ਇੰਡੀਆ ਨਹੀਂ ਜਿੱਤਿਆ ਤਾਂ ਦੇਸ਼ ਮਨੀਪੁਰ ਅਤੇ ਹਰਿਆਣਾ ਬਣ ਜਾਵੇਗਾ: ਐਮ.ਕੇ. ਸਟਾਲਿਨ
ਨਵੀਂ ਦਿੱਲੀ: ਸਨਾਤਨ ਧਰਮ ‘ਤੇ ਅਪਣੇ ਮੰਤਰੀ ਪੁੱਤਰ ਉਧਯਨਿਧੀ ਸਟਾਲਿਨ ਦੇ ਵਿਵਾਦਤ ਬਿਆਨ ਦੇ ਵਿਚਕਾਰ ਭਾਜਪਾ ਦੇ ਹਮਲੇ ਦੇ ਘੇਰੇ ‘ਚ ਆਏ ਡੀ.ਐਮ.ਕੇ. ਪ੍ਰਧਾਨ ਅਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਨੇ ਅਪਣੀ ਪੋਡਕਾਸਟ ਲੜੀ ਦੇ ਪਹਿਲੇ ਐਪੀਸੋਡ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਪਾਰਟੀ ‘ਤੇ ਹਮਲਾ ਬੋਲਿਆ ਹੈ। ਚਾਰ ਵੱਖ-ਵੱਖ ਭਾਸ਼ਾਵਾਂ- ਮਲਿਆਲਮ, ਤਾਮਿਲ, ਤੇਲਗੂ, ਕੰਨੜ ਅਤੇ ਹਿੰਦੀ ‘ਚ ਰਿਲੀਜ਼ ਹੋਏ ਅਪਣੇ ਪਹਿਲੇ ਪੋਡਕਾਸਟ ਐਪੀਸੋਡ ‘ਸਪੀਕਿੰਗ ਫਾਰ ਇੰਡੀਆ’ ‘ਚ ਸਟਾਲਿਨ ਨੇ ਦਾਅਵਾ ਕੀਤਾ ਕਿ ਕੇਂਦਰ ‘ਚ ਸੱਤਾਧਾਰੀ ਪਾਰਟੀ ਨੇ ਸਮਾਜਕ ਸਥਿਤੀ ਨੂੰ ਸੁਧਾਰਨ ਲਈ ਕੁੱਝ ਨਹੀਂ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰ ਦੀ ਸੱਤਾਧਾਰੀ ਪਾਰਟੀ ਨੇ ਪਿਛਲੇ 9 ਸਾਲਾਂ ਦੇ ਕਾਰਜਕਾਲ ਵਿਚ ਸਮਾਜ ਭਲਾਈ ਨਾਲ ਸਬੰਧਤ ਕੋਈ ਚੋਣ ਵਾਅਦਾ ਪੂਰਾ ਨਹੀਂ ਕੀਤਾ।
ਉਤਰ-ਪੂਰਬੀ ਰਾਜ ਮਨੀਪੁਰ ਵਿਚ ਵੱਡੇ ਪੱਧਰ ‘ਤੇ ਜਾਤੀ ਹਿੰਸਾ ਅਤੇ ਹਰਿਆਣਾ ਦੇ ਮੇਵਾਤ ਵਿਚ ਇਕ ਧਾਰਮਕ ਜਲੂਸ ‘ਤੇ ਹਮਲੇ ਤੋਂ ਬਾਅਦ ਹਾਲ ਹੀ ਵਿਚ ਹੋਈ ਫਿਰਕੂ ਹਿੰਸਾ ਦਾ ਜ਼ਿਕਰ ਕਰਦੇ ਹੋਏ ਸਟਾਲਿਨ ਨੇ ਕਿਹਾ ਕਿ ਜੇਕਰ ਇੰਡੀਆ ਗਠਜੋੜ ਨਹੀਂ ਜਿੱਤਦਾ ਤਾਂ ਪੂਰਾ ਭਾਰਤ ਤਬਾਹ ਹੋ ਜਾਵੇਗਾ।
ਪੂਰੇ ਭਾਰਤ ਨੂੰ ਮਨੀਪੁਰ ਅਤੇ ਹਰਿਆਣਾ ਬਣਨ ਤੋਂ ਰੋਕਣ ਲਈ ਇੰਡੀਆ ਗਠਜੋੜ ਨੂੰ ਜਿੱਤਣਾ ਪਵੇਗਾ।