ਫ਼ੁਟਕਲ

ਹੰਕਾਰ: ਸਾਨੂੰ ਕਿਸੇ ਨਾਲ ਗਠਜੋੜ ਕਰਨ ਦੀ ਲੋੜ ਨਹੀਂ ਹੈ, ‘ਆਪ’ ਅਪਣੇ ਦਮ ’ਤੇ ਚੋਣ ਲੜੇਗੀ: ਅਨਮੋਲ ਗਗਨ ਮਾਨ

ਚੰਡੀਗੜ੍ਹ: ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਨਾਲ ਗਠਜੋੜ ਦੀ ਸੰਭਾਵਨਾ ਨੂੰ ਲੈ ਕੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਸਪੱਸ਼ਟ ਕੀਤਾ ਹੈ ਕਿ ਆਮ ਆਦਮੀ ਪਾਰਟੀ ਕੋਈ ਗਠਜੋੜ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕਾਂਗਰਸ ਨਾਲ ਕੋਈ ਸਮਝੌਤਾ ਨਹੀਂ ਕਰੇਗੀ। ‘ਆਪ’ ਲੋਕ ਸਭਾ ਦੀਆਂ ਸਾਰੀਆਂ 13 ਸੀਟਾਂ ‘ਤੇ ਇਕੱਲੀ ਚੋਣ ਲੜੇਗੀ।

ਉਨ੍ਹਾਂ ਕਿਹਾ ਕਿ ਸਾਨੂੰ ਕਿਸੇ ਨਾਲ ਗਠਜੋੜ ਕਰਨ ਦੀ ਲੋੜ ਨਹੀਂ ਹੈ। ਆਮ ਆਦਮੀ ਪਾਰਟੀ ਅਪਣੇ ਦਮ ’ਤੇ ਸਾਰੀਆਂ 13 ਸੀਟਾਂ ’ਤੇ ਚੋਣ ਲੜੇਗੀ। ਅਸੀਂ ਕਿਸੇ ਨਾਲ ਸੀਟ ਸ਼ੇਅਰਿੰਗ ਨਹੀਂ ਕਰਾਂਗੇ। ਹਾਲਾਂਕਿ ਇਸ ਤੋਂ ਪਹਿਲਾਂ ਕਾਂਗਰਸ ਆਗੂ ਨਵਜੋਤ ਸਿੱਧੂ ਨੇ ਆਮ ਆਦਮੀ ਪਾਰਟੀ ਨਾਲ ਗਠਜੋੜ ’ਤੇ ਸਹਿਮਤੀ ਜਤਾਈ ਹੈ।

ਉਨ੍ਹਾਂ ਨੇ ਸੋਸ਼ਲ ਮੀਡੀਆ ਉਤੇ ਪੋਸਟ ਸਾਂਝੀ ਕਰਦਿਆਂ ਲਿਖਿਆ “ਪਾਰਟੀ ਹਾਈ ਕਮਾਂਡ ਦਾ ਫੈਸਲਾ ਸਰਵਉੱਚ ਹੈ। ਇਹ ਇਕ ਵੱਡੇ ਕਾਰਨ (ਟੀਚੇ) ਲਈ ਹੈ, ਸੰਵਿਧਾਨ ਦੀ ਭਾਵਨਾ ਦਾ ਸਨਮਾਨ ਕਰਨ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਤੋਂ ਅਪਣੀ ਤਾਕਤ ਖਿੱਚਣ ਵਾਲੀਆਂ ਸੰਸਥਾਵਾਂ ਨੂੰ ਮੁਕਤ ਕਰਨ ਲਈ ਰਾਸ਼ਟਰੀ ਹਿੱਤਾਂ ਨੂੰ ਸਰਵਉੱਚ ਰੱਖਿਆ ਗਿਆ ਹੈ। ਸਾਡੀ ਜਮਹੂਰੀਅਤ ਦੀ ਰਾਖੀ ਲਈ ਨੀਜੀ ਸਵਾਰਥਾਂ ਨਾਲ ਭਰੀ ਮਾੜੀ ਮੋਟੀ ਸਿਆਸਤ ਨੂੰ ਤਿਆਗ ਦੇਣਾ ਚਾਹੀਦਾ ਹੈ। ਚੋਣਾਂ ਅਗਲੀਆਂ ਚੋਣਾਂ ਲਈ ਨਹੀਂ ਲੜੀਆਂ ਜਾਂਦੀਆਂ, ਅਗਲੀਆਂ ਪੀੜ੍ਹੀਆਂ ਲਈ ਲੜੀਆਂ ਜਾਂਦੀਆਂ ਹਨ। ਜੁੜੇਗਾ ਭਾਰਤ – ਜਿੱਤੇਗਾ ਇੰਡੀਆ”।

ਪੰਜਾਬ ਯੂਨਿਟ ਦਾ ਪੱਖ ਮਜ਼ਬੂਤੀ ਨਾਲ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਰੱਖਾਂਗੇ : ਬਾਜਵਾ

ਇਸ ਤੋਂ ਪਹਿਲਾਂ ਬੀਤੇ ਦਿਨ ਕਾਂਗਰਸ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਵਿਚ ਕਿਹਾ ਸੀ ਕਿ ਪੰਜਾਬ ਵਿਚ ਕਾਂਗਰਸ ਦੇ ਵਰਕਰ ‘ਆਪ’ ਨਾਲ ਗਠਜੋੜ ਨਹੀਂ ਚਾਹੁੰਦੇ ਪਰ ਫਿਰ ਵੀ ਸੱਭ ਆਗੂਆਂ ਦੀ ਰਾਏ ਲੈ ਕੇ ਪੰਜਾਬ ਕਾਂਗਰਸ ਦਾ ਗਠਜੋੜ ਬਾਰੇ ਪੱਖ 16 ਸਤੰਬਰ ਨੂੰ ਕਾਂਗਰਸ ਦੀ ਵਰਕਿੰਗ ਕਮੇਟੀ ਦੀ ਹੋਣ ਵਾਲੀ ਮੀਟਿੰਗ ਵਿਚ ਸੂਬਾ ਪ੍ਰਧਾਨ ਵਲੋਂ ਰਖਿਆ ਜਾਵੇਗਾ। ਕਾਂਗਰਸ ਸੂਬੇ ਵਿਚ ਵਿਰੋਧੀ ਧਿਰ ਵਿਚ ਹੀ ਰਹਿ ਕੇ ‘ਆਪ’ ਨਾਲ ਮੁਕਾਬਲਾ ਕਰਨਾ ਚਾਹੁੰਦੀ ਹੈ। ਜੋ ਡੇਢ ਸਾਲ ਦੇ ਸਮੇਂ ਵਿਚ ‘ਆਪ’ ਸਰਕਾਰ ਨੇ ਪੰਜਾਬ ਵਿਚ ਕਾਂਗਰਸੀਆਂ ਨਾਲ ਕੀਤਾ ਹੈ, ਉਹ ਵੀ ਇਕ ਪੱਖ ਹੈ ਜੋ ਅਸੀ ਨਜ਼ਰ ਅੰਦਾਜ਼ ਨਹੀਂ ਕਰ ਸਕਦੇ।

ਹਾਈਕਮਾਨ ਨੇ 13 ਸੀਟਾਂ ਦੀ ਤਿਆਰੀ ਕਰਨ ਲਈ ਕਿਹਾ ਹੈ : ਰਾਜਾ ਵੜਿੰਗ

ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਹਾਲੇ ਹਾਈਕਮਾਨ ਨੇ ਸਾਨੂੰ 13 ਦੀਆਂ 13 ਸੀਟਾਂ ’ਤੇ ਚੋਣ ਦੀ ਤਿਆਰੀ ਲਈ ਕਿਹਾ ਹੈ ਅਤੇ ਪੰਜਾਬ ਦੇ ਗਠਜੋੜ ਬਾਰੇ ਕੋਈ ਫ਼ੈਸਲਾ ਹਾਲੇ ਨਹੀਂ ਹੋਇਆ। ਕੌਮੀ ਪੱਧਰ ’ਤੇ ਗਠਜੋੜ ਲੋਕਤੰਤਰ ਤੇ ਸੰਵਿਧਾਨ ਨੂੰ ਬਚਾਉਣ ਲਈ ਮੋਦੀ ਸਰਕਾਰ ਨੂੰ ਚਲਦਾ ਕਰਨ ਲਈ ਹੋਇਆ ਹੈ। ਸੰਵਿਧਾਨ ਨੂੰ ਚਾਹੁਣ ਵਾਲੀਆਂ ਹਮਖ਼ਿਆਲ ਪਾਰਟੀਆਂ ਇਕ ਹੋਈਆਂ ਹਨ ਅਤੇ ਮੋਦੀ ਵਿਰੁਧ ਲੜਾਈ ਵਿਚ ਪੰਜਾਬ ਕਾਂਗਰਸ ਵੀ ਗਠਜੋੜ ਦੇ ਪੂਰੀ ਤਰ੍ਹਾਂ ਨਾਲ ਨਾਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਗਠਜੋੜ ਦਾ ਮਾਮਲਾ ਵਖਰਾ ਹੈ, ਜਿਸ ਤਰ੍ਹਾਂ ਕੇਰਲਾ ਅਤੇ ਪੱਛਮੀ ਬੰਗਾਲ ਦਾ ਮਾਮਲਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸੂਬਾ ਪੱਧਰ ਉਪਰ ਅਸੀ ‘ਆਪ’ ਸਰਕਾਰ ਵਿਰੁਧ ਲਗਾਤਾਰ ਵੱਖ ਵੱਖ ਮੁੱਦਿਆਂ ’ਤੇ ਲੜਾਈ ਲੜ ਰਹੇ ਹਾਂ ਅਤੇ ਪਿਛਲੇ ਦਿਨਾਂ ਤੋਂ ਧਰਨੇ ਵੀ ਚਲ ਰਹੇ ਹਨ।

ਇਸ ਖ਼ਬਰ ਬਾਰੇ ਕੁਮੈਂਟ ਕਰੋ-