ਸੁਨਿਆਰੇ ਦੀ ਦੁਕਾਨ ਤੋਂ ਚੋਰੀ ਕਰ ਕੇ ਭੱਜਿਆ ਚੋਰ, ਦੁਕਾਨਦਾਰ ਨੇ ਕਾਬੂ ਕਰ ਕੀਤੀ ਛਿੱਤਰ ਪਰੇਡ

thief-stole--jeweller-shop-ran-away

ਸੈਲਾ ਖੁਰਦ: ਅੱਜ ਦੁਪਹਿਰ ਇਥੋਂ ਦੇ ਮੇਨ ਬਾਜ਼ਾਰ ’ਚ ਗੋਗਨਾ ਜਿਊਲਰ ਦੀ ਦੁਕਾਨ ਤੋਂ ਇਕ ਚੋਰ ਸੋਨੇ ਦੀਆਂ ਤਿੰਨ ਮੁੰਦਰੀਆਂ ਧੋਖੇ ਨਾਲ ਚੁੱਕ ਕੇ ਆਪਣੀ ਕਾਰ ’ਚ ਸਵਾਰ ਹੋ ਕੇ ਭੱਜ ਗਿਆ ਪਰ ਦੁਕਾਨਦਾਰ ਨੇ ਤਕਰੀਬਨ 15 ਕਿਲੋਮੀਟਰ ਆਪਣੀ ਕਾਰ ’ਚ ਚੋਰ ਦਾ ਪਿੱਛਾ ਕਰ ਕੇ ਉਸ ਨੂੰ ਘੇਰ ਲਿਆ। ਇਸ ਦੌਰਾਨ ਦੁਕਾਨਦਾਰ ਨੇ ਚੋਰੀ ਕੀਤੀਆਂ ਮੁੰਦਰੀਆਂ ਉਸ ਕੋਲੋਂ ਬਰਾਮਦ ਕਰ ਲਈਆਂ ਤੇ ਉਸ ਦੀ ਖੂਬ ਛਿੱਤਰ ਪਰੇਡ ਕੀਤੀ ਪਰ ਚੋਰ ਆਪਣੀ ਕਾਰ ਛੱਡ ਕੇ ਭੱਜਣ ’ਚ ਕਾਮਯਾਬ ਹੋ ਗਿਆ।

ਗੋਗਨਾ ਜਿਊਲਰ ਦੇ ਮਾਲਕ ਅਜੇ ਗੋਗਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਇਕ ਲੜਕਾ, ਜਿਸ ਦੀ ਉਮਰ ਤਕਰੀਬਨ 25 ਤੋਂ 30 ਸਾਲ ਹੋਵੇਗੀ, ਨੇ ਉਸ ਨੂੰ ਦੁਕਾਨ ’ਤੇ ਆ ਕੇ ਕਿਹਾ ਕਿ ਭਾਜੀ ਮੈਂ ਪਾਣੀ ਪੀਣਾ ਹੈ ਤੇ ਪਾਣੀ ਪੀਣ ਉਪਰੰਤ ਕਥਿਤ ਚੋਰ ਨੇ ਆਖਿਆ ਕਿ ਮੈਂ ਆਪਣੇ ਪਿਤਾ ਲਈ ਸੋਨੇ ਦੀ ਮੁੰਦੀ ਲੈਣੀ ਹੈ, ਕੋਈ ਮੁੰਦੀ ਦਿਖਾਓ। ਦੁਕਾਨ ਮਾਲਕ ਅਜੇ ਨੇ ਉਸ ਨੂੰ ਤਿੰਨ ਮੁੰਦੀਆਂ ਵਿਖਾਈਆ ਤੇ ਚੋਰ ਨੇ ਤਿੰਨੋਂ ਮੁੰਦੀਆਂ ਆਪਣੇ ਹੱਥ ਦੀਆਂ ਉਂਗਲਾਂ ’ਚ ਪਾ ਕੇ ਕਿਹਾ ਕਿ ਦੱਸੋ ਕਿਹੜੀ ਵਧੀਆ ਲੱਗਦੀ ਹੈ। ਉਸ ਨੇ ਕਿਹਾ ਕਿ ਉਹ ਸਾਹਮਣੇ ਮੇਰੇ ਮੰਮੀ ਖੜ੍ਹੇ ਹਨ, ਉਨ੍ਹਾਂ ਤੋਂ ਪਸੰਦ ਕਰਵਾ ਲੈਂਦਾ ਹਾਂ। ਇਸ ਤੋਂ ਬਾਅਦ ਦੁਕਾਨ ਦੇ ਬਿਲਕੁਲ ਨੇੜੇ ਖੜ੍ਹੀ ਆਪਣੀ ਕਾਰ ’ਚ ਚੋਰ ਬੈਠਿਆ ਤੇ ਕਾਰ ਸਟਾਰਟ ਕਰਕੇ ਗੜ੍ਹਸ਼ੰਕਰ ਵੱਲ ਨੂੰ ਭਜਾ ਲਈ।

ਇਸ ’ਤੇ ਉਸ ਨੇ ਬਿਨਾਂ ਕੋਈ ਦੇਰੀ ਕੀਤਿਆਂ ਆਪਣੀ ਕਾਰ ਚੋਰ ਦੇ ਪਿੱਛੇ ਭਜਾ ਲਈ। ਦੁਕਾਨਦਾਰ ਅਜੇ ਨੇ ਦੱਸਿਆ ਕੇ ਚੋਰ ਨੇ ਗੜ੍ਹਸ਼ੰਕਰ ਕਚਹਿਰੀ ਸਾਹਮਣੇ ਪਾਰੋਵਾਲ ਪਿੰਡ ਵੱਲ ਨੂੰ ਕਾਰ ਪਾ ਲਈ ਤੇ ਬੀਰਮਪੁਰ ਰੋਡ ’ਤੇ ਨੌਸਰਬਾਜ਼ ਦੀ ਕਾਰ ਖੰਭੇ ਨਾਲ ਟਕਰਾ ਗਈ ਤੇ ਉਹ ਕਾਰ ਛੱਡ ਕੇ ਪੈਦਲ ਖੇਤਾਂ ’ਚ ਭੱਜ ਪਿਆ। ਇਸ ’ਤੇ ਦੁਕਾਨਦਾਰ ਨੇ ਚੋਰ ਨੂੰ ਫੜ ਕੇ ਉਸ ਦੀ ਚੰਗੀ ਛਿੱਤਰ ਪਰੇਡ ਕੀਤੀ ਤੇ ਉਸ ਦੀ ਜੇਬ ’ਚੋਂ ਆਪਣੀਆਂ ਤਿੰਨੋਂ ਸੋਨੇ ਦੀਆਂ ਮੁੰਦੀਆਂ ਕੱਢ ਲਈਆਂ । ਦੁਕਾਨਦਾਰ ਅਜੇ ਗੋਗਨਾ ਨੇ ਦੱਸਿਆ ਕਿ ਜਦੋਂ ਉਹ ਆਪਣੇ ਸੈਲਾ ਖੁਰਦ ਦੁਕਾਨਦਾਰ ਸਾਥੀਆਂ ਨੂੰ ਫੋਨ ਕਰਨ ਲੱਗਾ ਤਾਂ ਚੋਰ ਮੌਕੇ ਤੋਂ ਆਪਣੀ ਕਾਰ ਛੱਡ ਕੇ ਭੱਜ ਗਿਆ । ਇਥੇ ਇਹ ਦੱਸਣਯੋਗ ਹੈ ਕਿ ਤਕਰੀਬਨ 15 ਕਿਲੋਮੀਟਰ ਦੁਕਾਨਦਾਰ ਨੇ ਚੋਰ ਦਾ ਪਿੱਛਾ ਕੀਤਾ ਤੇ ਉਸ ਕੋਲੋਂ ਆਪਣਾ ਚੋਰੀ ਹੋਇਆ ਸਾਮਾਨ ਬਰਾਮਦ ਕੀਤਾ । ਪੁਲਸ ਨੇ ਚੋਰ ਦੀ ਇੰਡੀਕਾ ਕਾਰ, ਜਿਸ ਦਾ ਅਸਲੀ ਨੰਬਰ ਮਾਰਕਰ ਨਾਲ ਨੰਬਰ ਪਲੇਟ ’ਤੇ ਗ਼ਲਤ ਲਿਖਿਆ ਹੋਇਆ ਸੀ, ਨੂੰ ਬਰਾਮਦ ਕਰਕੇ ਚੋਰ ਦੀ ਤਲਾਸ਼ ਸ਼ੁਰੂ ਕਰ ਦਿੱਤੀ।

Leave a Reply

error: Content is protected !!