ਟਾਪ ਨਿਊਜ਼ਪੰਜਾਬ

ਪੰਜਾਬ ਦੇ ਕਿਸਾਨਾਂ ਸਿਰ ਕਰਜ਼ੇ ਦੀ ਪੰਡ ਦੇਸ਼ ਵਿਚੋਂ ਸੱਭ ਤੋਂ ਭਾਰੀ, ਪ੍ਰਤੀ ਕਿਸਾਨ ਕਰਜ਼ਾ 2.95 ਲੱਖ ਰੁਪਏ

ਚੰਡੀਗੜ੍ਹ –  ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ (ਨਾਬਾਰਡ) ਦੀ ਰਿਪੋਰਟ ਵਿਚ ਪੰਜਾਬ ਦੇ ਕਿਸਾਨਾਂ ਬਾਰੇ ਵੱਡਾ ਖੁਲਾਸਾ ਹੋਇਆ ਹੈ। ਪੰਜਾਬ ਦੇ ਕਿਸਾਨ ਵਪਾਰਕ, ​ਸਹਿਕਾਰੀ ਅਤੇ ਖੇਤਰੀ ਪੇਂਡੂ ਬੈਂਕਾਂ ਤੋਂ ਕਰਜ਼ਾ ਲੈਣ ਦੇ ਮਾਮਲੇ ਵਿਚ ਦੇਸ਼ ਭਰ ਵਿਚ ਪਹਿਲੇ ਨੰਬਰ ‘ਤੇ ਹਨ। ਸੂਬੇ ਦੇ 24 ਲੱਖ 92 ਹਜ਼ਾਰ 663 ਕਿਸਾਨਾਂ ਨੇ ਬੈਂਕਾਂ ਤੋਂ 73 ਹਜ਼ਾਰ 673 ਕਰੋੜ ਰੁਪਏ ਦਾ ਕਰਜ਼ਾ ਲਿਆ ਹੋਇਆ ਹੈ।

ਇਹਨਾਂ ਵਿਚ ਗੈਰ-ਸੰਸਥਾਗਤ ਸਰੋਤ ਜਿਵੇਂ ਕਿ ਪ੍ਰਾਈਵੇਟ ਸ਼ਾਹੂਕਾਰ ਅਤੇ ਕਮਿਸ਼ਨ ਏਜੰਟ ਸ਼ਾਮਲ ਨਹੀਂ ਹਨ। ਖੇਤੀ ਨਾਲ ਸਬੰਧਤ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਇਨ੍ਹਾਂ ਸਰੋਤਾਂ ਤੋਂ ਲਏ ਕਰਜ਼ੇ ਨੂੰ ਵੀ ਜੋੜਿਆ ਜਾਵੇ ਤਾਂ ਕਿਸਾਨਾਂ ਸਿਰ ਕਰੀਬ 1 ਲੱਖ ਰੁਪਏ ਦਾ ਕਰਜ਼ਾ ਚੜ੍ਹਿਆ ਹੋਇਆ ਹੈ। ਇਸ ਅੰਕੜਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਵਿਚ ਪ੍ਰਤੀ ਕਿਸਾਨ ਔਸਤ ਕਰਜ਼ਾ 2.95 ਲੱਖ ਰੁਪਏ ਹੋ ਗਿਆ ਹੈ।

ਨਾਬਾਰਡ ਦੀ ਰਿਪੋਰਟ ਮੁਤਾਬਕ ਕਰਜ਼ਾ ਲੈਣ ਦੇ ਮਾਮਲੇ ‘ਚ ਗੁਜਰਾਤ ਦੇ ਕਿਸਾਨ ਦੂਜੇ ਸਥਾਨ ‘ਤੇ ਹਨ। ਜਿਸ ‘ਤੇ ਪ੍ਰਤੀ ਕਿਸਾਨ ਸੰਸਥਾਗਤ ਕਰਜ਼ਾ 2.28 ਲੱਖ ਰੁਪਏ ਹੈ। ਜਦੋਂ ਕਿ ਹਿਮਾਚਲ 2.11 ਲੱਖ ਰੁਪਏ ਨਾਲ ਤੀਜੇ ਸਥਾਨ ‘ਤੇ ਅਤੇ ਆਂਧਰਾ ਪ੍ਰਦੇਸ਼ 1.78 ਲੱਖ ਰੁਪਏ ਪ੍ਰਤੀ ਕਿਸਾਨ ਦੇ ਨਾਲ ਚੌਥੇ ਸਥਾਨ ‘ਤੇ ਹੈ। ਪੰਜਾਬ ਦੇ ਗੁਆਂਢੀ ਰਾਜ ਹਿਮਾਚਲ ਵਿਚ 5 ਲੱਖ, 94 ਹਜ਼ਾਰ, 446 ਕਿਸਾਨਾਂ ਨੇ 10,626 ਕਰੋੜ ਰੁਪਏ ਦਾ ਸੰਸਥਾਗਤ ਕਰਜ਼ਾ ਲਿਆ ਹੈ। ਰਿਪੋਰਟ ਮੁਤਾਬਕ ਵਪਾਰਕ ਬੈਂਕਾਂ ਤੋਂ 5 ਹਜ਼ਾਰ 308 ਕਰੋੜ ਰੁਪਏ ਦਾ ਕਰਜ਼ਾ ਲਿਆ ਗਿਆ ਹੈ।

ਪੰਜਾਬ ਦੇ ਕਿਸਾਨਾਂ ਦੇ ਗਲੇ ਵਿਚ ਕਰਜ਼ੇ ਦੀ ਫਾਂਸੀ ਦਾ ਫੰਦਾ ਲੱਗਦਾ ਜਾ ਰਿਹਾ ਹੈ। ਕਰਜ਼ੇ ਕਾਰਨ ਕਿਸਾਨ ਹਰ ਰੋਜ਼ ਖੁਦਕੁਸ਼ੀਆਂ ਕਰ ਰਹੇ ਹਨ। ਇਕ ਮੀਡੀਆ ਰਿਪੋਰਟ ਵਿਚ ਅਰਥ ਸ਼ਾਸਤਰੀ ਆਰ.ਐੱਸ.ਘੁੰਮਣ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸਰਕਾਰ ਨੂੰ ਇਸ ਮੁੱਦੇ ‘ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਕਰਜ਼ਾ ਉਨ੍ਹਾਂ ਦੀ ਜ਼ਮੀਨ ਦੀ ਕੀਮਤ ਦੇ ਆਧਾਰ ‘ਤੇ ਦਿੱਤਾ ਜਾਂਦਾ ਹੈ ਨਾ ਕਿ ਉਨ੍ਹਾਂ ਦੀਆਂ ਫ਼ਸਲਾਂ ਦੇ ਮੁੱਲ ਦੇ ਆਧਾਰ ‘ਤੇ ਪੰਜਾਬ ਵਿੱਚ ਕਿਸਾਨ ਖੁਦਕੁਸ਼ੀਆਂ ਦੀ ਦਰ ਸਭ ਤੋਂ ਵੱਧ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-