ਪੰਜਾਬ

ਕੋਟਕਪੂਰਾ ਗੋਲੀ ਕਾਂਡ ਮਾਮਲਾ: ਅਦਾਲਤ ਵਿਚ ਪੇਸ਼ ਹੋਏ ਸੁਖਬੀਰ ਬਾਦਲ, 16 ਸਤੰਬਰ ਨੂੰ ਅਗਲੀ ਸੁਣਵਾਈ

sukhbir badal

ਫਰੀਦਕੋਟ: ਬਰਗਾੜੀ ਬੇਅਦਬੀ ਮਾਮਲੇ ਨਾਲ ਸਬੰਧਤ ਕੋਟਕਪੂਰਾ ਗੋਲੀ ਕਾਂਡ ਦੀ ਸੁਣਵਾਈ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼ਨੀਵਾਰ ਦੁਪਹਿਰ ਅਦਾਲਤ ਵਿਚ ਪੇਸ਼ ਹੋਏ। ਅਦਾਲਤ ‘ਚ ਸੁਣਵਾਈ ਦੌਰਾਨ ਮਾਮਲੇ ਦੇ ਮੁਲਜ਼ਮ ਗੁਰਦੀਪ ਸਿੰਘ ਪੰਧੇਰ ਵੀ ਅਦਾਲਤ ਪਹੁੰਚੇ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 16 ਸਤੰਬਰ ਨੂੰ ਹੋਵੇਗੀ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਸ ਮਾਮਲੇ ਵਿਚ ਐਸ.ਆਈ.ਟੀ. ਵਲੋਂ ਸੋਮਵਾਰ ਦੁਪਹਿਰ ਨੂੰ ਅਦਾਲਤ ਵਿਚ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਗਿਆ ਸੀ। ਏ.ਡੀ.ਜੀ.ਪੀ. ਐਲ.ਕੇ. ਯਾਦਵ ਦੀ ਅਗਵਾਈ ਵਾਲੀ ਐਸ.ਆਈ.ਟੀ. ਨੇ ਅਦਾਲਤ ਵਿਚ 2500 ਪੰਨਿਆਂ ਦਾ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਹੈ। ਹਾਲਾਂਕਿ, ਇਸ ਮਾਮਲੇ ਵਿਚ ਮੁੱਖ ਚਲਾਨ ਐਸ.ਆਈ.ਟੀ. ਨੇ 24 ਫਰਵਰੀ 2024 ਨੂੰ ਪੇਸ਼ ਕੀਤਾ ਸੀ। ਇਸ ਤੋਂ ਬਾਅਦ ਪਹਿਲਾ ਸਪਲੀਮੈਂਟਰੀ ਚਲਾਨ 25 ਅਪ੍ਰੈਲ ਨੂੰ ਪੇਸ਼ ਕੀਤਾ ਗਿਆ ਅਤੇ ਹੁਣ 28 ਅਗਸਤ ਨੂੰ ਦੂਜਾ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਗਿਆ। ਕੋਟਕਪੂਰਾ ਗੋਲੀ ਕਾਂਡ ਵਿਚ ਕੇਸ ਦਰਜ 24 ਫਰਵਰੀ 2022 ਨੂੰ ਫਰੀਦਕੋਟ ਅਦਾਲਤ ਵਿਚ 7 ​​ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਗਈ ਸੀ।

ਚਲਾਨ ਵਿਚ ਐਸ.ਆਈ.ਟੀ. ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ, ਤਤਕਾਲੀ ਡੀ.ਜੀ.ਪੀ. ਸੁਮੇਧ ਸਿੰਘ ਸੈਣੀ, ਤਤਕਾਲੀ ਆਈ.ਜੀ. ਪਰਮਰਾਜ ਉਮਰਾਨੰਗਲ, ਐਸ.ਐਸ.ਪੀ. ਮੋਗਾ ਚਰਨਜੀਤ ਸ਼ਰਮਾ, ਐਸ.ਐਸ.ਪੀ. ਫਰੀਦਕੋਟ ਸੁਖਮੰਦਰ ਮਾਨ, ਡੀ.ਆਈ.ਜੀ. ਫ਼ਿਰੋਜ਼ਪੁਰ ਅਮਰ ਸਿੰਘ ਚਾਹਲ ਅਤੇ ਤਤਕਾਲੀ ਐਸ.ਐਚ.ਓ. ਸਿਟੀ ਕੋਟਕਪੂਰਾ ਗੁਰਦੀਪ ਸਿੰਘ ਨੂੰ ਮੁਲਜ਼ਮ ਬਣਾਇਆ ਗਿਆ ਹੈ।

ਤਤਕਾਲੀ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਇਸ ਘਟਨਾ ਦੇ ਮੁੱਖ ਸਾਜ਼ਸ਼ਕਰਤਾ ਵਜੋਂ ਨਾਮਜ਼ਦ ਕੀਤਾ ਗਿਆ ਹੈ। ਜਦਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਸਾਜ਼ਸ਼ ਨੂੰ ਅੰਜਾਮ ਦੇਣ ‘ਚ ਮਦਦ ਕਰਨ ਦਾ ਇਲਜ਼ਾਮ ਹੈ। ਤਤਕਾਲੀ ਆਈ.ਜੀ. ਉਮਰਾਨੰਗਲ, ਡੀ.ਆਈ.ਜੀ. ਫ਼ਿਰੋਜ਼ਪੁਰ ਅਮਰ ਸਿੰਘ ਚਾਹਲ ਅਤੇ ਐਸ.ਐਸ.ਪੀ. ਮੋਗਾ ਚਰਨਜੀਤ ਸਿੰਘ ਸ਼ਰਮਾ ‘ਤੇ ਸਾਜ਼ਸ਼ ਨੂੰ ਅੰਜਾਮ ਦੇਣ ਦਾ ਇਲਜ਼ਾਮ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-