ਫੀਚਰਜ਼ਫ਼ੁਟਕਲ

ਖੜਗੇ ਨੂੰ ਜੀ20 ਦਾਅਵਤ ’ਚ ਨਾ ਸੱਦਣ ਦਾ ਮਤਲਬ ਵਿਰੋਧੀ ਆਗੂਆਂ ਨੂੰ ਮਹੱਤਵ ਨਾ ਦੇਣਾ : ਰਾਹੁਲ ਗਾਂਧੀ

ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਐੱਚ.ਡੀ. ਦੇਵਗੌੜਾ ਸਨਿਚਰਵਾਰ ਨੂੰ ਕੌਮਤਰੀ ਆਗੂਆਂ ਲਈ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੀ ਮੇਜ਼ਬਾਨੀ ’ਚ ਦਿਤੀ ਜਾ ਰਹੀ ਜੀ20 ਦਾਅਵਤ ’ਚ ‘ਸਿਹਤ ਸਬੰਧੀ ਕਾਰਨਾਂ’ ਕਾਰਨ ਸ਼ਾਮਲ ਨਹੀਂ ਹੋਣਗੇ।

ਸੂਤਰਾਂ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀਆਂ ਅਤੇ ਵਿਰੋਧੀ ਧਿਰ ਦੀ ਸਰਕਾਰ ਵਾਲੇ ਸੂਬਿਆਂ ਦੇ ਮੁੱਖ ਮੰਤਰੀਆਂ ਸਮੇਤ ਹੋਰਾਂ ਨੂੰ ਸ਼ਾਨਦਾਰ ਦਾਅਵਤ ’ਚ ਸਦਿਆ ਗਿਆ ਹੈ। ਡਾ. ਮਨਮੋਹਨ ਸਿੰਘ ਅਤੇ ਦੇਵਗੌੜਾ ਦੋਹਾਂ ਨੇ ਦਾਅਵਤ ’ਚ ਸ਼ਾਮਲ ਹੋਣ ’ਚ ਅਸਮਰਥਾ ਬਾਰੇ ਕੇਂਦਰ ਸਰਕਾਰ ਨੂੰ ਸੂਚਿਤ ਕਰ ਦਿਤਾ ਹੈ। ਦੇਵਗੌੜਾ ਨੇ ‘ਐਕਸ’ ’ਤੇ ਕਿਹਾ, ‘‘ਮੈਂ ਜੀ20 ਸ਼ਿਖਰ ਸੰਮੇਲਨ ਦੀ ਸ਼ਾਨਦਾਰ ਸਫ਼ਲਤਾ ਦੀ ਉਮੀਦ ਕਰਦਾ ਹਾਂ।’’

ਇਸ ਦੌਰਾਨ ਕਾਂਗਰਸ ਸੂਤਰਾਂ ਨੇ ਕਿਹਾ ਕਿ ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਮੱਲਿਕਾਰਜੁਨ ਖੜਗੇ, ਜੋ ਕੇਂਦਰੀ ਮੰਤਰੀ ਦੇ ਹਮਰੁਤਬਾ ਹਨ ਅਤੇ ਸੰਵਿਧਾਨ ਅਹੁਦੇ ’ਤੇ ਹਨ, ਨੂੰ ਦਾਅਵਤ ’ਚ ਨਹੀਂ ਸਦਿਆ ਗਿਆ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਜੀ20 ਦਾਅਵਤ ’ਚ ਖੜਗੇ ਨੂੰ ਨਾ ਸੱਦੇ ਜਾਣ ਨੂੰ ਲੈ ਕੇ ਸ਼ੁਕਰਵਾਰ ਨੂੰ ਬ੍ਰਸੇਲਸ ’ਚ ਸਰਕਾਰ ’ਤੇ ਨਿਸ਼ਾਨਾ ਲਾਇਆ ਅਤੇ ਕਿਹਾ ਕਿ ਇਹ ਇਸ ਗੱਲ ਦਾ ਸਬੂਤ ਹੈ ਕਿ ਸਰਕਾਰ ਦੇਸ਼ ਦੀ 60 ਫ਼ੀ ਸਦੀ ਆਬਾਦੀ ਦੀ ਪ੍ਰਤੀਨਿਧਤੀ ਕਰਨ ਵਾਲੇ ਵਿਰੋਧੀ ਆਗੂਆਂ ਨੂੰ ਮਹੱਤਵ ਨਹੀਂ ਦਿੰਦੀ।

ਸੂਤਰਾਂ ਨੇ ਕਿਹਾ ਕਿ ਕਾਂਗਰਸ ਸ਼ਾਸਤ ਸੂਬਿਆਂ ਕਰਨਾਟਕ, ਛੱਤੀਸਗੜ੍ਹ ਅਤੇ ਰਾਜਸਥਾਨ ਦੇ ਮੁੱਖ ਮੰਤਰੀਆਂ ਦੇ ਹਾਜ਼ਰ ਹੋਣ ਦੀ ਸੰਭਾਵਨਾ ਨਹੀਂ ਹੈ।
ਤ੍ਰਿਣਮੂਲ ਕਾਂਗਰਸ ਮੁਖੀ ਅਤੇ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਸ ਪ੍ਰੋਗਰਾਮ ’ਚ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਬੈਨਰਜੀ ਦਾਅਵਤ ’ਚ ਸ਼ਾਮਲ ਹੋਣ ਦੇ ਨਾਲ ਹੀ ਵੱਖੋ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਵੀ ਮੁਲਾਕਾਤ ਕਰਨਗੇ।

ਸੂਤਰਾਂ ਮੁਤਾਬਕ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੀ ਜੀ20 ਦਾਅਵਤ ’ਚ ਸ਼ਾਮਲ ਹੋਣ ਦੀ ਸੰਭਾਵਨਾ ਹੈ।

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਵੀ ਰਾਸ਼ਟਰਪਤੀ ਦੇ ਦਾਅਵਤ ’ਚ ਸ਼ਾਮਲ ਹੋਣ ਲਈ 9 ਸਤੰਬਰ ਨੂੰ ਰਾਸ਼ਟਰੀ ਰਾਜਧਾਨੀ ਆ ਰਹੇ ਹਨ। ਉਨ੍ਹਾਂ ਦੇ ਕਰੀਬੀ ਸਹਿਯੋਗੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਅਜਿਹੀਆਂ ਖ਼ਬਰਾਂ ਹਨ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਇਸ ਦਾਅਵਤ ’ਚ ਸ਼ਾਮਲ ਹੋ ਸਕਦੇ ਹਨ।

ਰਾਸ਼ਟਰਪਤੀ ਮੁਰਮੂ ਸਨਿਚਰਵਾਰ ਨੂੰ ਜੀ20 ਸ਼ਿਖਰ ਸੰਮੇਲਨ ਦੀ ਥਾਂ ‘ਭਾਰਤ ਮੰਡਪਮ’ ’ਚ ਦਾਅਵਤ ਦੀ ਮੇਜ਼ਬਾਨੀ ਕਰਨਗੇ।

ਇਸ ਖ਼ਬਰ ਬਾਰੇ ਕੁਮੈਂਟ ਕਰੋ-