ਦੇਸ਼-ਵਿਦੇਸ਼

ਦੋ ਭਰਾਵਾਂ ਵਲੋਂ ਬਿਆਸ ਦਰਿਆ ‘ਚ ਛਾਲ ਮਾਰਨ ਦਾ ਮਾਮਲਾ; ਮਹਿਲਾ ਕਾਂਸਟੇਬਲ ਦੀ ਅਗਾਊਂ ਜ਼ਮਾਨਤ ’ਤੇ ਫ਼ੈਸਲਾ ਸੁਰੱਖਿਅਤ

ਕਪੂਰਥਲਾ: ਜਲੰਧਰ ਦੇ ਦੋ ਭਰਾਵਾਂ ਵਲੋਂ ਬਿਆਸ ਦਰਿਆ ‘ਚ ਛਾਲ ਮਾਰਨ ਦੇ ਮਾਮਲੇ ‘ਚ ਮੁਲਜ਼ਮ ਮਹਿਲਾ ਪੁਲਿਸ ਕਾਂਸਟੇਬਲ ਨੇ ਅਪਣੇ ਵਕੀਲ ਰਾਹੀਂ ਕਪੂਰਥਲਾ ਦੇ ਐਡੀਸ਼ਨਲ ਸੈਸ਼ਨ ਜੱਜ ਅਜਾਇਬ ਸਿੰਘ ਦੀ ਅਦਾਲਤ ‘ਚ ਅਪਣੀ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ, ਜਿਸ ‘ਤੇ ਸੁਣਵਾਈ ਕਰਦੇ ਹੋਏ ਅਦਾਲਤ ਨੇ ਇਸ ਮਾਮਲੇ ‘ਤੇ ਸੁਣਵਾਈ ਟਾਲ ਦਿਤੀ ਹੈ। ਅਦਾਲਤ ਨੇ 19 ਸਤੰਬਰ ਤਕ ਫ਼ੈਸਲਾ ਸੁਰੱਖਿਅਤ ਰੱਖਿਆ ਹੈ।

ਦੱਸ ਦੇਈਏ ਕਿ ਹਾਲ ਹੀ ਵਿਚ ਢਿੱਲੋ ਭਰਾਵਾਂ ਵਲੋਂ ਬਿਆਸ ਦਰਿਆ ‘ਚ ਛਾਲ ਮਾਰਨ ਦੇ ਮਾਮਲੇ ਵਿਚ ਫਰਾਰ ਐਸ.ਐਚ.ਓ. ਨਵਦੀਪ ਸਿੰਘ ਵਿਰੁਧ ਵੱਡੀ ਕਾਰਵਾਈ ਕੀਤੀ ਗਈ। ਬੀਤੇ ਦਿਨੀਂ ਪੰਜਾਬ ਦੇ ਡੀ.ਜੀ.ਪੀ. ਨੇ ਇੰਸਪੈਕਟਰ ਨਵਦੀਪ ਸਿੰਘ ਨੂੰ ਤੁਰਤ ਪ੍ਰਭਾਵ ਨਾਲ ਨੌਕਰੀ ਤੋਂ ਬਰਖ਼ਾਸਤ ਕਰ ਦਿਤਾ ਸੀ। ਹਾਲਾਂਕਿ ਦੋ ਹੋਰ ਮੁਲਜ਼ਮ ਮੁਨਸ਼ੀ ਬਲਵਿੰਦਰ ਸਿੰਘ ਅਤੇ ਮਹਿਲਾ ਕਾਂਸਟੇਬਲ ਜਗਜੀਤ ਕੌਰ ਵਿਰੁਧ ਵੀ ਸਖ਼ਤ ਕਾਰਵਾਈ ਹੋ ਸਕਦੀ ਹੈ।

ਮਾਮਲੇ ਵਿਚ ਲਾਈਨ ਹਾਜ਼ਰ ਚੱਲ ਰਹੇ ਥਾਣਾ ਡਿਵੀਜ਼ਨ ਨੰਬਰ 1 ਦੇ ਇੰਚਾਰਜ ਨਵਦੀਪ ਸਿੰਘ, ਮੁਨਸ਼ੀ ਬਲਵਿੰਦਰ ਅਤੇ ਮਹਿਲਾ ਕਾਂਸਟੇਬਲ ਜਗਜੀਤ ਕੌਰ ਮਾਮਲਾ ਦਰਜ ਹੁੰਦੇ ਹੀ ਫਰਾਰ ਹੋ ਗਏ। ਇਨ੍ਹਾਂ ਵਿਰੁਧ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਤਿੰਨਾਂ ਪੁਲਿਸ ਅਧਿਕਾਰੀਆਂ-ਕਰਮਚਾਰੀਆਂ ਵਿਰੁਧ ਲੁੱਕ ਆਊਟ ਨੋਟਿਸ ਜਾਰੀ ਕੀਤਾ ਹੈ।

ਜ਼ਿਕਰਯੋਗ ਹੈ ਕਿ ਜਲੰਧਰ ਸ਼ਹਿਰ ਦੇ ਦੋ ਭਰਾਵਾਂ ਮਾਨਵਜੀਤ ਅਤੇ ਜਸ਼ਨਦੀਪ ਨੇ ਕੁੱਝ ਦਿਨ ਪਹਿਲਾਂ ਗੋਇੰਦਵਾਲ ਸਾਹਿਬ ਪੁਲ ਤੋਂ ਬਿਆਸ ਨਦੀ ਵਿਚ ਛਾਲ ਮਾਰ ਦਿਤੀ ਸੀ। ਜਿਸ ਤੋਂ ਬਾਅਦ ਇਲਜ਼ਾਮ ਲਗਾਇਆ ਗਿਆ ਕਿ ਉਨ੍ਹਾਂ ਨੇ ਥਾਣਾ ਡਵੀਜ਼ਨ ਨੰਬਰ 1 ਦੇ ਇੰਚਾਰਜ ਇੰਸਪੈਕਟਰ ਨਵਦੀਪ ਸਿੰਘ ਵਲੋਂ ਕੀਤੇ ਗਏ ਦੁਰਵਿਵਹਾਰ ਤੋਂ ਤੰਗ ਆ ਕੇ ਖੁਦਕੁਸ਼ੀ ਕੀਤੀ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-