ਫੀਚਰਜ਼ਫ਼ੁਟਕਲ

ਪ੍ਰਧਾਨ ਮੰਤਰੀ ਨੇ ‘ਸਬ ਕਾ ਸਾਥ, ਸਬ ਕਾ ਵਿਕਾਸ’ ਨੂੰ ਕੌਮਾਂਤਰੀ ਭਲਾਈ ਦਾ ਮਾਡਲ ਬਣਾਉਣ ਦਾ ਸੱਦਾ ਦਿਤਾ

ਵੀਂ ਦਿੱਲੀ: ਜੀ-20 ਸੰਮੇਲਨ ’ਚ ਵਿਸ਼ਵ ਨੇਤਾਵਾਂ ਦੀ ਮੇਜ਼ਬਾਨੀ ਕਰਨ ਤੋਂ ਇਕ ਹਫਤਾ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜ਼ੋਰ ਦੇ ਕੇ ਕਿਹਾ ਹੈ ਕਿ ‘ਸਾਰਿਆਂ ਦਾ ਸਾਥ ਸਾਰਿਆਂ ਦਾ ਵਿਕਾਸ’ ਮਾਡਲ ਵਿਸ਼ਵ ਦੀ ਭਲਾਈ ਲਈ ਮਾਰਗਦਰਸ਼ਕ ਸਿਧਾਂਤ ਹੋ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੰਸਾਰ ਦਾ ਜੀ.ਡੀ.ਪੀ.-ਕੇਂਦ੍ਰਿਤ ਨਜ਼ਰੀਆ ਹੁਣ ਮਨੁੱਖ-ਕੇਂਦ੍ਰਿਤ ਦ੍ਰਿਸ਼ਟੀਕੋਣ ’ਚ ਬਦਲ ਰਿਹਾ ਹੈ।

ਮੋਦੀ ਨੇ ਅਪਣੇ ਲੋਕ ਕਲਿਆਣ ਮਾਰਗ ਸਥਿਤ ਰਿਹਾਇਸ਼ ’ਤੇ ਪਿਛਲੇ ਹਫ਼ਤੇ ਇਕ ਵਿਸ਼ੇਸ਼ ਇੰਟਰਵਿਊ ’ਚ ਪੀ.ਟੀ.ਆਈ. ਨੂੰ ਕਿਹਾ, ‘‘ਜੀ.ਡੀ.ਪੀ. ਦਾ ਆਕਾਰ ਭਾਵੇਂ ਕੋਈ ਵੀ ਹੋਵੇ, ਹਰ ਆਵਾਜ਼ ਦੀ ਗਿਣਤੀ ਹੁੰਦੀ ਹੈ।’’

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ, ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ, ਬਰਤਾਨੀਆਂ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਾਕ, ਸਾਊਦੀ ਅਰਬ ਦੇ ਬਾਦਸ਼ਾਹ ਮੁਹੰਮਦ ਬਿਨ ਸਲਮਾਨ ਸਮੇਤ 19 ਵਿਕਾਸਸ਼ੀਲ ਅਤੇ ਵਿਕਸਿਤ ਦੇਸ਼ਾਂ ਅਤੇ ਯੂਰਪੀ ਸੰਘ ਦੇ ਨੇਤਾ ਨਵੇਂ ਬਣਾਏ ਗਏ ਭਾਰਤ ਮੰਡਪਮ ਸੰਮੇਲਨ ਹਾਲ ’ਚ 9-10 ਸਤੰਬਰ ਨੂੰ ਪ੍ਰਮੁੱਖ ਸਾਲਾਨਾ ਬੈਠਕ ਲਈ ਇਕੱਠੇ ਹੋਣਗੇ।

ਮੋਦੀ ਨੇ ਪੀ.ਟੀ.ਆਈ. (ਪ੍ਰੈਸ ਟਰੱਸਟ ਆਫ਼ ਇੰਡੀਆ) ਦੇ ਮੁੱਖ ਸੰਪਾਦਕ ਵਿਜੇ ਜੋਸ਼ੀ ਨਾਲ ਜੀ-20 ਅਤੇ ਇਸ ਨਾਲ ਸਬੰਧਤ ਮੁੱਦਿਆਂ ’ਤੇ ਕੇਂਦਰਿਤ 80 ਮਿੰਟ ਦੀ ਇੰਟਰਵਿਊ ’ਚ ਕਿਹਾ, ‘‘ਭਾਰਤ ਦੀ ਜੀ-20 ਦੀ ਪ੍ਰਧਾਨਗੀ ਦੇ ਕਈ ਸਕਾਰਾਤਮਕ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਵਿਚੋਂ ਕੁਝ ਮੇਰੇ ਦਿਲ ਦੇ ਬਹੁਤ ਨੇੜੇ ਹਨ।’’

ਜੀ-20 ਦਾ ਵਿਸ਼ਵ ਦੀ ਜੀ.ਡੀ.ਪੀ. ’ਚ 80 ਫ਼ੀ ਸਦੀ, ਕੌਮਾਂਤਰੀ ਵਪਾਰ ਦਾ 75 ਫ਼ੀ ਸਦੀ, ਵਿਸ਼ਵ ਦੀ ਆਬਾਦੀ ’ਚ 65 ਫ਼ੀ ਸਦੀ ਅਤੇ ਵਿਸ਼ਵ ਦੇ ਭੂਮੀ ਖੇਤਰ ’ਚ 60 ਫ਼ੀ ਸਦੀ ਯੋਗਦਾਨ ਹੈ। ਭਾਰਤ ਨੇ ਪਿਛਲੇ ਸਾਲ ਨਵੰਬਰ ’ਚ ਇੰਡੋਨੇਸ਼ੀਆ ਤੋਂ ਜੀ-20 ਦੀ ਪ੍ਰਧਾਨਗੀ ਲਈ ਸੀ ਅਤੇ ਦਸੰਬਰ ’ਚ ਬ੍ਰਾਜ਼ੀਲ ਨੂੰ ਸੌਂਪ ਦੇਵੇਗਾ।

ਮੋਦੀ ਨੇ ਕਿਹਾ ਕਿ ਹਾਲਾਂਕਿ ਇਹ ਸੱਚ ਹੈ ਕਿ ਜੀ-20 ਅਪਣੀ ਸੰਯੁਕਤ ਆਰਥਿਕ ਤਾਕਤ ਦੇ ਲਿਹਾਜ਼ ਨਾਲ ਇਕ ਪ੍ਰਭਾਵਸ਼ਾਲੀ ਸਮੂਹ ਹੈ, ‘‘ਦੁਨੀਆਂ ਦਾ ਜੀ.ਡੀ.ਪੀ.-ਕੇਂਦ੍ਰਿਤ ਦ੍ਰਿਸ਼ਟੀਕੋਣ ਹੁਣ ਮਨੁੱਖ-ਕੇਂਦ੍ਰਿਤ’’ ’ਚ ਬਦਲ ਰਿਹਾ ਹੈ ਅਤੇ ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਦੂਜੀ ਵਿਸ਼ਵ ਜੰਗ ਤੋਂ ਬਾਅਦ ਇਕ ਨਵੀਂ ਵਿਸ਼ਵ ਵਿਵਸਥਾ ਬਣੀ ਸੀ। ਇਸੇ ਤਰ੍ਹਾਂ ਕੋਵਿਡ ਮਹਾਂਮਾਰੀ ਤੋਂ ਬਾਅਦ ਇਕ ਨਵਾਂ ਵਿਸ਼ਵ ਵਿਵਸਥਾ ਰੂਪ ਧਾਰਨ ਕਰ ਰਹੀ ਹੈ।

ਉਨ੍ਹਾਂ ਕਿਹਾ, ‘‘ਵਿਸ਼ਵ ਪੱਧਰ ’ਤੇ, ਮਨੁੱਖੀ-ਕੇਂਦ੍ਰਿਤ ਪਹੁੰਚ ਵਲ ਇਕ ਤਬਦੀਲੀ ਸ਼ੁਰੂ ਹੋ ਗਈ ਹੈ ਅਤੇ ਅਸੀਂ ਇਕ ਉਤਪ੍ਰੇਰਕ ਦੀ ਭੂਮਿਕਾ ਨਿਭਾ ਰਹੇ ਹਾਂ। ਭਾਰਤ ਦੀ ਜੀ-20 ਦੀ ਪ੍ਰਧਾਨਗੀ ਨੇ ਅਖੌਤੀ ‘ਤੀਜੀ ਦੁਨੀਆਂ’ ਦੇਸ਼ਾਂ ’ਚ ਵੀ ਭਰੋਸੇ ਦੇ ਬੀਜ ਬੀਜੇ ਹਨ।’’

ਉਨ੍ਹਾਂ ਕਿਹਾ, ‘‘ਸਾਰਿਆਂ ਦਾ ਸਾਥ ਅਤੇ ਸਾਰਿਆਂ ਦਾ ਵਿਕਾਸ ਮਾਡਲ ਜਿਸ ਨੇ ਭਾਰਤ ਨੂੰ ਰਾਹ ਵਿਖਾਇਆ ਹੈ, ਉਹ ਵਿਸ਼ਵ ਦੀ ਭਲਾਈ ਲਈ ਵੀ ਮਾਰਗ ਦਰਸ਼ਕ ਹੋ ਸਕਦਾ ਹੈ।’’

ਇੰਟਰਵਿਊ, ਹਾਲਾਂਕਿ ਜੀ-20 ’ਤੇ ਕੇਂਦਰਿਤ ਸੀ, ਪੀਐਮ ਮੋਦੀ ਨੇ ਭਾਰਤ ਦੀ ਆਰਥਿਕ ਤਰੱਕੀ, ਵਿਸ਼ਵ ਪੱਧਰ ’ਤੇ ਇਸ ਦੇ ਵਧਦੇ ਕੱਦ, ਸਾਈਬਰ ਸੁਰੱਖਿਆ, ਕਰਜ਼ੇ ਦੇ ਜਾਲ, ਬਾਇਓ-ਫਿਊਲ ਨੀਤੀ, ਸੰਯੁਕਤ ਰਾਸ਼ਟਰ ਦੇ ਸੁਧਾਰਾਂ, ਜਲਵਾਯੂ ਤਬਦੀਲੀ ਅਤੇ 2047 ਲਈ ਵੀ ਅਪਣੇ ਵਿਚਾਰ ਰੱਖੇ।

ਮੋਦੀ ਨੇ ਕਿਹਾ, “ਲੰਬੇ ਸਮੇਂ ਤੋਂ, ਭਾਰਤ ਨੂੰ ਇਕ ਅਰਬ ਤੋਂ ਵੱਧ ਭੁੱਖੇ ਲੋਕਾਂ ਦੇ ਦੇਸ਼ ਵਜੋਂ ਜਾਣਿਆ ਜਾਂਦਾ ਸੀ। ਪਰ ਹੁਣ, ਭਾਰਤ ਨੂੰ ਇਕ ਅਰਬ ਤੋਂ ਵੱਧ ਉਤਸ਼ਾਹੀ ਦਿਮਾਗ, ਦੋ ਅਰਬ ਤੋਂ ਵੱਧ ਹੁਨਰਮੰਦ ਹੱਥਾਂ ਅਤੇ ਕਰੋੜਾਂ ਨੌਜਵਾਨਾਂ ਦੇ ਦੇਸ਼ ਵਜੋਂ ਵੇਖਿਆ ਜਾਂਦਾ ਹੈ।’’

ਜੀ-20 ਦਾ ਜਨਮ ਪਿਛਲੀ ਸਦੀ ਦੇ ਮੋੜ ’ਤੇ ਹੋਇਆ ਸੀ ਜਦੋਂ ਵਿਸ਼ਵ ਦੀਆਂ ਵੱਡੀਆਂ ਅਰਥਵਿਵਸਥਾਵਾਂ ਆਰਥਿਕ ਸੰਕਟ ਨਾਲ ਨਜਿੱਠਣ ਲਈ ਸਮੂਹਿਕ ਅਤੇ ਤਾਲਮੇਲ ਵਾਲੇ ਯਤਨਾਂ ਦੀ ਭਾਵਨਾ ਨਾਲ ਇਕੱਠੇ ਹੋਈਆਂ ਸਨ। 21ਵੀਂ ਸਦੀ ਦੇ ਪਹਿਲੇ ਦਹਾਕੇ ’ਚ ਵਿਸ਼ਵ ਆਰਥਕ ਸੰਕਟ ਦੌਰਾਨ ਇਸ ਦੀ ਮਹੱਤਤਾ ਵਧ ਗਈ।

‘ਦੇਸ਼ ਦੇ ਹਰ ਹਿੱਸੇ ’ਚ ਜੀ-20 ਸਮਾਗਮ ਕਰਵਾਉਣਾ ਕੁਦਰਤੀ ਗੱਲ ਹੈ’
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਲਈ ਜੀ-20 ਮੀਟਿੰਗਾਂ ਦਾ ਹਰ ਹਿੱਸੇ ਵਿਚ ਹੋਣਾ ਸੁਭਾਵਕ ਹੈ। ਉਨ੍ਹਾਂ ਨੇ ਕਸ਼ਮੀਰ ਅਤੇ ਅਰੁਣਾਚਲ ਪ੍ਰਦੇਸ਼ ’ਚ ਕਰਵਾਏ ਕੁਝ ਪ੍ਰੋਗਰਾਮਾਂ ’ਤੇ ਚੀਨ ਦੇ ਇਤਰਾਜ਼ਾਂ ਨੂੰ ਖਾਰਜ ਕਰਦੇ ਹੋਏ ਇਹ ਗੱਲ ਕਹੀ।

ਵਿਸ਼ਵ ਪੱਧਰ ’ਤੇ ਭਾਰਤ ਦੀ ਸਭਿਆਚਾਰਕ ਅਤੇ ਖੇਤਰੀ ਵੰਨ-ਸੁਵੰਨਤਾ ਨੂੰ ਪ੍ਰਦਰਸ਼ਿਤ ਕਰਨ ਦੇ ਅਪਣੇ ਯਤਨਾਂ ਦੇ ਹਿੱਸੇ ਵਜੋਂ, ਮੋਦੀ ਸਰਕਾਰ ਨੇ ਦੇਸ਼ ਭਰ ’ਚ ਜੀ20 ਸਮਾਗਮਾਂ ਦੀ ਮੇਜ਼ਬਾਨੀ ਕੀਤੀ ਹੈ।

ਚੀਨ, ਜੋ ਜੀ-20 ਦਾ ਮੈਂਬਰ ਹੈ, ਅਤੇ ਪਾਕਿਸਤਾਨ, ਜੋ ਕਿ ਸਮੂਹ ਦਾ ਮੈਂਬਰ ਨਹੀਂ ਹੈ, ਨੇ ਕਸ਼ਮੀਰ ’ਚ ਸਮਾਗਮ ਕਰਵਾਉਣ ਦੇ ਭਾਰਤ ਦੇ ਫੈਸਲੇ ’ਤੇ ਇਤਰਾਜ਼ ਪ੍ਰਗਟਾਇਆ ਸੀ, ਜਿਸ ਨੂੰ ਉਹ ‘ਵਿਵਾਦਤ’ ਕਹਿੰਦੇ ਹਨ।

ਚੀਨ ਨੂੰ ਅਰੁਣਾਂਚਲ ਪ੍ਰਦੇਸ਼ ’ਤੇ ਭਾਰਤ ਦੀ ਪ੍ਰਭੂਸੱਤਾ ’ਤੇ ਵੀ ਇਤਰਾਜ਼ ਹੈ। ਚੀਨ ਅਤੇ ਪਾਕਿਸਤਾਨ ਦੇ ਦਾਅਵਿਆਂ ਨੂੰ ਭਾਰਤ ਪਹਿਲਾਂ ਹੀ ਰੱਦ ਕਰ ਚੁੱਕਾ ਹੈ।
ਮੋਦੀ ਨੇ ਪੀ.ਟੀ.ਆਈ. ਨੂੰ ਦਿਤੇ ਇਕ ਵਿਸ਼ੇਸ਼ ਇੰਟਰਵਿਊ ’ਚ ਕਿਹਾ, ‘‘ਅਜਿਹਾ ਸਵਾਲ ਜਾਇਜ਼ ਹੁੰਦਾ ਜੇਕਰ ਅਸੀਂ ਉਨ੍ਹਾਂ ਥਾਵਾਂ ’ਤੇ ਮੀਟਿੰਗਾਂ ਕਰਨ ਤੋਂ ਪਰਹੇਜ਼ ਕਰਦੇ। ਸਾਡਾ ਦੇਸ਼ ਬਹੁਤ ਵਿਸ਼ਾਲ, ਸੁੰਦਰ ਅਤੇ ਵੰਨ-ਸੁਵੰਨਾ ਹੈ। ਜਦੋਂ ਜੀ-20 ਮੀਟਿੰਗਾਂ ਹੋ ਰਹੀਆਂ ਹਨ, ਕੀ ਇਹ ਕੁਦਰਤੀ ਨਹੀਂ ਹੈ ਕਿ ਮੀਟਿੰਗਾਂ ਸਾਡੇ ਦੇਸ਼ ਦੇ ਹਰ ਹਿੱਸੇ ’ਚ ਹੋਣਗੀਆਂ?’’

ਭਾਰਤ ਨੇ 22 ਮਈ ਤੋਂ ਤਿੰਨ ਦਿਨਾਂ ਲਈ ਸ਼੍ਰੀਨਗਰ ’ਚ ਸੈਰ-ਸਪਾਟੇ ਬਾਰੇ ਜੀ-20 ਵਰਕਿੰਗ ਗਰੁਪ ਦੀ ਤੀਜੀ ਬੈਠਕ ਕੀਤੀ ਸੀ। ਚੀਨ ਨੂੰ ਛੱਡ ਕੇ ਸਾਰੇ ਜੀ-20 ਦੇਸ਼ਾਂ ਦੇ ਪ੍ਰਤੀਨਿਧੀ ਸਮਾਗਮ ਲਈ ਖੂਬਸੂਰਤ ਵਾਦੀ ਦਾ ਦੌਰਾ ਕਰ ਚੁੱਕੇ ਹਨ। ਮਾਰਚ ’ਚ ਜੀ-20 ਪ੍ਰੋਗਰਾਮ ਲਈ ਵੱਡੀ ਗਿਣਤੀ ’ਚ ਡੈਲੀਗੇਟ ਅਰੁਣਾਂਚਲ ਪ੍ਰਦੇਸ਼ ਵੀ ਗਏ ਸਨ।

ਭਾਰਤ ਨੇ ਉਦੋਂ ਚੀਨੀ ਦਾਅਵਿਆਂ ਨੂੰ ਰੱਦ ਕਰਦਿਆਂ ਕਿਹਾ ਸੀ ਕਿ ਉਹ ਅਪਣੇ ਖੇਤਰ ’ਚ ਮੀਟਿੰਗਾਂ ਕਰਨ ਲਈ ਆਜ਼ਾਦ ਹੈ।
ਮੋਦੀ ਨੇ ਕਿਹਾ ਕਿ ਭਾਰਤ ਦੀ ਜੀ-20 ਪ੍ਰਧਾਨਗੀ ਖਤਮ ਹੋਣ ਤਕ ਸਾਰੇ 28 ਸੂਬਿਆਂ ਅਤੇ ਅੱਠ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 60 ਸ਼ਹਿਰਾਂ ’ਚ 220 ਤੋਂ ਵੱਧ ਮੀਟਿੰਗਾਂ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਲਗਭਗ 125 ਦੇਸ਼ਾਂ ਦੇ ਇਕ ਲੱਖ ਤੋਂ ਵੱਧ ਭਾਗੀਦਾਰ ਭਾਰਤੀਆਂ ਦੇ ਹੁਨਰ ਦੇ ਗਵਾਹ ਹੋਣਗੇ।

ਭਾਰਤ 2047 ਤਕ ਹੋਵੇਗਾ ਵਿਕਸਤ ਦੇਸ਼, ਭ੍ਰਿਸ਼ਟਾਚਾਰ, ਜਾਤੀਵਾਦ ਦੀ ਕੋਈ ਥਾਂ ਨਹੀਂ ਹੋਵੇਗੀ : ਪ੍ਰਧਾਨ ਮੰਤਰੀ ਮੋਦੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਆਰਥਕ ਵਿਕਾਸ ਨੂੰ ਅਪਣੀ ਸਰਕਾਰ ਦੇ 9 ਸਾਲਾਂ ਦੇ ਕਾਰਜਕਾਲ ਦੀ ਸਿਆਸੀ ਸਥਿਰਤਾ ਦਾ ‘ਸੁਭਾਵਕ ਸਹਿ-ਉਤਪਾਦ’ ਦਸਦਿਆਂ ਉਮੀਦ ਪ੍ਰਗਟਾਈ ਹੈ ਕਿ 2047 ਤਕ ਭਾਰਤ ਇਕ ਵਿਕਸਤ ਦੇਸ਼ ਹੋਵੇਗਾ, ਜਿਸ ’ਚ ਭ੍ਰਿਸ਼ਟਾਚਾਰ, ਜਾਤੀਵਾਦ ਅਤੇ ਫ਼ਿਰਕੂਵਾਦ ਲਈ ਕੋਈ ਥਾਂ ਨਹੀਂ ਹੋਵੇਗੀ।

ਖ਼ਬਰ ਏਜੰਸੀ ਪੀ.ਟੀ.ਆਈ. ਨੂੰ ਦਿਤੇ ਇਕ ਵਿਸ਼ੇਸ਼ ਇੰਟਰਵਿਊ ’ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮਹਿੰਗਾਈ ਦਰ ’ਤੇ ਕਾਬੂ ਪਾਉਣ ਲਈ ਕੇਂਦਰੀ ਬੈਂਕਾਂ ਨੂੰ ਨੀਤੀਗਤ ਰੁਖ਼ ਬਾਰੇ ਸਮੇਂ ’ਤੇ ਅਤੇ ਸਪੱਸ਼ਟ ਸੂਚਨਾ ਦੇਣੀ ਚਾਹੀਦੀ ਹੈ ਤਾਕਿ ਹਰ ਦੇਸ਼ ਦੀ ਮਹਿੰਗਾਈ ਰੋਕਣ ਦੀ ਲੜਾਈ ਦੇ ਕਦਮਾਂ ਦਾ ਦੂਜੇ ਦੇਸ਼ਾਂ ’ਤੇ ਨਾਕਾਰਾਤਮਕ ਬੁਰਾ ਅਸਰ ਨਾ ਪਵੇ।

ਇਸ ਸਮੇਂ ਜਿੱਥੇ ਜ਼ਿਆਦਾਤਰ ਵਿਕਸਤ ਅਰਥਚਾਰੇ ਆਰਥਕ ਸੁਸਤੀ, ਗੰਭੀਰ ਕਿੱਲਤ, ਉੱਚੀ ਮਹਿੰਗਾਈ ਦਰ ਅਤੇ ਅਪਣੀ ਆਬਾਦੀ ਦੀ ਵਧਦੀ ਉਮਰ ਦੀ ਸਮੱਸਿਆ ਦਾ ਸਾਹਮਣਾ ਕਰ ਰਹੀ ਹੈ ਉਥੇ ਭਾਰਤ ਪ੍ਰਮੁੱਖ ਅਰਥਵਿਵਸਥਾਵਾਂ ’ਚ ਸਭ ਤੋਂ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਬਣਿਆ ਹੋਇਆ ਹੈ ਜਿਸ ਕੋਲ ਸਭ ਤੋਂ ਵੱਡੀ ਨੌਜੁਆਨ ਆਬਾਦੀ ਹੈ।

ਮੋਦੀ ਨੇ ਕਿਹਾ, ‘‘ਦੁਨੀਆਂ ਦੇ ਇਤਿਹਾਸ ’ਚ ਲੰਮੇ ਸਮੇਂ ਤਕ ਭਾਰਤ ਦੁਨੀਆਂ ਦੀਆਂ ਮੋਢੀ ਅਰਥਵਿਵਸਥਾਵਾਂ ’ਚੋਂ ਇਕ ਸੀ। ਬਾਅਦ ’ਚ ਬਸਤੀਵਾਦ ਦੇ ਅਸਰ ਕਾਰਨ ਸਾਡੀ ਕੌਮਾਂਤਰੀ ਪਹੁੰਚ ਘਟ ਗਈ। ਪਰ ਹੁਣ ਭਾਰਤ ਇਕ ਵਾਰੀ ਫਿਰ ਅੱਗੇ ਵਧ ਰਿਹਾ ਹੈ। ਅਸੀਂ ਜਿਸ ਰਫ਼ਤਾਰ ਨਾਲ ਦੁਨੀਆਂ ਦੀ 10ਵੀਂ ਤੋਂ ਪੰਜਵੀਂ ਵੱਡੀ ਅਰਥਵਿਵਸਥਾ ਤਕ ਲੰਮੀ ਛਾਲ ਲਾਈ ਹੈ ਉਹ ਦਰਸਾਉਂਦਾ ਹੈ ਕਿ ਭਾਰਤ ਨੂੰ ਅਪਣਾ ਕੰਮ ਚੰਗੀ ਤਰ੍ਹਾਂ ਆਉਂਦਾ ਹੈ।’’

ਉਨ੍ਹਾਂ ਨੇ ਲੋਕਤੰਤਰ, ਜਨ-ਅੰਕੜਾ ਅਤੇ ਵੰਨ-ਸੁਵੰਨਤਾ ਨਾਲ ਵਿਕਾਸ (ਚਾਰ ‘ਡੀ’) ਨੂੰ ਵੀ ਜੋੜਦਿਆਂ ਕਿਹਾ ਕਿ ਸਾਲ 2047 ਤਕ ਦਾ ਸਮਾਂ ਵਿਆਪਕ ਮੌਕਿਆਂ ਨਾਲ ਭਰਪੂਰ ਹੈ ਅਤੇ ਇਸ ਦੌਰ ’ਚ ਰਹਿਣ ਵਾਲੇ ਭਾਰਤੀਆਂ ਕੋਲ ਵਿਕਾਸ ਦੀ ਇਕ ਨੀਂਹ ਰੱਖਣ ਦਾ ਵੱਡਾ ਮੌਕਾ ਹੈ ਜਿਸ ਨੂੰ ਆਉਣ ਵਾਲੇ ਹਜ਼ਾਰਾਂ ਸਾਲਾਂ ਤਕ ਯਾਦ ਰਖਿਆ ਜਾਵੇਗਾ।

ਭਾਰਤ ਨੇ ਵਿੱਤੀ ਸਾਲ 2021-22 ਦੇ ਅੰਤ ’ਚ 3.39 ਲੱਖ ਕਰੋੜ ਡਾਲਰ ਦੇ ਕੁਲ ਘਰੇਲੂ ਉਤਪਾਦ (ਜੀ.ਡੀ.ਪੀ.) ਦੇ ਨਾਲ ਬ੍ਰਿਟੇਨ ਨੂੰ ਪਿੱਛੇ ਛੱਡ ਕੇ ਦੁਨੀਆਂ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਦਾ ਦਰਜਾ ਹਾਸਲ ਕਰ ਲਿਆ ਸੀ। ਹੁਣ ਸਿਰਫ਼ ਅਮਰੀਕਾ, ਚੀਨ, ਜਾਪਾਨ ਅਤੇ ਜਰਮਨੀ ਭਾਰਤ ਤੋਂ ਅੱਗੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਤੋਂ ਪਹਿਲਾਂ ਦੇ ਤਿੰਨ ਦਹਾਕਿਆਂ ’ਚ ਦੇਸ਼ ’ਚ ਕਈ ਅਜਿਹੀਆਂ ਸਰਕਾਰਾਂ ਆਈਆਂ, ਜੋ ਅਸਥਿਰ ਸਨ, ਜਿਸ ਕਾਰਨ ਉਹ ਜ਼ਿਆਦਾ ਕੁਝ ਨਹੀਂ ਕਰ ਸਕੀਆਂ।

ਇਸ ਖ਼ਬਰ ਬਾਰੇ ਕੁਮੈਂਟ ਕਰੋ-