ਪੰਜਾਬ ਦੇ ਪਹਿਲੇ ਸੈਰ ਸਪਾਟਾ ਸੰਮੇਲਨ ਦੀ ਸ਼ੁਰੂਆਤ
ਚੰਡੀਗੜ੍ਹ – ਪੰਜਾਬ ਦਾ ਪਹਿਲਾ ਤਿੰਨ ਰੋਜ਼ਾ ਟੂਰਿਜ਼ਮ ਸਮਿਟ ਐਂਡ ਟਰੈਵਲ ਮਾਰਟ ਮੁਹਾਲੀ ਦੇ ਸੈਕਟਰ-82 ਵਿਚ ਅੱਜ ਸ਼ੁਰੂ ਹੋ ਗਿਆ ਹੈ। ਪ੍ਰੋਗਰਾਮ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ। ਉਨ੍ਹਾਂ ਦੇ ਨਾਲ ਪੰਜਾਬ ਦੇ ਹੋਰ ਕੈਬਨਿਟ ਮੰਤਰੀ, ਪੰਜਾਬ ਦੇ ਮੁੱਖ ਸਕੱਤਰ ਅਤੇ ਪੰਜਾਬ ਇੰਡਸਟਰੀ ਦੇ ਕਈ ਕਲਾਕਾਰ ਅਤੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਵੀ ਪਹੁੰਚੇ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੈਰ ਸਪਾਟਾ ਸੰਮੇਲਨ ਵਿਚ ਦੇਸ਼ ਅਤੇ ਦੁਨੀਆ ਦੇ ਉੱਘੇ ਮਹਿਮਾਨ ਪਹੁੰਚੇ। ਉਨ੍ਹਾਂ ਸਾਰਿਆਂ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਪੰਜਾਬ ਟੂਰਿਜ਼ਮ ਪ੍ਰੋਗਰਾਮ ਸੂਬੇ ਦੀ ਮਿੱਟੀ ਨਾਲ ਜੁੜਿਆ ਪ੍ਰੋਗਰਾਮ ਹੈ। ਉਹਨਾਂ ਦਾ ਪਹਿਲੇ ਦਿਨ ਤੋਂ ਹੀ ਸੁਪਨਾ ਰਿਹਾ ਹੈ ਕਿ ਉਹ ਪੰਜਾਬ ਬਾਰੇ ਉਹ ਸਭ ਕੁਝ ਦਿਖਾਉਣ ਜਿਸ ਬਾਰੇ ਲੋਕ ਨਹੀਂ ਜਾਣਦੇ। ਇਸ ਲਈ ਪੰਜਾਬ ਦੇ ਸੈਰ-ਸਪਾਟੇ ਨੂੰ ਉਸ ਪੱਧਰ ‘ਤੇ ਲਿਜਾਣਾ ਪਵੇਗਾ, ਜਿੱਥੇ ਇਹ ਅੱਜ ਤੱਕ ਨਹੀਂ ਪਹੁੰਚਿਆ ਕਿਉਂਕਿ ਭੂਗੋਲਿਕ ਨਜ਼ਰੀਏ ਤੋਂ ਪੰਜਾਬ ਸੈਰ-ਸਪਾਟੇ ਲਈ ਸਭ ਤੋਂ ਢੁੱਕਵਾਂ ਸਥਾਨ ਹੈ।
ਉਨ੍ਹਾਂ ਕਿਹਾ ਕਿ ਧਾਰਮਿਕ ਸੈਰ ਸਪਾਟੇ ਦੇ ਨਜ਼ਰੀਏ ਤੋਂ ਪੰਜਾਬ ਦਾ ਦੇਸ਼ ਵਿਚ ਕੋਈ ਮੁਕਾਬਲਾ ਨਹੀਂ ਹੈ। ਇਸ ਦੇ ਨਾਲ ਹੀ ਉਹਨਾਂ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਬਾਰੇ ਗੱਲ ਕਰਦਿਆਂ ਕਿਹਾ ਕਿ ਹਰ ਰੋਜ਼ ਇਕ ਲੱਖ ਸ਼ਰਧਾਲੂ ਅੰਮ੍ਰਿਤਸਰ ਸਾਹਿਬ ਵਿਖੇ ਮੱਥਾ ਟੇਕਣ ਲਈ ਪਹੁੰਚਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਫਿਲਮਾਂ ਵਿਚ ਹਰੇ ਭਰੇ ਖੇਤ ਹੀ ਦਿਖਾਈ ਦਿੰਦੇ ਹਨ ਪਰ ਇਸ ਤੋਂ ਇਲਾਵਾ ਕੁਦਰਤ ਨੇ ਪੰਜਾਬ ਨੂੰ ਬਹੁਤ ਕੁਝ ਦਿੱਤਾ ਹੈ।
ਪੰਜਾਬ ਦਾ ਕੋਈ ਵੀ ਪਿੰਡ ਅਜਿਹਾ ਨਹੀਂ ਜਿੱਥੇ ਸ਼ਹੀਦ ਦੇ ਨਾਂ ‘ਤੇ ਕੋਈ ਯਾਦਗਾਰ, ਸਟੇਡੀਅਮ, ਸਕੂਲ ਜਾਂ ਕੋਈ ਹੋਰ ਥਾਂ ਨਾ ਹੋਵੇ। ਦੁਰਗਿਆਣਾ ਮੰਦਿਰ, ਰਾਮਤੀਰਥ, ਵਾਹਗਾ ਬਾਰਡਰ ਅਤੇ ਵਾਰ ਮਿਊਜ਼ੀਅਮ ਸਮੇਤ ਬਹੁਤ ਕੁਝ ਦੇਖਣ ਲਈ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਮੁੱਖ ਮੰਤਰੀ ਤੇ ਸੈਰ ਸਪਾਟਾ ਮੰਤਰੀ ਨੇ ਪੰਜਾਬ ਲਈ ਕਈ ਨਵੀਆਂ ਸੈਰ ਸਪਾਟਾ ਨੀਤੀਆਂ ਜਾਰੀ ਕੀਤੀਆਂ ਹਨ।
ਉਨ੍ਹਾਂ ਕਿਹਾ ਕਿ ਜੀ-20 ਸਿਖ਼ਰ ਸੰਮੇਲਨ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਦੇ ਸੱਦੇ ’ਤੇ ਸੈਰ ਸਪਾਟਾ ਸੰਮੇਲਨ ਵਿਚ ਪਹੁੰਚੇ ਨਿਵੇਸ਼ਕਾਂ ਨੇ ਆਪ ਸਰਕਾਰ ਦੀਆਂ ਨੀਤੀਆਂ ’ਤੇ ਮੋਹਰ ਲਗਾਈ ਹੈ। ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਵਿਚ ਪੂੰਜੀ ਨਿਵੇਸ਼ ਲਈ ਇਹ ਢੁਕਵਾਂ ਸਮਾਂ ਹੈ ਅਤੇ ਨਿਵੇਸ਼ਕਾਂ ਨੂੰ ਸਿੰਗਲ ਵਿੰਡੋ ’ਤੇ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।