ਚੰਡੀਗੜ੍ਹ ‘ਚ ਪੈਟਰੋਲ ਪੰਪ ‘ਤੇ ਤੇਲ ਭਰਵਾਉਣ ਆਏ ਨੌਜਵਾਨ ‘ਤੇ ਚਾਕੂਆਂ ਨਾਲ ਹਮਲਾ, ਹਾਲਤ ਗੰਭੀਰ
ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ-38 ਸਥਿਤ ਪੈਟਰੋਲ ਪੰਪ ‘ਤੇ ਦੇਰ ਰਾਤ 10 ਤੋਂ 15 ਅਣਪਛਾਤੇ ਹਮਲਾਵਰਾਂ ਨੇ ਇਕ ਨੌਜਵਾਨ ‘ਤੇ ਚਾਕੂਆਂ ਨਾਲ ਹਮਲਾ ਕਰ ਦਿਤਾ। ਹਮਲੇ ‘ਚ ਨੌਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਹੈ। ਮਾਮਲੇ ਦੀ ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਪੀੜਤ ਨੂੰ ਇਲਾਜ ਲਈ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਹੈ।
ਪੀੜਤ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਉਹ ਪੈਟਰੋਲ ਪੰਪ ‘ਤੇ ਤੇਲ ਭਰਵਾਉਣ ਲਈ ਗਿਆ ਸੀ ਤਾਂ ਹਮਲਾਵਰਾਂ ਨੇ ਉਸ ‘ਤੇ ਹਮਲਾ ਕਰ ਦਿਤਾ। ਇਸ ਹਮਲੇ ‘ਚ ਉਸ ਦੀ ਕਮਰ, ਪੇਟ, ਲੱਤਾਂ ਅਤੇ ਹੱਥਾਂ ‘ਤੇ ਚਾਕੂਆਂ ਨਾਲ ਵਾਰ ਕੀਤੇ ਗਏ। ਉਸ ਦੇ ਪੇਟ ‘ਤੇ ਚਾਕੂ ਨਾਲ ਹਮਲਾ ਹੋਣ ਕਾਰਨ ਉਸ ਦੇ ਸਰੀਰ ਦੇ ਅੰਦਰ ਕਿਸੇ ਅੰਗ ‘ਤੇ ਸੱਟ ਲੱਗੀ ਦੱਸੀ ਜਾ ਰਹੀ ਹੈ।
ਇਸ ਕਾਰਨ ਉਸ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ।
ਪੁਲਿਸ ਮਾਮਲੇ ‘ਚ ਛਾਪੇਮਾਰੀ ਕਰ ਰਹੀ ਹੈ। ਪੁਲਿਸ ਨੇ ਪੈਟਰੋਲ ਪੰਪ ਤੋਂ ਸੀਸੀਟੀਵੀ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਲਈ ਹੈ। ਜਿਸ ਦੇ ਆਧਾਰ ‘ਤੇ ਦੋਸ਼ੀਆਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਪੁਲਿਸ ਕਿਸੇ ਵੀ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਹੈ। ਪੁਲਿਸ ਨੇ ਰਾਤ ਸਮੇਂ ਕਈ ਪਛਾਣੇ ਮੁਲਜ਼ਮਾਂ ਦੇ ਘਰਾਂ ’ਤੇ ਛਾਪੇਮਾਰੀ ਕੀਤੀ ਸੀ ਪਰ ਮੁਲਜ਼ਮ ਘਰ ’ਤੇ ਮੌਜੂਦ ਨਹੀਂ ਸਨ।