ਫ਼ੁਟਕਲ

ਪਟਵਾਰੀਆਂ ਵਲੋਂ ਵਾਧੂ ਸਰਕਲ ਛੱਡਣ ਮਗਰੋਂ ਠੇਕੇ ’ਤੇ ਰੱਖੇ 61 ਸੇਵਾਮੁਕਤ ਪਟਵਾਰੀਆਂ ਨੂੰ ਸੌਂਪਿਆ ਗਿਆ ਖ਼ਾਲੀ ਸਰਕਲਾਂ ਦਾ ਜ਼ਿੰਮਾ

ਜਲੰਧਰ: ਪਟਵਾਰੀਆਂ ਵਲੋਂ ਜਾਰੀ ਹੜਤਾਲ ਦੇ ਚਲਦਿਆਂ ਪੰਜਾਬ ਸਰਕਾਰ ਸਖ਼ਤ ਕਾਰਵਾਈ ਕਰਦੀ ਨਜ਼ਰ ਆ ਰਹੀ ਹੈ। ਹੁਣ ਪਟਵਾਰੀ ਅਤੇ ਕਾਨੂੰਨਗੋ ਐਸੋਸੀਏਸ਼ਨ ਵਲੋਂ ਉਨ੍ਹਾਂ ਨੂੰ ਮਿਲੇ ਐਡੀਸ਼ਨਲ ਸਰਕਲਾਂ ਦਾ ਕੰਮ ਛੱਡਣ ਮਗਰੋਂ ਸਰਕਾਰ ਨੇ ਨਵੇਂ ਹੁਕਮ ਜਾਰੀ ਕੀਤੇ ਹਨ।

ਬੁਧਵਾਰ ਨੂੰ ਜਲੰਧਰ ਦੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਪ੍ਰਬੰਧਕੀ ਹਿੱਤਾਂ ਨੂੰ ਮੁੱਖ ਰੱਖਦੇ ਹੋਏ 61 ਪਟਵਾਰੀਆਂ ਦੇ ਤਬਾਦਲਿਆਂ ਦੇ ਹੁਕਮ ਜਾਰੀ ਕੀਤੇ ਹਨ। ਦਰਅਸਲ ਸਰਕਾਰ ਵਲੋਂ ਕਈ ਪਟਵਾਰੀਆਂ ਨੂੰ ਉਨ੍ਹਾਂ ਦੇ ਮੁੱਖ ਕੰਮ ਦੇ ਨਾਲ-ਨਾਲ ਕਈ ਪਿੰਡਾਂ ਦਾ ਵਾਧੂ ਚਾਰਜ ਦਿਤਾ ਗਿਆ ਸੀ ਪਰ ਪਟਵਾਰੀਆਂ ਨੇ ਇਨ੍ਹਾਂ ਵਾਧੂ ਸਰਕਲਾਂ ਦਾ ਕੰਮ ਕਰਨ ਤੋਂ ਇਨਕਾਰ ਕਰ ਦਿਤਾ ਹੈ।

ਇਸ ਦੇ ਚਲਦਿਆਂ ਵਿਸ਼ੇਸ਼ ਸਾਰੰਗਲ ਨੇ ਠੇਕੇ ’ਤੇ ਰੱਖੇ 61 ਸੇਵਾਮੁਕਤ ਪਟਵਾਰੀਆਂ ਦੀਆਂ ਨਿਯੁਕਤੀਆਂ ਕਰਦਿਆਂ ਖਾਲੀ ਸਰਕਲਾਂ ਦਾ ਐਡੀਸ਼ਨਲ ਚਾਰਜ ਉਨ੍ਹਾਂ ਨੂੰ ਸੌਂਪਿਆ ਹੈ ਤਾਂ ਜੋ ਪੱਕੇ ਪਟਵਾਰੀਆਂ ਵਲੋਂ ਛੱਡੇ ਐਡੀਸ਼ਨਲ ਸਰਕਲਾਂ ਦਾ ਕੰਮਕਾਜ ਪ੍ਰਭਾਵਤ ਹੋਣ ਕਾਰਨ ਆਮ ਜਨਤਾ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।

ਡਿਪਟੀ ਕਮਿਸ਼ਨਰ ਵਲੋਂ ਜਾਰੀ ਹੁਕਮਾਂ ਵਿਚ ਜਲੰਧਰ ਨਾਲ ਸਬੰਧਤ ਵੱਖ-ਵੱਖ ਤਹਿਸੀਲਾਂ ਅਤੇ ਸਬ-ਤਹਿਸੀਲਾਂ ਨਾਲ ਸਬੰਧਤ ਪਟਵਾਰੀਆਂ ਦੇ ਛੱਡੇ ਸਰਕਲਾਂ ਦੀ ਵੰਡ ਕੀਤੀ ਗਈ ਹੈ। ਇਸ ਦੌਰਾਨ ਜਲੰਧਰ ਵਿਚ 61 ਪਟਵਾਰੀਆਂ ਦੀ ਤਾਇਨਾਤੀ ਰੀਕੀ ਗਈ ਹੈ। ਇਨ੍ਹਾਂ ਵਿਚ ਜਲੰਧਰ ਤਹਿਸੀਲ-1, ਜਲੰਧਰ ਤਹਿਸੀਲ-2, ਆਦਮਪੁਰ, ਫਿਲੌਰ, ਨਕੋਦਰ, ਆਦਮਪੁਰ ਅਤੇ ਸ਼ਾਹਕੋਟ ਖੇਤਰ ਦੇ ਪਟਵਾਰੀ ਸ਼ਾਮਲ ਹਨ।

ਇਸ ਖ਼ਬਰ ਬਾਰੇ ਕੁਮੈਂਟ ਕਰੋ-