ਚੰਡੀਗੜ੍ਹ ’ਚ ਪੀਏਪੀ ਮੈੱਸ ਦੇ ਬਾਹਰੋਂ ਵਿਰਾਸਤੀ ਤੋਪ ਚੋਰੀ ਕਰਨ ਵਾਲੇ ਰਸੋਈਏ ਸਣੇ 3 ਗ੍ਰਿਫ਼ਤਾਰ
ਚੰਡੀਗੜ੍ਹ: ਚੰਡੀਗੜ੍ਹ ਪੁਲੀਸ ਨੇ ਚਾਰ ਮਹੀਨੇ ਬਾਅਦ ਇਥੋਂ ਦੇ ਸੈਕਟਰ-1 ’ਚ ਸਥਿਤ ਪੰਜਾਬ ਆਰਮਡ ਪੁਲੀਸ (ਪੀਏਪੀ) 82ਵੀਂ ਬਟਾਲੀਅਨ ਦੀ ਜੀਓ ਮੈੱਸ ਦੇ ਮੂਹਰੇ ਤੋਂ ਵਿਰਾਸਤੀ ਤੋਪ ਚੋਰੀ ਹੋਣ ਦੇ ਮਾਮਲੇ ਵਿੱਚ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਤੋਪ ਮੈੱਸ ਦੇ ਰਸੋਈਏ ਨੇ ਚੋਰੀ ਕੀਤੀ ਸੀ, ਜਿਸ ਨੂੰ ਪੁਲੀਸ ਨੇ ਚਾਰ ਮਹੀਨੇ ਬਾਅਤ ਬਰਾਮਦ ਕਰ ਲਿਆ ਹੈ। ਮੁਲਜ਼ਮਾਂ ਵਿੱਚ ਰਸੋਈਆ ਸ਼ੁਭਮ ਸ਼ਰਮਾ ਵਾਸੀ ਸੈਕਟਰ-1 ਚੰਡੀਗੜ੍ਹ, ਸੰਜੈ ਕੁਮਾਰ ਵਾਸੀ ਕੈਂਬਵਾਲਾ ਅਤੇ ਨਾਬਾਲਗ ਵੀ ਸ਼ਾਮਲ ਹੈ। ਸ਼ੁਭਮ ਸ਼ਰਮਾ ਮੈੱਸ ਵਿੱਚ ਪੰਜ ਸਾਲਾਂ ਤੋਂ ਕੰਟਰੈਕਟ ’ਤੇ ਕੰਮ ਕਰ ਰਿਹਾ ਸੀ। ਉਹ ਆਪਣੇ ਨਾਬਾਲਗ ਸਾਥੀ ਸਣੇ ਮੈੱਸ ਦੇ ਮੂਹਰੇ ਤੋਂ ਤੋਪ ਚੋਰੀ ਕਰਕੇ ਲੈ ਗਿਆ, ਜਿਨ੍ਹਾਂ ਨੇ ਤੋਪ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਪਰ ਵੇਚਣ ’ਚ ਨਾਕਾਮ ਰਹੇ। ਇਸੇ ਦੌਰਾਨ ਤੀਜੇ ਸਾਥੀ ਨੇ ਤੋਪ ਨੂੰ ਵੱਖ-ਵੱਖ ਹਿੱਸਿਆ ਵਿੱਚ ਵੇਚਣ ਦਾ ਸੁਝਾਅ ਦਿੱਤਾ। ਮੁਲਜ਼ਮਾਂ ਨੇ ਤੋਪ ਨੂੰ ਜੰਗਲਾਂ ਵਿੱਚ ਲੁਕਾ ਦਿੱਤਾ, ਜਿੱਥੋਂ ਇਹ ਤੋਪ ਦੇ ਟੁਕੜੇ ਕਰਕੇ ਵੇਚ ਰਹੇ ਸਨ। ਇਸ ਬਾਰੇ ਜਾਣਕਾਰੀ ਮਿਲਦੇ ਹੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਤੋਪ ਪਿੱਤਲ ਹੈ। ਇਹ ਤਿੰਨ ਫੁੱਟ ਲੰਬੀ ਅਤੇ ਇਸ ਦਾ ਭਾਰ 3 ਕੁਇੰਟਲ ਦੇ ਕਰੀਬ ਹੈ।