ਸਨਾਤਨ ਧਰਮ ਬਾਰੇ ਸਟਾਲਿਨ ਦੇ ਸੰਬੋਧਨ ’ਤੇ ਭੜਕੇ ਭਾਜਪਾ ਆਗੂ
ਚਿੱਤਰਕੂਟ: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਜੇ.ਪੀ. ਨੱਢਾ ਨੇ ਐਤਵਾਰ ਨੂੰ ਵਿਰੋਧੀ ਗਠਜੋੜ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਐਕਸਕਲੂਸਿਵ ਅਲਾਇੰਸ’ (ਇੰਡੀਆ) ’ਤੇ ‘ਘ੍ਰਿਣਾ’ ਅਤੇ ‘ਨਫ਼ਰਤ’ ਫੈਲਾਉਣ ਅਤੇ ਭਾਰਤ ਦੇ ਸਭਿਆਚਾਰ ਤੇ ਪਰੰਪਰਾ ’ਤੇ ਹਮਲਾ ਕਰਨ ਦਾ ਦੋਸ਼ ਲਾਉਂਦਿਆਂ ਲੋਕਾਂ ਨੂੰ ਇਸ ਨੂੰ ਖ਼ਾਰਜ ਕਰਨ ਦੀ ਅਪੀਲ ਕੀਤੀ।
ਮੱਧ ਪ੍ਰਦੇਸ਼ ’ਚ ਇਸ ਸਾਲ ਦੇ ਅੰਤ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੇ ਚਿੱਤਰਕੂਟ ਸ਼ਹਿਰ ’ਚ ਕਰਵਾਏ ਇਕ ਪ੍ਰੋਗਰਾਮ ’ਚ ਨੱਢਾ ਨੇ ਕਿਹਾ, ‘‘ਐਨ.ਡੀ.ਏ. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ’ਚ ਪੂਰੀ ਤਾਕਤ ਨਾਲ ਭਾਰਤ ਨੂੰ ਵਿਕਸਤ ਬਣਾਉਣ ’ਚ ਲਗਿਆ ਹੈ, ਪਰ ਦੂਜੇ ਪਾਸੇ ਦੋ-ਤਿੰਨ ਦਿਨ ਪਹਿਲਾਂ ਮੁੰਬਈ ’ਚ ਬੈਠਕ ਕਰਨ ਵਾਲਾ ‘ਇੰਡੀਆ’ ਗਠਜੋੜ ਸਾਡੇ ਧਰਮ, ਸਭਿਆਚਾਰ ਅਤੇ ਸੰਸਕਾਰਾਂ ’ਤੇ ਡੂੰਘਾ ਹਮਲਾ ਕਰ ਰਿਹਾ ਹੈ।’’
ਉਨ੍ਹਾਂ ਕਿਹਾ, ‘‘ਘਮੰਡੀਆ ਗਠਜੋੜ ਦਾ ਸਭ ਤੋਂ ਵੱਡਾ ਘਟਕ ਡੀ.ਐਮ.ਕੇ. ਦੇ ਐੱਮ.ਕੇ. ਸਟਾਲਿਨ ਦਾ ਪੁੱਤਰ ਉਦੈਨਿਧੀ ਸਟਾਲਿਨ ਸੱਦਾ ਦਿੰਦਾ ਹੈ ਕਿ ਉਹ ਸਨਾਤਨ ਧਰਮ ਨੂੰ ਖ਼ਤਮ ਕਰ ਦੇਣਗੇ।’’
ਨੱਢਾ ਨੇ ਕਿਹਾ, ‘‘ਕੀ ਅਜਿਹੇ ਘਮੰਡੀਆ ਗਠਜੋੜ ਨੂੰ ਰਹਿਣ ਦਾ ਅਧਿਕਾਰ ਹੈ? ਕੀ ਸਨਾਤਨ ਧਰਤ ਨੂੰ ਇਸ ਤਰ੍ਹਾਂ ਖ਼ਤਮ ਹੋਣ ਦੇਵਾਂਗੇ? ਸਟਾਲਿਨ ਦੇ ਪੁੱਤਰ ਨੇ ਇਸ ਦੀ ਤੁਲਨਾ ਡੇਂਗੂ, ਮਲੇਰੀਆ ਅਤੇ ਕੋਰੋਨਾ ਵਾਇਰਸ ਨਾਲ ਕੀਤੀ।’’
ਉਨ੍ਹਾਂ ਵਿਰੋਧੀ ਗਠਜੋੜ ‘ਇੰਡੀਆ’ ’ਤੇ ਵਾਰ ਕਰਦਿਆਂ ਕਿਹਾ, ‘‘ਕੀ ਮੁੰਬਈ ’ਚ ਇਹੀ ਰਣਨੀਤੀ ਤਿਆਰ ਹੋਈ ਸੀ? ਕੀ ਸਨਾਤਨ ਧਰਮ ਨੂੰ ਖ਼ਤਮ ਕਰਨਾ ਹੀ ਇਨ੍ਹਾਂ ਦੀ ਸਿਆਸਤ ਹੈ? ਕੀ ਇਹ ਘਮੰਡੀਆ ਗਠਜੋੜ ਦੀ ਸੋਚੀ ਸਮਝੀ ਰਣਨੀਤੀ ਹੈ?’’
ਵੋਟਬੈਂਕ ਦੀ ਸਿਆਸਤ ਅਤੇ ਪਤਿਆਉਣ ਲਈ ਸਨਾਤਨ ਧਰਮ ਦੀ ਬੇਇੱਜ਼ਤੀ ਕੀਤੀ ਗਈ : ਅਮਿਤ ਸ਼ਾਹ
ਡੁੰਗਰਪੁਰ: ਤਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਦੇ ਪੁੱਤਰ ਉਦੈਨਿਧੀ ਸਟਾਲਿਨ ਦੀ ਟਿਪਣੀ ’ਤੇ ਵਿਵਾਦ ਵਿਚਕਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਵੋਟ ਬੈਂਕ ਦੀ ਸਿਆਸਤ ਅਤੇ ਲੋਕਾਂ ਨੂੰ ਪਤਿਆਉਣ ਲਈ ਸਨਾਤਨ ਧਰਮ ਦੀ ਬੇਇੱਜ਼ਤੀ ਕੀਤੀ ਗਈ ਹੈ।
ਭਾਜਪਾ ਦੀ ਦੂਜੀ ਪਰਿਵਰਤਨ ਸੰਕਲਪ ਯਾਤਰਾ ਦੀ ਸ਼ੁਰੂਆਤ ਮੌਕੇ ਡੂੰਗਰਪੁਰ ਦੇ ਬੇਣੇਸ਼ਵਰ ਧਾਮ ’ਚ ਕੀਤੀ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ, ‘‘ਇਨ੍ਹਾਂ ਲੋਕਾਂ ਨੇ ਵੋਟ ਬੈਂਕ ਅਤੇ ਲੋਕਾਂ ਨੂੰ ਪਤਿਆਉਣ ਦੀ ਸਿਆਸਤ ਲਈ ਸਨਾਤਨ ਧਰਮ ਦੀ ਗੱਲ ਕੀਤੀ ਹੈ। ਉਨ੍ਹਾਂ ਨੇ (ਸਨਾਤਨ ਧਰਮ ਦੀ) ਬੇਇੱਜ਼ਤੀ ਕੀਤੀ ਹੈ।’’ ਉਨ੍ਹਾਂ ਅੱਗੇ ਕਿਹਾ, ‘‘ਉਹ ਕਹਿੰਦੇ ਹਨ ਕਿ ਜੇਕਰ ਮੋਦੀ ਜਿੱਤ ਗਏ ਤਾਂ ਸਨਾਤਨ ਸ਼ਾਸਨ ਆ ਜਾਵੇਗਾ। ਸਨਾਤਨ ਲੋਕਾਂ ਦੇ ਦਿਲਾਂ ’ਤੇ ਰਾਜ ਕਰ ਰਿਹਾ ਹੈ। ਮੋਦੀ ਨੇ ਕਿਹਾ ਕਿ ਦੇਸ਼ ਸੰਵਿਧਾਨ ਦੇ ਆਧਾਰ ’ਤੇ ਚਲੇਗਾ। ਮੋਦੀ ਨੇ ਦੇਸ ਨੂੰ ਸੁਰਖਿਅਤ ਕਰਨ ਲਈ ਕੰਮ ਕੀਤਾ ਹੈ।’’
ਸ਼ਾਹ ਨੇ ਦੋਸ਼ ਲਾਇਆ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ‘ਹਿੰਦੂ ਜਥੇਬੰਦੀਆਂ ਲਸ਼ਕਰ-ਏ-ਤੋਇਬ ਤੋਂ ਵੀ ਜ਼ਿਆਦਾ ਖ਼ਤਰਨਾਕ ਹਨ।’
ਅਯੋਧਿਆ ’ਚ ਰਾਮ ਮੰਦਰ ’ਤੇ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕਈ ਸਾਲਾਂ ਤਕ ਰਾਮ ਮੰਦਰ ਨੂੰ ਬਣਨ ਤੋਂ ਰੋਕੀ ਰਖਿਆ ਪਰ ਅਦਾਲਤ ਦੇ ਹੁਕਮ ਤੋਂ ਬਾਅਦ ਮੋਦੀ ਨੇ ਭੂਮੀ ਪੂਜਨ ਕੀਤਾ ਅਤੇ ਜਨਵਰੀ ’ਚ ਉਸ ਦੀ ਜ਼ਮਨ ’ਤੇ ਜਿੱਥੇ ਰਾਮ ਦਾ ਜਨਮ ਹੋਇਆ ਸੀ, ਵਿਸ਼ਾਲ ਰਾਮ ਮੰਦਰ ਬਣਨ ਜਾ ਰਿਹਾ ਹੈ। ਉਨ੍ਹਾਂ ਕਿਹਾ, ‘‘ਵਿਰੋਧੀ ਗਠਜੋੜ ਇਸ ਨੂੰ ਰੋਕ ਨਹੀਂ ਸਕਦਾ।’’