ਲੁਧਿਆਣਾ ਤੋਂ NCR ਦਾ ਹਵਾਈ ਸਫ਼ਰ ਹੋਵੇਗਾ ਸਸਤਾ; ਏਅਰਲਾਈਨ ਨੇ ਪਹਿਲੇ ਤਿੰਨ ਮਹੀਨਿਆਂ ਲਈ 999 ਰੁਪਏ ਟਿਕਟ ਦੀ ਕੀਤੀ ਪੇਸ਼ਕਸ਼: ਮੁੱਖ ਮੰਤਰੀ
ਲੁਧਿਆਣਾ: ਕੌਮੀ ਰਾਜਧਾਨੀ ਖ਼ੇਤਰ (ਐਨ.ਸੀ.ਆਰ.) ਨਾਲ ਪੰਜਾਬ ਦੇ ਹਵਾਈ ਸੰਪਰਕ ਨੂੰ ਹੋਰ ਸੁਚਾਰੂ ਬਣਾਉਣ ਦੀ ਦਿਸ਼ਾ ਵਿਚ ਵੱਡੀ ਪੁਲਾਂਘ ਪੁੱਟਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਬੁਧਵਾਰ ਨੂੰ ਹਿੰਡਨ-ਲੁਧਿਆਣਾ-ਹਿੰਡਨ ਉਡਾਣ ਦੀ ਸ਼ੁਰੂਆਤ ਕੀਤੀ, ਜਿਸ ਨਾਲ ਦੋ ਸਾਲ ਤੋਂ ਵੱਧ ਵਕਫ਼ੇ ਮਗਰੋਂ ਲੁਧਿਆਣਾ ਦੇ ਹਵਾਈ ਅੱਡੇ ਤੋਂ ਹਵਾਈ ਆਵਾਜਾਈ ਬਹਾਲ ਹੋਈ ਹੈ। ਉਨ੍ਹਾਂ ਨਾਲ ਹੀ ਐਲਾਨ ਕੀਤਾ ਕਿ ਪਹਿਲੇ ਤਿੰਨ ਮਹੀਨਿਆਂ ਲਈ ਲੁਧਿਆਣਾ ਤੋਂ ਐਨ.ਸੀ.ਆਰ. ਦੇ ਹਵਾਈ ਸਫ਼ਰ ਦਾ ਕਿਰਾਇਆ ਸਿਰਫ਼ 999 ਰੁਪਏ ਹੋਵੇਗਾ।
ਇਸ ਨੂੰ ਇਤਿਹਾਸਕ ਦਿਨ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਪੁਰਜ਼ੋਰ ਕੋਸ਼ਿਸ਼ਾਂ ਨਾਲ ਲੁਧਿਆਣਾ ਦੇ ਹਵਾਈ ਅੱਡੇ ਤੋਂ ਦੋ ਸਾਲ ਤੋਂ ਵੱਧ ਸਮੇਂ ਬਾਅਦ ਉਡਾਣ ਸ਼ੁਰੂ ਹੋਈ ਹੈ, ਜਿਸ ਨਾਲ ਸਨਅਤੀ ਸ਼ਹਿਰ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਇਹ ਉਡਾਣ ਮੈਸਰਜ਼ ਬਿੱਗ ਚਾਰਟਰ ਪ੍ਰਾਈਵੇਟ ਲਿਮਟਿਡ ਕੰਪਨੀ ਵੱਲੋਂ ਫਲਾਈ ਬਿੱਗ ਏਅਰਲਾਈਨਜ਼ ਦੇ ਨਾਂ ਉਤੇ ਚਲਾਈ ਜਾਵੇਗੀ ਅਤੇ ਮੁੱਢਲੇ ਤੌਰ ਉਤੇ ਇਹ ਉਡਾਣ ਪੰਜ ਦਿਨਾਂ ਲਈ ਸ਼ੁਰੂ ਕੀਤੀ ਜਾਵੇਗੀ ਪਰ ਅਗਲੇ ਮਹੀਨੇ ਤੋਂ ਇਹ ਉਡਾਣ ਸਾਰੇ ਹਫ਼ਤੇ ਲਈ ਚਲਾਈ ਜਾਵੇਗੀ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਇਸ ਉਡਾਣ ਰਾਹੀਂ ਲੁਧਿਆਣਾ ਤੋਂ ਹਿੰਡਨ (ਗਾਜ਼ੀਆਬਾਦ) ਪਹੁੰਚਣ ਲਈ 90 ਮਿੰਟ ਦਾ ਸਮਾਂ ਲੱਗੇਗਾ।
ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਏਅਰਲਾਈਨ ਸ਼ੁਰੂਆਤੀ ਤੋਹਫ਼ੇ ਵਜੋਂ ਆਪਣੀ ਉਡਾਣ ਸ਼ੁਰੂ ਹੋਣ ਤੋਂ ਪਹਿਲੇ ਤਿੰਨ ਮਹੀਨਿਆਂ ਲਈ 999 ਰੁਪਏ ਪ੍ਰਤੀ ਟਿਕਟ ਦੀ ਪੇਸ਼ਕਸ਼ ਕਰੇਗੀ। ਉਨ੍ਹਾਂ ਕਿਹਾ ਕਿ ਲੁਧਿਆਣਾ ਤੋਂ ਐਨ.ਸੀ.ਆਰ. ਦਾ ਸਫ਼ਰ ਸਿਰਫ਼ 999 ਰੁਪਏ ਦਾ ਹੋਵੇਗਾ, ਜੋ ਬੱਸ ਸਫ਼ਰ ਨਾਲੋਂ ਸਸਤਾ ਹੋਵੇਗਾ। ਭਗਵੰਤ ਮਾਨ ਨੇ ਕਿਹਾ ਕਿ ਇਸ ਦਾ ਇਕੋ-ਇਕ ਮੰਤਵ ਸੂਬੇ ਦੇ ਲੋਕਾਂ ਦੀ ਸੁਰੱਖਿਅਤ, ਸਸਤੇ ਤੇ ਆਰਾਮਦਾਇਕ ਹਵਾਈ ਸਫ਼ਰ ਤਕ ਪਹੁੰਚ ਯਕੀਨੀ ਬਣਾਉਣਾ ਹੈ।