ਕੁੜੀਆਂ ਦੀ ਫਰਜ਼ੀ ਆਈਡੀ ਨਾਲ ਨੌਜਵਾਨਾਂ ਨੂੰ ਝਾਂਸਾ ਦੇ ਕੇ ਲੁੱਟਣ ਵਾਲੇ 3 ਮੁਲਜ਼ਮ ਅਸਲੇ ਸਣੇ ਕਾਬੂ
ਪਟਿਆਲਾ: ਸੋਸ਼ਲ ਮੀਡੀਆ ਦੀ ਡੇਟਿੰਗ ਐਪ ਟਿੰਡਰ ਰਾਹੀਂ ਲੜਕੀ ਦੀ ਜਾਅਲੀ ਆਈਡੀ ਬਣਾ ਕੇ ਨੌਜਵਾਨਾਂ ਨੂੰ ਮਿਲਣ ਦਾ ਝਾਂਸਾ ਦੇ ਕੇ ਉਨ੍ਹਾਂ ਨੂੰ ਲੁੱਟਣ ਵਾਲੇ ਗਰੋਹ ਦੇ 3 ਮੈਂਬਰਾਂ ਨੂੰ ਅਸਲੇ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਪਟਿਆਲਾ ਦੇ ਐੱਸਐੱਸਪੀ ਵਰਨ ਸ਼ਰਮਾ ਨੇ ਅੱਜ ਇਥੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਹ ਗ੍ਰਿਫ਼ਤਾਰੀਆਂ ਸੀਆਈਏ ਸਟਾਫ ਪਟਿਆਲਾ ਦੇ ਇੰਚਾਰਜ ਸ਼ਮਿੰਦਰ ਸਿੰਘ ਅਤੇ ਟੀਮ ਵਲੋਂ ਐੱਸਪੀ ਹਰਬੀਰ ਅਟਵਾਲ ਤੇ ਡੀਐੱਸਪੀ ਸੁੱਖਅੰਮ੍ਰਿਤ ਰੰਧਾਵਾ ਦੀ ਦੇਖ ਰੇਖ ਹੇਠਾਂ ਕੀਤੀਆਂ ਗਈਆਂ ਹਨ। ਮੁਲਜ਼ਮਾਂ ਦੀ ਪਛਾਣ ਕ੍ਰਿਸ਼ਨ ਕੁਮਾਰ, ਸੁਰਿੰਦਰ ਸਿੰਘ ਤੇ ਜਗਪ੍ਰੀਤ ਸਿੰਘ ਵਜੋਂ ਹੋਈ ਹੈ। ਇਹ ਤਿੰਨੇ ਅਮਰਗੜ੍ਹ ਦੇ ਪਿੰਡ ਰਾਮਪੁਰ ਛੰਨਾ ਦੇ ਵਾਸੀ ਹਨ। ਇਨ੍ਹਾਂ ਤੋਂ ਇਲਾਵਾ ਪੁਲੀਸ ਨੇ ਹੋਰ ਮਾਮਲਿਆਂ ’ਚ ਵੀ 4 ਹੋਰ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ।