ਉਦੈਨਿਧੀ ਸਟਾਲਿਨ ਦੇ ‘ਸਨਾਤਨ ਧਰਮ’ ਨਾਲ ਜੁੜੇ ਬਿਆਨ ’ਤੇ ਪ੍ਰਧਾਨ ਮੰਤਰੀ ਦੀ ਪ੍ਰਤੀਕਿਰਿਆ, “ਢੁਕਵਾਂ ਜਵਾਬ ਜ਼ਰੂਰੀ”
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਦੇ ਪੁੱਤਰ ਅਤੇ ਰਾਜ ਮੰਤਰੀ ਉਦੈਨਿਧੀ ਸਟਾਲਿਨ ਵਲੋਂ ਸਨਾਤਨ ਬਾਰੇ ਦਿਤੇ ਗਏ ਬਿਆਨ ‘ਤੇ ਪ੍ਰਤੀਕਿਰਿਆ ਦਿਤੀ ਹੈ। ਉਨ੍ਹਾਂ ਕਿਹਾ ਹੈ ਕਿ ‘ਸਨਾਤਨ ਧਰਮ’ ਨਾਲ ਸਬੰਧਤ ਉਦੈਨਿਧੀ ਦੇ ਬਿਆਨ ਦਾ ‘ਢੁਕਵਾਂ ਜਵਾਬ’ ਦਿਤਾ ਜਾਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇਹ ਗੱਲ ਮੰਤਰੀ ਮੰਡਲ ਦੀ ਗ਼ੈਰ-ਰਸਮੀ ਮੀਟਿੰਗ ਦੌਰਾਨ ਕਹੀ।
ਜ਼ਿਕਰਯੋਗ ਹੈ ਕਿ ਤਾਮਿਲਨਾਡੂ ਦੇ ਯੁਵਾ ਕਲਿਆਣ ਮੰਤਰੀ ਉਦੈਨਿਧੀ ਸਟਾਲਿਨ ਨੇ ਇਹ ਟਿੱਪਣੀ ਕਰ ਕੇ ਵਿਵਾਦ ਪੈਦਾ ਕਰ ਦਿਤਾ ਸੀ ਕਿ ‘ਸਨਾਤਨ ਧਰਮ’ ਬਰਾਬਰੀ ਅਤੇ ਸਮਾਜਿਕ ਨਿਆਂ ਦੇ ਵਿਰੁਧ ਹੈ ਅਤੇ ਇਸ ਨੂੰ ਖਤਮ ਕੀਤੇ ਜਾਣ ਦੀ ਲੋੜ ਹੈ।
ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਦੇ ਪੁੱਤਰ ਉਦੈਨਿਧੀ ਨੇ ‘ਸਨਾਤਨ ਧਰਮ’ ਦੀ ਤੁਲਨਾ ਕੋਰੋਨਾ ਵਾਇਰਸ, ਮਲੇਰੀਆ ਅਤੇ ਡੇਂਗੂ ਨਾਲ ਕੀਤੀ ਸੀ ਅਤੇ ਕਿਹਾ ਸੀ ਕਿ ਅਜਿਹੀਆਂ ਚੀਜ਼ਾਂ ਦਾ ਵਿਰੋਧ ਨਹੀਂ ਕਰਨਾ ਚਾਹੀਦਾ, ਸਗੋਂ ਨਸ਼ਟ ਕਰਨਾ ਚਾਹੀਦਾ ਹੈ।