ਫੀਚਰਜ਼ਭਾਰਤ

ਮਸਕਟ-ਢਾਕਾ ਉਡਾਨ ’ਚ ਹਵਾਈ ਅਮਲੇ ਦੀ ਮੈਂਬਰ ਨਾਲ ਛੇੜਖਾਨੀ ਕਰਨ ਦੇ ਦੋਸ਼ ’ਚ ਬੰਗਲਾਦੇਸ਼ੀ ਨਾਗਰਿਕ ਗ੍ਰਿਫ਼ਤਾਰ

ਮੁੰਬਈ: ਮਸਕਟ-ਢਾਕਾ ਦੀ ਮੁੰਬਈ ਤੋਂ ਹੋ ਕੇ ਜਾਣ ਵਾਲੀ ਉਡਾਨ ’ਚ ਹਵਾਈ ਹਮਲੇ ਦੀ ਇਕ ਮੈਂਬਰ ਨਾਲ ਛੇੜਖਾਨੀ ਕਰਨ ਦੇ ਦੋਸ਼ ’ਚ 30 ਸਾਲਾਂ ਦੇ ਇਕ ਬੰਗਲਾਦੇਸ਼ੀ ਨਾਗਰਿਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਹ ਘਟਨਾ ਵਿਸਤਾਰ ਉਡਾਨ ਦੇ ਮੁੰਬਈ ਕੌਮਾਂਤਰੀ ਹਵਾਈ ਅੱਡੇ ’ਤੇ ਉਤਰਨ ਤੋਂ ਪਹਿਲਾਂ ਵੀਰਵਾਰ ਤੜਕੇ ਵਾਪਰੀ।
ਅਧਿਕਾਰੀ ਨੇ ਕਿਹਾ, ‘‘ਮੁਲਜ਼ਮ ਦੀ ਪਛਾਣ ਮੁਹੰਮਦ ਦੁਲਾਲ ਵਜੋਂ ਹੋਈ ਹੈ ਅਤੇ ਉਹ ਵਿਸਤਾਰਾ ਦੀ ਉਡਾਨ ’ਤੇ ਮਸਕਟ ਤੋਂ ਮੁੰਬਈ ਢਾਕਾ ਜਾ ਰਿਹਾ ਸੀ। ਮੁੰਬਈ ਤੋਂ ਜਹਾਜ਼ ਉਤਰਨ ਤੋਂ ਅੱਧਾ ਘੰਟਾ ਪਹਿਲਾਂ ਦੁਲਾਲ ਅਪਣੀ ਸੀਟ ਤੋਂ ਉਠਿਆ ਅਤੇ ਉਸ ਨੇ ਹਵਾਈ ਅਮਲੇ ਦੀ ਸਹਾਇਕ ਨੂੰ ਜੱਫੀ ਪਾ ਲਈ ਅਤੇ ਚੁੰਮਣ ਦੀ ਕੋਸ਼ਿਸ਼ ਕੀਤੀ।’’

ਉਨ੍ਹਾਂ ਕਿਹਾ ਕਿ ਜਦੋਂ ਹਵਾਈ ਹਮਲੇ ਦੇ ਹੋਰ ਮੈਂਬਰ ਅਤੇ ਯਾਤਰੀਆਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਨ੍ਹਾਂ ’ਤੇ ਭੜਕ ਗਿਆ। ਅਧਿਕਾਰੀ ਨੇ ਕਿਹਾ ਕਿ ਮੁਲਜ਼ਮ ਯਾਤਰੀ ਨੇ ਉਡਾਨ ਦੇ ਕੈਪਟਨ ਦੀ ਗੱਲ ਵੀ ਨਹੀਂ ਸੁਣੀ। ਕੈਪਟਨ ਉਸ ਵਿਰੁਧ ਚੇਤਾਵਨੀ ਵਾਲੇ ਰੈੱਡ ਕਾਰਡ ਦੀਆਂ ਹਦਾਇਤਾਂ ਪੜ੍ਹ ਰਿਹਾ ਸੀ ਜਿਸ ’ਚ ਉਸ ਨੂੰ ਬੇਕਾਬੂ ਵਤੀਰੇ ਵਾਲਾ ਯਾਤਰੀ ਐਲਾਨ ਕਰ ਦਿਤਾ ਗਿਆ।

ਉਨ੍ਹਾਂ ਕਿਹਾ ਕਿ ਜਹਾਜ਼ ਦੇ ਮੁੰਬਈ ਹਵਾਈ ਅੱਡੇ ’ਤੇ ਉਤਰਨ ਤੋਂ ਬਾਅਦ ਯਾਤਰੀ ਨੂੰ ਸੁਰਖਿਆ ਬਲਾਂ ਨੂੰ ਸੌਂਪ ਦਿਤਾ ਗਿਆ ਜੋ ਉਸ ਨੂੰ ਸਹਾਰ ਪੁਲਿਸ ਥਾਣਾ ਲੈ ਗਏ। ਅਧਿਕਾਰੀ ਨੇ ਕਿਹਾ ਕਿ ਹਵਾਈ ਅਮਲੇ ਦੀ ਮੈਂਬਰ ਦੀ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਵਿਰੁਧ ਐਫ਼.ਆਈ.ਆਰ. ਦਰਜ ਕੀਤੀ ਗਈ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮੁਲਜ਼ਮ ਨੂੰ ਇਕ ਸਥਾਨਕ ਅਦਾਲਤ ’ਚ ਪੇਸ਼ ਕੀਤਾ ਗਿਆ ਜਿਸ ਨੇ ਉਸ ਨੂੰ ਸ਼ੁਕਰਵਾਰ ਤਕ ਲਈ ਪੁਲਿਸ ਹਿਰਾਸਤ ’ਚ ਭੇਜ ਦਿਤਾ।

ਇਸ ਖ਼ਬਰ ਬਾਰੇ ਕੁਮੈਂਟ ਕਰੋ-