ਮੈਗਜ਼ੀਨ

ਭਾਰਤ ਦੀਆਂ ਹਰ 10 ’ਚੋਂ 6 ਕੁੜੀਆਂ ’ਚ ਖ਼ੂਨ ਦੀ ਕਮੀ : ਰੀਪੋਰਟ

ਨੈਸ਼ਨਲ ਫੈਮਿਲੀ ਹੈਲਥ ਸਰਵੇ (ਐਨ.ਐਫ.ਐਚ.ਐਸ.) ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਵਾਲੇ ਇਕ ਨਵੀਂ ਭਾਰਤੀ ਰੀਪੋਰਟ ’ਚ ਕਿਹਾ ਗਿਆ ਹੈ ਕਿ ਦੇਸ਼ ’ਚ ਲਗਭਗ ਹਰ 10 ਕੁੜੀਆਂ ’ਚੋਂ 6 ਅਨੀਮੀਆ ਜਾਂ ਖ਼ੂਨ ਦੀ ਕਮੀ ਤੋਂ ਪੀੜਤ ਹਨ।

ਬਨਾਰਸ ਹਿੰਦੂ ਯੂਨੀਵਰਸਿਟੀ (ਬੀ.ਐੱਚ.ਯੂ.) ਅਤੇ ਹੋਰ ਸੰਸਥਾਵਾਂ ਵਲੋਂ ਕੀਤੇ ਗਏ ਅਧਿਐਨ ’ਚ ਪਾਇਆ ਗਿਆ ਕਿ ਭਾਰਤ ’ਚ 15 ਤੋਂ 19 ਸਾਲ ਦੀ ਉਮਰ ਦੀਆਂ ਕੁੜੀਆਂ ’ਚ ਪੋਸ਼ਣ ਦੀ ਖ਼ਰਾਬ ਸਥਿਤੀ, ਪੈਸੇ ਅਤੇ ਸਿੱਖਿਆ ਵਰਗੇ ਹੋਰ ਸਮਾਜਕ-ਆਰਥਕ ਕਾਰਕਾਂ ਸਮੇਤ ਛੋਟੀ ਉਮਰ ’ਚ ਵਿਆਹ ਅਤੇ ਮਾਂ ਬਣਨ ਵਰਗੇ ਕਾਰਕ ਭਾਰਤੀ ਔਰਤਾਂ ’ਚ ਖ਼ੂਨ ਦੀ ਕਮੀ ਨਾਲ ਜੁੜੇ ਹੋਏ ਹਨ।

ਖੋਜ ਅਨੁਸਾਰ ਕੁਲ ਮਿਲਾ ਕੇ, ਦੇਸ਼ ਦੇ 28 ’ਚੋਂ 21 ਸੂਬਿਆਂ ’ਚ ਵੱਖ-ਵੱਖ ਪੱਧਰ ਤਕ ਅਨੀਮੀਆ ਦੇ ਪ੍ਰਸਾਰ ’ਚ ਵਾਧਾ ਦਰਜ ਕੀਤਾ ਗਿਆ ਹੈ। ਖੋਜ ਅਨੁਸਾਰ, ਅਸਾਮ, ਛੱਤੀਸਗੜ੍ਹ ਅਤੇ ਤ੍ਰਿਪੁਰਾ ’ਚ 15 ਫ਼ੀ ਦੀ ਦਾ ਵਾਧਾ ਵੇਖਿਆ ਗਿਆ, ਜਦੋਂ ਕਿ ਪੰਜਾਬ, ਕਰਨਾਟਕ, ਤੇਲੰਗਾਨਾ, ਬਿਹਾਰ ਅਤੇ ਮੱਧ ਪ੍ਰਦੇਸ਼ ’ਚ ਪੰਜ ਫ਼ੀ ਸਦੀ ਦਾ ਮਾਮੂਲੀ ਵਾਧਾ ਦਰਜ ਕੀਤਾ ਗਿਆ।
ਪੀ.ਐਲ.ਓ.ਐੱਸ. ਗਲੋਬਲ ਪਬਲਿਕ ਹੈਲਥ ਜਰਨਲ ’ਚ ਪ੍ਰਕਾਸ਼ਿਤ ਅਧਿਐਨ ’ਚ ਕਿਹਾ ਗਿਆ ਹੈ ਕਿ 60 ਫ਼ੀ ਸਦੀ ਤੋਂ ਵੱਧ ਅਨੀਮੀਆ ਦੇ ਪਸਾਰ ਵਾਲੇ ਭਾਰਤੀ ਸੂਬਿਆਂ ਦੀ ਗਿਣਤੀ 2015-16 ’ਚ ਪੰਜ ਤੋਂ ਵੱਧ ਕੇ 2019-21 ’ਚ 11 ਹੋ ਗਈ।

ਅਨੀਮੀਆ ਇਕ ਮਹੱਤਵਪੂਰਨ ਜਨਤਕ ਸਿਹਤ ਸਮੱਸਿਆ ਹੈ, ਜੋ ਖਾਸ ਤੌਰ ’ਤੇ ਭਾਰਤ ਵਿੱਚ ਔਰਤਾਂ ਨੂੰ ਪ੍ਰਭਾਵਤ ਕਰਦੀ ਹੈ। ਅਨੀਮੀਆ ਇਕ ਵਿਅਕਤੀ ’ਚ ਲਾਲ ਖ਼ੂਨ ਸੈੱਲਾਂ ਦੀ ਕਮੀ ਨਾਲ ਜੁੜਿਆ ਹੋਇਆ ਹੈ, ਜਿਸ ਦੇ ਨਤੀਜੇ ਵਜੋਂ ਕਮਜ਼ੋਰੀ ਅਤੇ ਥਕਾਵਟ ਮਹਿਸੂਸ ਹੁੰਦੀ ਹੈ।

ਖੋਜਕਰਤਾਵਾਂ ਨੇ ਪਾਇਆ ਕਿ ਨਾਬਾਲਗ ਕੁੜੀਆਂ ਜੋ ਘੱਟੋ-ਘੱਟ ਦੋ ਬੱਚਿਆਂ ਦੀਆਂ ਮਾਵਾਂ ਹਨ, ਬੇਔਲਾਦ ਕੁੜੀਆਂ ਨਾਲੋਂ ਅਨੀਮੀਆ ਦੀਆਂ ਸ਼ਿਕਾਰ ਜ਼ਿਆਦਾ ਹਨ। ਉਨ੍ਹਾਂ ਨੇ ਇਹ ਵੀ ਪਾਇਆ ਕਿ ਦੁੱਧ ਚੁੰਘਾਉਣ ਵਾਲੀਆਂ ਮਾਵਾਂ ’ਚ ਅਨੀਮੀਆ ਵਧੇਰੇ ਹੁੰਦਾ ਹੈ।

ਖੋਜਕਰਤਾਵਾਂ ਨੇ ਕਿਹਾ ਕਿ ਭਾਰਤ ਦੇ ਉੱਤਰ-ਪੂਰਬੀ ਸੂਬਿਆਂ ’ਚ ਨਾਬਾਲਗ ਕੁੜੀਆਂ ਨੂੰ ਦੇਸ਼ ਦੇ ਹੋਰ ਹਿੱਸਿਆਂ ’ਚ ਔਰਤਾਂ ਦੇ ਮੁਕਾਬਲੇ ਅਨੀਮੀਆ ਦਾ ਘੱਟ ਖ਼ਤਰਾ ਹੈ। ਉਹ ਕਹਿੰਦਾ ਹੈ ਕਿ ਇਹ ਸ਼ਾਇਦ ਇਕ ਵਿਭਿੰਨ ਅਤੇ ਪੌਸ਼ਟਿਕ ਖੁਰਾਕ ਦੇ ਕਾਰਨ ਹੈ, ਜਿਸ ’ਚ ਲੋਹੇ ਨਾਲ ਭਰਪੂਰ ਲਾਲ ਚੌਲ ਸ਼ਾਮਲ ਹਨ। ਖੋਜ ਦੇ ਅਨੁਸਾਰ, ਇਨ੍ਹਾਂ ਸੂਬਿਆਂ ’ਚ ਲਾਲ ਚੌਲ ਰਵਾਇਤੀ ਤੌਰ ’ਤੇ ਖਾਧੇ ਜਾਂਦੇ ਹਨ ਅਤੇ ਇਨ੍ਹਾਂ ਦੀ ਸੰਸਕ੍ਰਿਤੀ ਸਥਾਨਕ ਤੌਰ ’ਤੇ ਉਗਾਏ ਜਾਣ ਵਾਲੇ ਅਤੇ ਮੌਸਮੀ ਭੋਜਨਾਂ ’ਤੇ ਜ਼ੋਰ ਦਿੰਦੀ ਹੈ। ਖੋਜਕਰਤਾਵਾਂ ਅਨੁਸਾਰ, ਲਾਲ ਮੀਟ ਦੀ ਵੱਧ ਖਪਤ ਸਮੇਤ ਉਪਰੋਕਤ ਕਾਰਕ ਇਨ੍ਹਾਂ ਖੇਤਰਾਂ ’ਚ ਅਨੀਮੀਆ ਘੱਟ ਕਰਨ ’ਚ ਯੋਗਦਾਨ ਪਾ ਰਹੇ ਹਨ।

ਇਸ ਖ਼ਬਰ ਬਾਰੇ ਕੁਮੈਂਟ ਕਰੋ-