ਬਾਦਲਾਂ ਅਤੇ ਢੀਂਡਸਾ ਪਰਿਵਾਰ ਨੇ ਮਿਲੀਭੁਗਤ ਨਾਲ ਸੰਗਰੂਰ ਮੈਡੀਕਲ ਕਾਲਜ ਦੇ ਕੰਮ ਵਿਚ ਅੜਿੱਕਾ ਡਾਹਿਆ ਹੋਇਆ-ਮੁੱਖ ਮੰਤਰੀ

ਅਜਿਹੇ ਕੋਝੇ ਹੱਥਕੰਡੇ ਅਪਣਾਉਣ ਨਾਲ ਦੋਵਾਂ ਪਰਿਵਾਰਾਂ ਦਾ ਲੋਕ ਵਿਰੋਧੀ ਚਿਹਰਾ ਬੇਨਕਾਬ ਹੋਇਆ

ਮੈਡੀਕਲ ਸਿੱਖਿਆ ਦੇ ਮਾਣਮੱਤੇ ਪ੍ਰਾਜੈਕਟ ਨੂੰ ਰੋਕਣ ਲਈ ਦੋਵਾਂ ਪਰਿਵਾਰਾਂ ਨੇ ਆਪਣੇ ਸਿਆਸੀ ਵਖਰੇਵੇਂ ਵੀ ਲਾਂਭੇ ਕਰ ਦਿੱਤੇ

ਬਾਦਲਾਂ ਦੇ ਹੱਥਾਂ ਦੀ ਕਠਪੁਤਲੀ ਬਣਨ ਲਈ ਸ਼੍ਰੋਮਣੀ ਕਮੇਟੀ ਦੀ ਸਖ਼ਤ ਆਲੋਚਨਾ
ਸੰਗਰੂਰ ਵਿਚ ਹਰ ਕੀਮਤ ਉਤੇ ਮੈਡੀਕਲ ਕਾਲਜ ਬਣਾਉਣ ਲਈ ਵਚਨਬੱਧਤਾ ਦੁਹਰਾਈ

Bhagwant-Mann-1

ਸੰਗਰੂਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਬਾਦਲਾਂ ਅਤੇ ਢੀਂਡਸਾ ਪਰਿਵਾਰ ਉਤੇ ਤਿੱਖਾ ਨਿਸ਼ਾਨਾ ਸਾਧਦਿਆਂ ਆਖਿਆ ਕਿ ਇਨ੍ਹਾਂ ਦੋਵਾਂ ਪਰਿਵਾਰਾਂ ਨੇ ਆਪਣੇ ਸੌੜੇ ਸਿਆਸੀ ਹਿੱਤਾਂ ਦੀ ਖਾਤਰ ਸੰਗਰੂਰ ਦੇ ਮੈਡੀਕਲ ਕਾਲਜ ਦੇ ਕੰਮ ਵਿਚ ਅੜਿੱਕਾ ਡਾਹਿਆ ਹੋਇਆ ਹੈ।

ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਅਜਿਹੇ ਕੋਝੇ ਹੱਥਕੰਡੇ ਅਪਣਾਉਣ ਨਾਲ ਇਨ੍ਹਾਂ ਦੋਵਾਂ ਪਰਿਵਾਰਾਂ ਦਾ ਲੋਕ ਵਿਰੋਧੀ ਚਿਹਰਾ ਬੇਨਕਾਬ ਹੋਇਆ ਹੈ ਕਿਉਂਕਿ ਇਹ ਪਰਿਵਾਰ ਨਹੀਂ ਚਾਹੁੰਦੇ ਕਿ ਆਮ ਲੋਕਾਂ ਨੂੰ ਇੱਥੇ ਬਣਨ ਵਾਲੇ ਮੈਡੀਕਲ ਕਾਲਜ ਨਾਲ ਬਿਹਤਰ ਇਲਾਜ ਅਤੇ ਸਿੱਖਿਆ ਮੁਹੱਈਆ ਹੋਵੇ ਜਿਸ ਕਰਕੇ ਇਲਾਕੇ ਲਈ ਇਸ ਵੱਕਾਰੀ ਪ੍ਰਾਜੈਕਟ ਦੇ ਰਾਹ ਵਿਚ ਅੜਿੱਕੇ ਡਾਹੁਣ ਲਈ ਮਿਲੀਭੁਗਤ ਨਾਲ ਸਾਜ਼ਿਸ਼ਾਂ ਰਚੀਆਂ ਗਈਆਂ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਸੰਗਰੂਰ ਨੇੜੇ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਜੀ ਦੀ ਯਾਦ ਵਿਚ ਉਚ ਦਰਜੇ ਦਾ ਮੈਡੀਕਲ ਕਾਲਜ ਸਥਾਪਤ ਕਰਨ ਦਾ ਫੈਸਲਾ ਕੀਤਾ ਸੀ ਜਿਸ ਲਈ 460 ਕਰੋੜ ਰੁਪਏ ਦੇ ਫੰਡ ਰੱਖੇ ਗਏ ਸਨ। ਭਗਵੰਤ ਮਾਨ ਨੇ ਕਿਹਾ ਕਿ ਇਸ ਪ੍ਰਾਜੈਕਟ ਦਾ ਕੰਮ ਸ਼ੁਰੂ ਕਰਨ ਲਈ ਸੂਬਾ ਸਰਕਾਰ ਨੇ 460 ਕਰੋੜ ਰੁਪਏ ਵਿੱਚੋਂ ਬਹੁਤ ਫੰਡ ਪਹਿਲਾਂ ਹੀ ਜਾਰੀ ਕਰ ਦਿੱਤੇ ਸਨ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਮੈਡੀਕਲ ਕਾਲਜ ਦਾ ਪਹਿਲਾ ਅਕਾਦਮਿਕ ਸੈਸ਼ਨ ਇਸ ਸਾਲ ਮਾਰਚ ਮਹੀਨੇ ਤੋਂ ਸ਼ੁਰੂ ਹੋਣਾ ਸੀ ਜਿਸ ਨਾਲ ਸਮੁੱਚੇ ਮਾਲਵਾ ਖਿੱਤੇ ਨੂੰ ਬਿਹਤਰ ਮੈਡੀਕਲ ਸਹੂਲਤਾਂ ਹਾਸਲ ਹੋਣੀਆਂ ਸਨ। ਉਨ੍ਹਾਂ ਕਿਹਾ ਕਿ ਇਲਾਕੇ ਦੇ ਨੌਜਵਾਨਾਂ ਨੂੰ ਉਚੇਰੀ ਮੈਡੀਕਲ ਸਿੱਖਿਆ ਦੇ ਬਿਹਤਰ ਮੌਕੇ ਇੱਥੇ ਹੀ ਮਿਲਣੇ ਸ਼ੁਰੂ ਹੋਣੇ ਸਨ ਅਤੇ ਇਨ੍ਹਾਂ ਨੌਜਵਾਨਾਂ ਨੂੰ ਮੈਡੀਕਲ ਸਿੱਖਿਆ ਲਈ ਮਜਬੂਰੀਵੱਸ ਯੂਕਰੇਨ ਤੇ ਹੋਰ ਵਿਦੇਸ਼ੀ ਮੁਲਕਾਂ ਵਿਚ ਨਾ ਜਾਣਾ ਪੈਂਦਾ। ਇਸ ਤੋਂ ਇਲਾਵਾ ਭਗਵੰਤ ਮਾਨ ਨੇ ਕਿਹਾ ਕਿ ਮੈਡੀਕਲ ਕਾਲਜ ਨੇ ਜਿੱਥੇ ਇਲਾਕੇ ਦੇ ਨੌਜਵਾਨਾਂ ਨੂੰ ਸਿੱਧੇ ਅਤੇ ਅਸਿੱਧੇ ਤੌਰ ਉਤੇ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣੇ ਸਨ, ਉਥੇ ਹੀ ਮਾਲਵਾ ਪੱਟੀ ਦੀ ਵਿਕਾਸ ਵਿਚ ਵੱਡਾ ਯੋਗਦਾਨ ਪਾਉਣਾ ਸੀ।

ਮੁੱਖ ਮੰਤਰੀ ਨੇ ਦੁੱਖ ਨਾਲ ਕਿਹਾ ਕਿ ਇਸ ਮਾਣਮੱਤੇ ਪ੍ਰਾਜੈਕਟ ਨੂੰ ਰੋਕਣ ਲਈ ਬਾਦਲਾਂ ਅਤੇ ਢੀਂਡਸਾ ਪਰਿਵਾਰ ਨੇ ਆਪਸ ਵਿਚ ਸੁਰ ਨਾਲ ਸੁਰ ਮਿਲਾਉਂਦੇ ਹੋਏ ਆਪਣੇ ਸਿਆਸੀ ਵਖਰੇਵਿਆਂ ਨੂੰ ਵੀ ਲਾਂਭੇ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਰਸੂਖਦਾਰ ਪਰਿਵਾਰਾਂ ਨੇ ਪੂਰੀ ਵਾਹ ਲਾਈ ਹੋਈ ਹੈ ਕਿ ਕਿਸੇ ਵੀ ਤਰ੍ਹਾਂ ਇਹ ਪ੍ਰਾਜੈਕਟ ਸ਼ੁਰੂ ਨਾ ਹੋਵੇ ਅਤੇ ਇੱਥੋਂ ਤੱਕ ਕਿ ਕਾਨੂੰਨੀ ਤੌਰ ਉਤੇ ਰੁਕਾਵਟਾਂ ਪੈਦਾ ਕੀਤੀਆਂ ਗਈਆਂ। ਭਗਵੰਤ ਮਾਨ ਨੇ ਕਿਹਾ ਕਿ ਬਾਦਲਾਂ ਨੇ ਇਸ ਪ੍ਰਾਜੈਕਟ ਨੂੰ ਸਥਾਪਤ ਨਾ ਹੋਣ ਦੇਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਦੁਰਵਰਤੋਂ ਕੀਤੀ ਤਾਂ ਕਿ ਆਮ ਲੋਕਾਂ ਨੂੰ ਕੋਈ ਰਾਹਤ ਨਾ ਮਿਲ ਸਕੇ।

ਮੁੱਖ ਮੰਤਰੀ ਨੇ ਦੁੱਖ ਨਾਲ ਕਿਹਾ ਕਿ ਇਹ ਕਿੰਨੀ ਮੰਦਭਾਗੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਬਾਦਲ ਪਰਿਵਾਰ ਦੇ ਹੱਥਾਂ ਵਿਚ ਕਠਪੁਤਲੀ ਵਾਲੀ ਭੂਮਿਕਾ ਨਿਭਾਅ ਰਹੀ ਹੈ ਅਤੇ ਇਸ ਸੰਸਥਾ ਨੂੰ ਬਾਦਲਾਂ ਵੱਲੋਂ ਆਪਣੇ ਸਿਆਸੀ ਮਨਸੂਬੇ ਪੂਰੇ ਕਰਨ ਲਈ ਵਰਤਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨੂੰ ਰੋਕਣ ਲਈ ਬਾਦਲ ਸ਼੍ਰੋਮਣੀ ਕਮੇਟੀ ਦੀ ਦੁਰਵਰਤੋਂ ਕਰ ਰਹੇ ਹਨ ਜਦਕਿ ਇਸ ਪ੍ਰਾਜੈਕਟ ਨੇ ਇਲਾਕੇ ਦੇ ਲੋਕਾਂ ਦੀ ਤਕਦੀਰ ਬਦਲ ਦੇਣੀ ਸੀ। ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਅਕਾਲੀ ਉਨ੍ਹਾਂ ਕੋਲ ਆਉਣ ਤਾਂ ਅਕਾਲੀਆਂ ਪਾਸੋਂ ਇਸ ਪ੍ਰਾਜੈਕਟ ਨੂੰ ਰੋਕਣ ਪਿੱਛੇ ਦੇ ਮਕਸਦ ਬਾਰੇ ਸੁਆਲ ਜ਼ਰੂਰ ਕਰਨ।

ਮੁੱਖ ਮੰਤਰੀ ਨੇ ਦੁਹਰਾਇਆ ਕਿ ਇਹ ਮੈਡੀਕਲ ਕਾਲਜ ਹਰ ਕੀਮਤ ਉਤੇ ਸ਼ੁਰੂ ਕਰਨ ਲਈ ਉਨ੍ਹਾਂ ਦੀ ਸਰਕਾਰ ਦ੍ਰਿੜ ਵਚਨਬੱਧ ਹੈ ਤਾਂ ਕਿ ਸੂਬੇ ਦੇ ਲੋਕਾਂ ਨੂੰ ਇਸ ਦਾ ਲਾਭ ਮਿਲ ਸਕੇ। ਉਨ੍ਹਾਂ ਕਿਹਾ ਕਿ ਬਾਦਲ ਜਾਂ ਢੀਂਡਸਾ ਜੋ ਕਰਨਾ ਚਾਹੁੰਦੇ ਹਨ, ਕਰ ਲੈਣ ਪਰ ਪ੍ਰਾਜੈਕਟ ਹਰ ਹਾਲ ਵਿਚ ਸ਼ੁਰੂ ਹੋਵੇਗਾ। ਭਗਵੰਤ ਮਾਨ ਨੇ ਕਿਹਾ ਕਿ ਉਹ ਬਾਦਲਾਂ ਤੇ ਢੀਂਡਸਿਆਂ ਨੂੰ ਉਨ੍ਹਾਂ ਦੇ ਇਨ੍ਹਾਂ ਘਿਨਾਉਣੇ ਕਾਰਿਆਂ ਨੂੰ ਸਫਲ ਨਹੀਂ ਹੋਣ ਦੇਣਗੇ ਅਤੇ ਆਮ ਲੋਕਾਂ ਦੀ ਭਲਾਈ ਵਾਲਾ ਇਹ ਪ੍ਰਾਜੈਕਟ ਛੇਤੀ ਸ਼ੁਰੂ ਹੋਵੇਗਾ।

ਵਿਰੋਧੀ ਧਿਰਾਂ ਨੂੰ ਆੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਲੀਡਰਸ਼ਿਪ ਦਾ ਇੱਕੋ-ਇੱਕ ਏਜੰਡਾ ਸੂਬੇ ਦੇ ਵਿਕਾਸ ਨੂੰ ਲੀਹੋਂ ਲਾਹੁਣਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਿਰੁੱਧ ਕੋਈ ਠੋਸ ਮੁੱਦਾ ਨਾ ਹੋਣ ਕਾਰਨ ਬੁਖਲਾਏ ਹੋਏ ਅਕਾਲੀ ਮੀਡੀਆ ‘ਚ ਸੁਰਖੀਆਂ ਬਟੋਰਨ ਲਈ ਅੱਕੀ ਪਲਾਹੀ ਹੱਥ ਮਾਰ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਉਹ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਨ ਅਤੇ ਉਨ੍ਹਾਂ ਨੂੰ ਕੋਈ ਨਹੀਂ ਰੋਕ ਸਕਦਾ।

ਆਪਣੀ ਸਰਕਾਰ ਦੀਆਂ ਲੋਕ ਪੱਖੀ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਮੁਫ਼ਤ ਬਿਜਲੀ ਦੇ ਇਤਿਹਾਸਕ ਫੈਸਲੇ ਕਾਰਨ ਸੂਬੇ ਦੇ ਲਗਪਗ 90 ਫੀਸਦੀ ਲੋਕਾਂ ਦਾ ਬਿਜਲੀ ਬਿੱਲ ਜ਼ੀਰੋ ਆਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਯਤਨਾਂ ਸਦਕਾ ਸੂਬੇ ਵਿੱਚ ਬਿਜਲੀ ਉਤਪਾਦਨ ਵਿੱਚ 83 ਫੀਸਦੀ ਦਾ ਵਾਧਾ ਹੋਇਆ ਹੈ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਕੀਤੇ ਗਏ ਅਣਥੱਕ ਯਤਨਾਂ ਸਦਕਾ ਪਛਵਾੜਾ ਕੋਲ ਖਾਣ ਤੋਂ ਬਿਜਲੀ ਉਤਪਾਦਨ ਲਈ ਕੋਲੇ ਦੀ ਸਪਲਾਈ ਲੰਬੇ ਸਮੇਂ ਬਾਅਦ ਮੁੜ ਸ਼ੁਰੂ ਹੋਈ ਹੈ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬੇ ਵਿੱਚ 100 ਆਮ ਆਦਮੀ ਕਲੀਨਿਕ ਪਹਿਲਾਂ ਹੀ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਫਤ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਗਣਤੰਤਰ ਦਿਵਸ ਮੌਕੇ ਇਨ੍ਹਾਂ ਕਲੀਨਿਕਾਂ ਦੀ ਗਿਣਤੀ ਵਧਾ ਕੇ 353 ਕਰ ਦਿੱਤੀ ਜਾਵੇਗੀ ਅਤੇ ਮਾਰਚ, 2023 ਦੇ ਅੰਤ ਤੱਕ ਸੂਬੇ ਵਿੱਚ ਅਜਿਹੇ 700 ਕਲੀਨਿਕ ਚਾਲੂ ਹੋ ਜਾਣਗੇ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਸੂਬੇ ਦੇ ਸਕੂਲਾਂ ਨੂੰ ਆਹਲਾ ਦਰਜੇ ਦੇ ਸਕੂਲਾਂ ਵਿੱਚ ਤਬਦੀਲ ਕਰਨ ਲਈ ਵਚਨਬੱਧ ਹੈ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਸੂਬੇ ਵਿੱਚ ਸਿਹਤ ਅਤੇ ਸਿੱਖਿਆ ਖੇਤਰ ਨੂੰ ਮੁੱਖ ਤਰਜੀਹ ਦੇ ਰਹੀ ਹੈ ਅਤੇ ਇਨ੍ਹਾਂ ਅਹਿਮ ਖੇਤਰਾਂ ਦੀ ਕਾਇਆ ਕਲਪ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਰਾਹੀਂ ਸੂਬੇ ਦੀ ਦੌਲਤ ਲੁੱਟਣ ਵਾਲੇ ਲੋਕਾਂ ਨੂੰ ਉਨ੍ਹਾਂ ਦੀ ਸਰਕਾਰ ਨੇ ਸਲਾਖਾਂ ਪਿੱਛੇ ਡੱਕ ਦਿੱਤਾ ਹੈ। ਭਗਵੰਤ ਮਾਨ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਸਰਕਾਰੀ ਖਜ਼ਾਨੇ ‘ਚੋਂ ਲੁੱਟਿਆ ਗਿਆ ਇਕ-ਇਕ ਪੈਸਾ ਵਾਪਸ ਲਿਆ ਜਾਵੇਗਾ ਅਤੇ ਸੂਬੇ ਦੀ ਸ਼ਾਨ ਨੂੰ ਹਰ ਤਰ੍ਹਾਂ ਨਾਲ ਬਹਾਲ ਕੀਤਾ ਜਾਵੇਗਾ।

ਇਸ ਮੌਕੇ ਮੁੱਖ ਮੰਤਰੀ ਦੇ ਨਾਲ ਵਿੱਤ ਮੰਤਰੀ ਹਰਪਾਲ ਚੀਮਾ, ਸੂਚਨਾ ਤੇ ਲੋਕ ਸੰਪਰਕ ਮੰਤਰੀ ਅਮਨ ਅਰੋੜਾ, ਵਿਧਾਇਕ ਨਰਿੰਦਰ ਕੌਰ ਭਰਾਜ ਅਤੇ ਹੋਰ ਵੀ ਹਾਜ਼ਰ ਸਨ।

Leave a Reply

error: Content is protected !!