ਫ਼ੁਟਕਲ

ਦਿੱਲੀ ਸਰਕਾਰ ਨੇ ਸਰਦੀਆਂ ’ਚ ਪ੍ਰਦੂਸ਼ਣ ਰੋਕਣ ਲਈ ਪਟਾਕਿਆਂ ਦੀ ਵਿਕਰੀ, ਪ੍ਰਯੋਗ ’ਤੇ ਰੋਕ ਲਾਈ

ਨਵੀਂ ਦਿੱਲੀ: ਦਿੱਲੀ ਸਰਕਾਰ ਨੇ ਸਰਦੀਆਂ ’ਚ ਪ੍ਰਦੂਸ਼ਣ ਦੇ ਪੱਧਰ ਨੂੰ ਘੱਟ ਕਰਨ ਦੀ ਯੋਜਨਾ ਹੇਠ ਕੌਮੀ ਰਾਜਧਾਨੀ ’ਚ ਹਰ ਤਰ੍ਹਾਂ ਦੇ ਪਟਾਕਿਆਂ ਦੇ ਬਣਾਉਣ, ਵਿਕਰੀ, ਭੰਡਾਰਨ ਅਤੇ ਪ੍ਰਯੋਗ ’ਤੇ ਮੁੜ ਪਾਬੰਦੀ ਲਾਉਣ ਦਾ ਫੈਸਲਾ ਕੀਤਾ ਹੈ। ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ।

ਰਾਏ ਨੇ ਇਕ ਪ੍ਰੈੱਸ ਕਾਨਫ਼ਰੰਸ ’ਚ ਕਿਹਾ ਕਿ ਦਿੱਲੀ ਪੁਲਿਸ ਨੂੰ ਸ਼ਹਿਰ ’ਚ ਇਹ ਪਾਬੰਦੀ ਲਾਗੂ ਕਰਨ ਦੇ ਸਖ਼ਤ ਹੁਕਮ ਜਾਰੀ ਕੀਤੇ ਜਾਣਗੇ। ਦਿੱਲੀ ਸਰਕਾਰ ਪਿਛਲੇ ਤਿੰਨ ਸਾਲਾਂ ਤੋਂ ਹਰ ਕਿਸਮ ਦੇ ਪਟਾਕਿਆਂ ’ਤੇ ਪਾਬੰਦੀ ਲਾਉਂਦੀ ਆ ਰਹੀ ਹੈ।

ਰਾਏ ਨੇ ਕਿਹਾ, ‘‘ਅਸੀਂ ਪਿਛਲੇ ਪੰਜ-ਛੇ ਸਾਲਾਂ ’ਚ ਦਿੱਲੀ ਦੀ ਹਵਾ ਕੁਆਲਿਟੀ ’ਚ ਕਾਫ਼ੀ ਸੁਧਾਰ ਵੇਖਿਆ ਹੈ ਪਰ ਅਸੀਂ ਇਸ ’ਚ ਹੋਰ ਸੁਧਾਰ ਕਰਨਾ ਹੈ, ਇਸ ਲਈ ਅਸੀਂ ਇਸ ਸਾਲ ਵੀ ਪਟਾਕਿਆਂ ’ਤੇ ਪਾਬੰਦੀ ਲਾਉਣ ਦਾ ਫੈਸਲਾ ਕੀਤਾ ਹੈ।’’

ਸਰਕਾਰ ਨੇ ਪਿਛਲੇ ਸਾਲ ਐਲਾਨ ਕੀਤਾ ਸੀ ਕਿ ਸ਼ਹਿਰ ’ਚ ਦੀਵਾਲੀ ਮੌਕੇ ਪਟਾਕੇ ਚਲਾਉਣ ’ਤੇ ਛੇ ਮਹੀਨਿਆਂ ਤਕ ਦੀ ਜੇਲ ਹੋਵੇਗੀ ਅਤੇ 200 ਰੁਪਏ ਦਾ ਜੁਰਮਾਨਾ ਲੱਗੇਗਾ।

ਇਸ ’ਚ ਕਿਹਾ ਗਿਆ ਸੀ ਕਿ ਦਿੱਲੀ ’ਚ ਪਟਾਕਿਆਂ ਦਾ ਉਤਪਾਦਨ, ਭੰਡਾਰਨ ਅਤੇ ਵਿਕਰੀ ਕਰਨਾ ਵਿਸਫ਼ੋਟਕ ਐਕਟ ਦੀ ਧਾਰਾ 9ਬੀ ਹੇਠ ਸਜ਼ਾਯੋਗ ਹੋਵੇਗਾ ਅਤੇ ਅਜਿਹਾ ਕਰਨ ’ਤੇ 5 ਹਜ਼ਾਰ ਰੁਪਏ ਤਕ ਦਾ ਜੁਰਮਾਨਾ ਅਤੇ ਤਿੰਨ ਸਾਲਾਂ ਦੀ ਜੇਲ ਹੋ ਸਕਦੀ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-