ਟਾਪ ਨਿਊਜ਼ਦੇਸ਼-ਵਿਦੇਸ਼

ਭਾਰਤ ਤੋਂ ਆਉਣ ਵਾਲੇ ਸਿੱਖ ਅਤੇ ਹਿੰਦੂ ਸ਼ਰਧਾਲੂਆਂ ਦੀ ਗਿਣਤੀ ਵਧਾਉਣ ਦੇ ਕੀਤੇ ਜਾ ਰਹੇ ਯਤਨ: ਪਾਕਿਸਤਾਨ ਮੰਤਰੀ

ਲਾਹੌਰ: ਪਾਕਿਸਤਾਨ ਦੇ ਧਾਰਮਕ ਮਾਮਲਿਆਂ ਦੇ ਕਾਰਜਕਾਰੀ ਮੰਤਰੀ ਅਨੀਕ ਅਹਿਮਦ ਨੇ ਵੀਰਵਾਰ ਨੂੰ ਕਿਹਾ ਕਿ ਦੁਵੱਲੇ ਸਬੰਧਾਂ ਵਿਚ ਆਈ ਖਟਾਸ ਦਰਮਿਆਨ ਦੇਸ਼ ਨੇ ਭਾਰਤ ਤੋਂ ਸਿੱਖ ਅਤੇ ਹਿੰਦੂ ਸ਼ਰਧਾਲੂਆਂ ਦੀ ਗਿਣਤੀ ਵਧਾਉਣ ਲਈ ਯਤਨ ਸ਼ੁਰੂ ਕਰ ਦਿਤੇ ਹਨ ਕਿਉਂਕਿ ਹਾਲ ਹੀ ਦੇ ਸਾਲਾਂ ਵਿਚ ਉਨ੍ਹਾਂ ਦੀ ਗਿਣਤੀ ਵਿਚ ਕਮੀ ਆਈ ਹੈ।

ਦੇਸ਼ ਵਿਚ ਘੱਟ ਗਿਣਤੀਆਂ ਦੇ ਪਵਿੱਤਰ ਸਥਾਨਾਂ ਦੀ ਦੇਖਭਾਲ ਕਰਨ ਵਾਲੇ ਇਵੈਕੂਏਟ ਪ੍ਰਾਪਰਟੀ ਟਰੱਸਟ ਬੋਰਡ (ਈ.ਪੀ.ਟੀ.ਬੀ.) ਦੇ ਦੌਰੇ ਦੌਰਾਨ ਅਹਿਮਦ ਨੇ ਪੱਤਰਕਾਰਾਂ ਨੂੰ ਕਿਹਾ ਕਿ ਪਾਕਿਸਤਾਨ ਅਤੇ ਭਾਰਤ ਦਰਮਿਆਨ ਹੋਏ ਸਮਝੌਤੇ ਤਹਿਤ ਹਰ ਸਾਲ ਭਾਰਤ ਤੋਂ ਘੱਟੋ-ਘੱਟ 7,500 ਸਿੱਖ ਅਤੇ 1,000 ਹਿੰਦੂ ਸ਼ਰਧਾਲੂ ਪਾਕਿਸਤਾਨ ਦੀ ਯਾਤਰਾ ਕਰ ਸਕਦੇ ਹਨ। ਉਨ੍ਹਾਂ ਕਿਹਾ, “ਪਿਛਲੇ ਕਈ ਸਾਲਾਂ ਦੌਰਾਨ ਭਾਰਤੀ ਸ਼ਰਧਾਲੂਆਂ ਦੀ ਗਿਣਤੀ ਘੱਟ ਰਹੀ ਹੈ, ਅਸੀਂ ਭਾਰਤ ਤੋਂ ਸ਼ਰਧਾਲੂਆਂ ਦੀ ਗਿਣਤੀ ਵਧਾਉਣ ਲਈ ਯਤਨ ਸ਼ੁਰੂ ਕੀਤੇ ਹਨ”।

ਲਗਭਗ 5,000 ਭਾਰਤੀ ਸਿੱਖਾਂ ਨੇ ਪਿਛਲੇ ਸਾਲ ਪਾਕਿਸਤਾਨ ਵਿਚ ਦੋ ਵੱਡੇ ਸਮਾਗਮਾਂ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਅਤੇ ਵਿਸਾਖੀ ਮੇਲੇ ਵਿਚ ਹਿੱਸਾ ਲਿਆ ਸੀ। ਇਸੇ ਤਰ੍ਹਾਂ ਪਿਛਲੇ ਸਾਲ ਲਗਭਗ 300 ਭਾਰਤੀ ਹਿੰਦੂ ਸਿੰਧ ਪ੍ਰਾਂਤ ਦੇ ਹਯਾਤ ਪੀਤਾਫੀ ਵਿਚ ਸਤਿਗੁਰੂ ਸੰਤ ਸਵਾਮੀ ਸ਼ਾਦਾਰਾਮ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਣ ਅਤੇ ਪੰਜਾਬ ਸੂਬੇ ਦੇ ਚਕਵਾਲ ਵਿਚ ਕਟਾਸ ਰਾਜ ਮੰਦਰਾਂ ਦੇ ਦਰਸ਼ਨ ਕਰਨ ਲਈ ਪਾਕਿਸਤਾਨ ਗਏ ਸਨ।

ਅਗਸਤ 2019 ਤੋਂ ਜਦੋਂ ਭਾਰਤ ਨੇ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰ ਦਿਤਾ ਸੀ, ਉਦੋਂ ਤੋਂ ਪਾਕਿਸਤਾਨ ਅਤੇ ਭਾਰਤ ਦਰਮਿਆਨ ਦੁਵੱਲੇ ਸਬੰਧ ਤਣਾਅਪੂਰਨ ਹਨ। ਅਹਿਮਦ ਨੇ ਕਿਹਾ ਕਿ ਈ.ਟੀ.ਪੀ.ਬੀ. ਨੇ ਪਿਛਲੇ ਸਾਲ ਦੇਸ਼ ਵਿਚ ਗੈਰ-ਮੁਸਲਿਮ ਵਿਦਿਆਰਥੀਆਂ ਨੂੰ 13 ਮਿਲੀਅਨ ਪਾਕਿਸਤਾਨੀ ਰੁਪਏ ਦੀ ਸਕਾਲਰਸ਼ਿਪ ਦੀ ਪੇਸ਼ਕਸ਼ ਕੀਤੀ ਸੀ। ਮੰਤਰੀ ਨੇ ਕਿਹਾ ਕਿ ਪਾਕਿਸਤਾਨ ਦੇ ਚੰਗੇ ਅਕਸ ਨੂੰ ਉਤਸ਼ਾਹਤ ਕਰਨ ਲਈ ਧਾਰਮਕ ਸੈਰ-ਸਪਾਟੇ ਨੂੰ ਵਧਾਉਣ ਲਈ ਬਹੁਤ ਕੰਮ ਕਰਨ ਦੀ ਲੋੜ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-