼ਾ ਅਤੇ ਫਖਰਾ ਵਜੋਂ ਹੋਈ ਹੈ। ਉਨ੍ਹਾਂ ਵਿਰੁਧ ਅਤਿਵਾਦ ਦੇ ਮਾਮਲੇ ਦਰਜ ਹਨ। ਉਨ੍ਹਾਂ ਨੂੰ ਅਗਲੇਰੀ ਜਾਂਚ ਲਈ ਕਿਸੇ ਅਣਦੱਸੀ ਥਾਂ ‘ਤੇ ਭੇਜ ਦਿਤਾ ਗਿਆ ਹੈ। ਪਿਛਲੇ ਮਹੀਨੇ, ਸੀ.ਟੀ.ਡੀ. ਨੇ 20 ਤੋਂ ਵੱਧ ਅਤਿਵਾਦੀਆਂ ਨੂੰ ਗ੍ਰਿਫਤਾਰ ਕੀਤਾ ਸੀ ਜੋ ਦੇਸ਼ ਭਰ ਵਿਚ ਮਹੱਤਵਪੂਰਨ ਸੰਸਥਾਵਾਂ ਅਤੇ ਧਾਰਮਕ ਸਥਾਨਾਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਸਨ। ਇਨ੍ਹਾਂ ਵਿਚੋਂ ਜ਼ਿਆਦਾਤਰ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਅਤੇ ਆਈ.ਐਸ.ਆਈ.ਐਸ. ਨਾਲ ਸਬੰਧਤ ਸਨ।