ਫੀਚਰਜ਼ਭਾਰਤ

ਤਮਿਲਨਾਡੂ ਦੇ ਮੰਤਰੀ ਅਤੇ ਕਾਂਗਰਸ ਪ੍ਰਧਾਨ ਦੇ ਪੁੱਤਰ ਵਿਰੁਧ ਰਾਮਪੁਰ ’ਚ ਮੁਕੱਦਮਾ ਦਰਜ

ਰਾਮਪੁਰ: ਸਨਾਤਨ ਧਰਮ ਨੂੰ ਲੈ ਕੇ ਅਭੱਦਰ ਟਿਪਣੀ ਕਰਨ ਦੇ ਦੋਸ਼ ’ਚ ਤਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਦੇ ਪੁੱਤਰ ਉਦੈਨਿਧੀ ਅਤੇ ਕਥਿਤ ਤੌਰ ’ਤੇ ਉਨ੍ਹਾਂ ਦੀ ਹਮਾਇਤ ਕਰਨ ਵਾਲੇ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਦੇ ਪੁੱਤਰ ਪ੍ਰਿਅੰਕ ਖੜਗੇ ਵਿਰੁਧ ਰਾਮਪੁਰ ’ਚ ਮੁਕੱਦਮਾ ਦਰਜ ਹੋਇਆ ਹੈ
ਪੁਲਿਸ ਸੂਤਰਾਂ ਨੇ ਬੁਧਵਾਰ ਨੂੰ ਦਸਿਆ ਕਿ ਵਕੀਲ ਹਰਸ਼ ਗੁਪਤਾ ਅਤੇ ਰਾਮ ਸਿੰਘ ਲੋਧੀ ਨੇ ਰਾਮਪੁਰ ਦੀ ਸਿਵਲ ਲਾਇਨਜ਼ ਕੋਤਵਾਲੀ ’ਚ ਮੰਗਲਵਾਰ ਸ਼ਾਮ ਇਹ ਮੁਕਦਮਾ ਦਰਜ ਕਰਵਾਇਆ।

ਸੂਤਰਾਂ ਮੁਤਾਬਕ, ਮੁਕੱਦਮੇ ’ਚ ਉਦੈਨਿਧੀ ਅਤੇ ਪ੍ਰਿਅੰਕ ’ਤੇ ਧਾਰਮਕ ਭਾਵਨਾਵਾਂ ਭੜਕਾਉਣ ਅਤੇ ਸਮਾਜ ’ਚ ਨਫ਼ਰਤ ਫੈਲਾਉਣ ਦਾ ਦੋਸ਼ ਲਾਇਆ ਗਿਆ ਹੈ।
ਮੁਕੱਦਮਾ ਦਰਜ ਕਰਵਾਉਣ ਵਾਲੇ ਵਕੀਲ ਹਰਸ਼ ਗੁਪਤਾ ਨੇ ਕਿਹਾ ਕਿ ਚਾਰ ਸਤੰਬਰ ਨੂੰ ਅਖ਼ਬਾਰਾਂ ’ਚ ਤਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਦੇ ਪੁੱਤਰ ਉਦੈਨਿਧੀ ਸਟਾਲਿਨ ਵਲੋਂ ਸਨਾਤਨ ਧਰਮ ਦੀ ਤੁਲਨਾ ਡੇਂਗੂ ਅਤੇ ਮਲੇਰੀਆ ਨਾਲ ਕਰਦਿਆਂ ਉਸ ਨੂੰ ਖ਼ਤਮ ਕੀਤੇ ਜਾਣ ਦੀ ਜ਼ਰੂਰਤ ਦੱਸੇ ਜਾਣ ਬਾਬਤ ਇਕ ਖ਼ਬਰ ਪ੍ਰਕਾਸ਼ਤ ਹੋਈ ਸੀ।

ਗੁਪਤਾ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਦੇ ਪੁੱਤਰ ਪ੍ਰਿਅੰਕ ਖੜਗੇ ਨੇ ਉਦੈਨਿਧੀ ਦੇ ਇਸ ਬਿਆਨ ਦੀ ਹਮਾਇਤ ਕੀਤੀ ਸੀ, ਜਿਸ ਨਾਲ ਸਬੰਧਤ ਖ਼ਬਰ ਵੀ ਇਕ ਕੌਮੀ ਹਿੰਦੀ ਅਖ਼ਬਾਰ ’ਚ ਛਪੀ ਸੀ। ਵਕੀਲ ਨੇ ਕਿਹਾ ਕਿ ਇਸ ਨਾਲ ਉਸ ਦੀਆਂ ਭਾਵਨਾਵਾਂ ਨੂੰ ਢਾਹ ਲੱਗੀ ਹੈ, ਜਿਸ ਕਾਰਨ ਉਸ ਨੇ ਮੁਕੱਦਮਾ ਦਰਜ ਕਰਵਾਇਆ ਹੈ।

ਹਾਲਾਂਕਿ ਉਦੈਨਿਧੀ ਨੇ ਬਾਅਦ ’ਚ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਸਨਾਤਨ ਧਰਮ ਨੂੰ ਮੰਨਣ ਵਾਲਿਆਂ ਵਿਰੁਧ ਹਿੰਸਾ ਦਾ ਕੋਈ ਸੱਦਾ ਨਹੀਂ ਦਿਤਾ ਸੀ।

ਇਸ ਖ਼ਬਰ ਬਾਰੇ ਕੁਮੈਂਟ ਕਰੋ-