ਜਲੰਧਰ-ਦਿੱਲੀ ਨੈਸ਼ਨਲ ਹਾਈਵੇ ‘ਤੇ ਸੜਕ ਕੇ ਸੁਆਹ ਹੋਏ ਤਿੰਨ ਵਾਹਨ, ਚਾਰੇ ਪਾਸੇ ਹੋਏ ਧੂੰਆ ਹੀ ਧੂੰਆ
ਜਲੰਧਰ: ਜਲੰਧਰ-ਦਿੱਲੀ ਨੈਸ਼ਨਲ ਹਾਈਵੇ ‘ਤੇ ਗੋਰਾਇਆ ਨੇੜੇ ਐਤਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਹਾਈਵੇਅ ‘ਤੇ ਖੜ੍ਹੇ ਕੈਮੀਕਲ ਦੇ ਡਰੰਮਾਂ ਨਾਲ ਭਰੇ ਟਰੱਕ ਨੇ ਟਾਈਲਾਂ ਨਾਲ ਭਰੇ ਟਰੱਕ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਕੈਮੀਕਲ ਨੂੰ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਇਸ ਨੇ ਕਾਰ ਨੂੰ ਵੀ ਆਪਣੀ ਲਪੇਟ ‘ਚ ਲੈ ਲਿਆ।
ਐਸਡੀਐਮ ਅਮਨ ਨੇ ਦੱਸਿਆ ਕਿ ਕੈਮੀਕਲ ਆਇਲ ਦੇ ਡਰੰਮਾਂ ਨਾਲ ਲੱਦਿਆ ਟਰੱਕ ਹਾਈਵੇ ਦੇ ਕਿਨਾਰੇ ਖੜ੍ਹਾ ਸੀ। ਪਿੱਛੇ ਤੋਂ ਟਾਇਲਾਂ ਨਾਲ ਭਰਿਆ ਟਰੱਕ ਆਇਆ। ਇਸ ਦਾ ਡਰਾਈਵਰ ਟਰੱਕ ਤੋਂ ਕੰਟਰੋਲ ਗੁਆ ਬੈਠਾ ਅਤੇ ਕੈਮੀਕਲ ਦੇ ਡਰੰਮਾਂ ਨਾਲ ਭਰੇ ਟਰੱਕ ਨੂੰ ਟੱਕਰ ਮਾਰ ਕੇ 100 ਮੀਟਰ ਤੱਕ ਘਸੀਟਦਾ ਲੈ ਗਿਆ। ਇਸ ਦੌਰਾਨ ਚੰਗਿਆੜੀ ਕਾਰਨ ਕੈਮੀਕਲ ਵਾਲੇ ਟਰੱਕ ਨੂੰ ਅੱਗ ਲੱਗ ਗਈ। ਦੋ ਟਰੱਕਾਂ ਤੋਂ ਇਲਾਵਾ ਇੱਕ ਕਾਰ ਵੀ ਅੱਗ ਦੀ ਲਪੇਟ ਵਿੱਚ ਆ ਗਈ।
ਉਨ੍ਹਾਂ ਦੱਸਿਆ ਕਿ ਫਗਵਾੜਾ ਤੋਂ ਫਾਇਰ ਬ੍ਰਿਗੇਡ ਨੂੰ ਮੌਕੇ ‘ਤੇ ਬੁਲਾ ਕੇ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਇਸ ਸਬੰਧੀ ਨੈਸ਼ਨਲ ਹਾਈਵੇਅ ਅਥਾਰਟੀ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਫਿਲਹਾਲ ਸੜਕ ‘ਤੇ ਤੇਲ-ਕੈਮੀਕਲ ਹੋਣ ਕਾਰਨ ਹਾਈਵੇਅ ਜਾਮ ਹੋ ਗਿਆ ਹੈ। ਨੈਸ਼ਨਲ ਹਾਈਵੇਅ ਅਥਾਰਟੀ ਨੂੰ ਸੜਕ ਤੋਂ ਰਸਾਇਣਕ ਤੇਲ ਹਟਾਉਣ ਲਈ ਕਿਹਾ ਗਿਆ ਹੈ। ਫਿਲਹਾਲ ਸਰਵਿਸ ਲੇਨ ਕਾਫੀ ਖੁੱਲ੍ਹੀ ਹੈ, ਉਥੋਂ ਆਵਾਜਾਈ ਨੂੰ ਕੱਢਿਆ ਜਾ ਰਿਹਾ ਹੈ।