ਪੰਜਾਬ

ਪੰਜਾਬ 3 ਜ਼ਿਲ੍ਹਿਆਂ ਸਮੇਤ ਦੇਸ਼ ਦੇ 55 ਹੋਰ ਜ਼ਿਲ੍ਹਿਆਂ ’ਚ ਸੋਨੇ ਦੇ ਗਹਿਣਿਆਂ ਦੀ ਹਾਲਮਾਰਕਿੰਗ ਲਾਜ਼ਮੀ ਹੋਈ

ਨਵੀਂ ਦਿੱਲੀ: ਸੋਨੇ ਦੇ ਗਹਿਣਿਆਂ ਅਤੇ ਕਲਾਕ੍ਰਿਤੀਆਂ ਦੀ ਲਾਜ਼ਮੀ ਹਾਲਮਾਰਕਿੰਗ ਦਾ ਤੀਜਾ ਪੜਾਅ 16 ਸੂਬਿਆਂ ਅਤੇ ਇਕ ਕੇਂਦਰ ਸ਼ਾਸਤ ਪ੍ਰਦੇਸ਼ ਦੇ 55 ਜ਼ਿਲ੍ਹਿਆਂ ’ਚ ਲਾਗੂ ਹੋ ਗਿਆ ਹੈ। ਸਰਕਾਰ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ।

ਕੀਮਤੀ ਧਾਤ ਦੀ ਸ਼ੁੱਧਤਾ ਦੇ ਸਬੂਤ ਦੇ ਤੌਰ ’ਤੇ ਹਾਲਮਾਰਕਿੰਗ 16 ਜੂਨ, 2021 ਤਕ ਸਵੈਇੱਛਕ ਰੂਪ ਨਾਲ ਲਾਗੂ ਸੀ। ਉਸ ਤੋਂ ਬਾਅਦ ਸਰਕਾਰ ਨੇ ਪੜਾਅਬੱਧ ਤਰੀਕੇ ਨਾਲ ਸੋਨੇ ਦੀ ਹਾਲਮਾਰਕਿੰਗ ਨੂੰ ਲਾਜ਼ਮੀ ਰੂਪ ’ਚ ਲਾਗੂ ਕਰਨ ਦਾ ਫੈਸਲਾ ਕੀਤਾ।

ਇਸ ਵੇਲੇ ਦੇਸ਼ ਦੇ ਕੁਲ 343 ਜ਼ਿਲ੍ਹਿਆਂ ’ਚ ਹਾਲਮਾਰਕਿੰਗ ਨੂੰ ਲਾਜ਼ਮੀ ਕੀਤਾ ਜਾ ਚੁੱਕਾ ਹੈ। ਹਾਲਮਾਰਕਿੰਗ ਦੇ ਪਹਿਲੇ ਪੜਾਅ ਦੀ ਸ਼ੁਰੂਆਤ 23 ਜੂਨ, 2021 ਨੂੰ ਹੋਈ ਸੀ, ਜਿਸ ’ਚ 256 ਜ਼ਿਲ੍ਹੇ ਸ਼ਾਮਲ ਸਨ। ਦੂਜਾ ਪੜਾਅ ਚਾਰ ਅਪ੍ਰੈਲ, 2022 ਨੂੰ ਸ਼ੁਰੂ ਹੋਇਆ ਸੀ ਜਿਸ ’ਚ 32 ਹੋਰ ਜ਼ਿਲ੍ਹਿਆਂ ਨੂੰ ਸ਼ਾਮਲ ਕੀਤਾ ਗਿਆ ਸੀ। ਹੁਣ ਇਸ ਦਾ ਤੀਜਾ ਪੜਾਅ ਸ਼ੁਰੂ ਹੋ ਗਿਆ ਹੈ।

ਖਪਤਕਾਰ ਮਾਮਲਿਆਂ ਦੇ ਮੰਤਰਾਲੇ ਅਨੁਸਾਰ, ਸੋਨੇ ਦੇ ਗਹਿਣਿਆਂ ਅਤੇ ਸੋਨੇ ਦੀ ਕਲਾਕ੍ਰਿਤੀਆਂ ਦੀ ਲਾਜ਼ਮੀ ਹਾਲਮਾਰਕਿੰਗ ਦੇ ਤੀਜੇ ਪੜਾਅ ਦੇ ਲਾਗੂ ਕਰਨ ਲਈ ਅੱਠ ਸਤੰਬਰ ਨੂੰ ਹੁਕਮ ਨੋਟੀਫ਼ਾਈ ਕਰ ਦਿਤਾ ਗਿਆ।

ਬਿਆਨ ਮੁਤਾਬਕ, ਸੋਨੇ ਦੇ ਗਹਿਣਿਆਂ ਦੀ ਲਾਜ਼ਮੀ ਹਾਲਾਮਾਰਕਿੰਗ ਦਾ ਤੀਜਾ ਪੜਾਅ 16 ਸੂਬਿਆਂ ਅਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਦ 55 ਹੋਰ ਨਵੇਂ ਜ਼ਿਲ੍ਹਿਆਂ ਨੂੰ ਕਵਰ ਕਰੇਗਾ।

ਇਸ ਹੇਠ ਬਿਹਾਰ ’ਚ ਪੂਰਬੀ ਚੰਪਾਰਣ ਸਮੇਤ ਅੱਠ ਜ਼ਿਲ੍ਹਿਆਂ ਦੇ ਨਾਲ ਆਂਧਰ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਪੰਜ-ਪੰਜ ਜ਼ਿਲ੍ਹੇ ਅਤੇ ਤੇਲੰਗਾਨਾ ਦੇ ਚਾਰ ਜ਼ਿਲ੍ਹੇ ਸ਼ਾਮਲ ਕੀਤੇ ਗਏ ਹਨ।

ਇਸ ਦੇ ਨਾਲ ਹਰਿਆਣਾ, ਜੰਮੂ-ਕਸ਼ਮੀਰ, ਪੰਜਾਬ, ਕਰਨਾਟਕ ਅਤੇ ਤਮਿਲਨਾਡੁ ’ਚ ਤਿੰਨ-ਤਿੰਨ ਜ਼ਿਲ੍ਹੇ ਜਦਕਿ ਅਸਮ, ਗੁਜਰਾਤ, ਝਾਰਖੰਡ, ਮੱਧ ਪ੍ਰਦੇਸ਼, ਉੱਤਰਾਖੰਡ ਅਤੇ ਪਛਮੀ ਬੰਗਾਲ ’ਚ ਦੋ-ਦੋ ਜ਼ਿਲ੍ਹੇ ਸ਼ਾਮਲ ਹੋਣਗੇ। ਰਾਜਸਥਾਨ ਦੇ ਇਕ ਜ਼ਿਲ੍ਹੇ ਜਾਲੌਰ ’ਚ ਵੀ ਇਸ ਨੂੰ ਲਾਗੂ ਕੀਤਾ ਗਿਆ ਹੈ।

ਹੁਣ ਪੰਜਾਬ ਦੇ ਅਮ੍ਰਿਤਸਰ, ਬਰਨਾਲਾ, ਬਠਿੰਡਾ, ਫ਼ਤਹਿਗੜ੍ਹ ਸਾਹਿਬ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਮਾਨਸਾ, ਪਠਾਨਕੋਟ, ਪਟਿਆਲਾ, ਸੰਗਰੂਰ, ਸ੍ਰੀ ਮੁਕਤਸਰ ਸਾਹਿਬ, ਗੁਰਦਾਸਪੁਰ, ਸ਼ਹੀਦ ਭਗਤ ਸਿੰਘ ਨਗਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਮਲੇਰਕੋਟਲਾ ਅਤੇ ਮੋਗਾ ’ਚ ਹਾਲਮਾਰਕ ਲਾਜ਼ਮੀ ਹੋ ਗਿਆ ਹੈ।

ਸੋਨੇ ਦੀ ਹਾਲਾਮਾਰਕਿੰਗ ਲਈ ਨੋਡਲ ਏਜੰਸੀ ਦੇ ਰੂਪ ’ਚ ਕੰਮ ਕਰ ਰਹੀ ਭਾਰਤੀ ਮਾਨਕ ਬਿਊਰੋ (ਬੀ.ਆਈ.ਐੱਸ.) ਨੇ ਪਿਛਲੇ ਦੋ ਪੜਾਵਾਂ ’ਚ ਇਸ ਨੂੰ ਸਫ਼ਲਤਾ ਨਾਲ ਲਾਗੂ ਕੀਤਾ ਹੈ। ਹਰ ਦਿਨ ਚਾਰ ਲੱਖ ਤੋਂ ਵੱਧ ਸੋਨੇ ਦੇ ਉਤਪਾਦਾਂ ਨੂੰ ਹਾਲਮਾਰਕ ਵਿਸ਼ੇਸ਼ ਪਛਾਣ (ਐੱਚ.ਯੂ.ਆਈ.ਡੀ.) ਨਾਲ ਹਾਲਮਾਰਕ ਕੀਤਾ ਜਾ ਰਿਹਾ ਹੈ।

ਮੰਤਰਾਲੇ ਨੇ ਕਿਹਾ ਕਿ ਲਾਜ਼ਮੀ ਹਾਲਮਾਰਕਿੰਗ ਲਾਗੂ ਕੀਤੇ ਜਾਣ ਤੋਂ ਬਾਅਦ ਤੋਂ ਰਜਿਸਟਰਡ ਗਹਿਣੇ ਵਿਕਰੀਕਰਤਾਵਾਂ ਦੀ ਗਿਣਤੀ 34,647 ਤੋਂ ਵੱਧ ਕੇ 1,81,590 ਹੋ ਗਈ ਹੈ, ਜਦਕਿ ਪਰਖ ਅਤੇ ਹਾਲਮਾਰਕਿੰਗ ਕੇਂਦਰ (ਏ.ਐੱਚ.ਸੀ.) 945 ਤੋਂ ਵੱਧ ਕੇ 1471 ਹੋ ਗਏ ਹਨ।

ਇਸ ਖ਼ਬਰ ਬਾਰੇ ਕੁਮੈਂਟ ਕਰੋ-