ਫੀਚਰਜ਼ਫ਼ੁਟਕਲ

ਮੋਨੂੰ ਮਾਨੇਸਰ ਨੂੰ ਪੁਲਿਸ ਨੇ ਹਿਰਾਸਤ ’ਚ ਲਿਆ : ਵਿਸ਼ਵ ਹਿੰਦੂ ਪਰਿਸ਼ਦ

ਗੁਰੂਗ੍ਰਾਮ: ਗਊਰਕਸ਼ਕ ਮੋਨੂੰ ਮਾਨੇਸਰ ਨੂੰ ਪੁਲਿਸ ਨੇ ਮੰਗਲਵਾਰ ਨੂੰ ਹਿਰਾਸਤ ’ਚ ਲੈ ਲਿਆ ਜਿਸ ਵਿਰੁਧ ਬੀਤੀ ਫ਼ਰਵਰੀ ’ਚ ਦੋ ਮੁਸਲਮਾਨਾਂ ਦੇ ਕਤਲ ਲਈ ਰਾਜਸਥਾਨ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ। ਕੁਝ ਲੋਕਾਂ ਨੇ ਉਸ ’ਤੇ ਨੂਹ ’ਚ ਹੋਈ ਹਿੰਸਾ ਲਈ ਭੀੜ ਨੂੰ ਉਕਸਾਉਣ ਦਾ ਵੀ ਦੋਸ਼ ਲਾਇਆ ਸੀ। ਇਹ ਜਾਣਕਾਰੀ ਮੋਨੂੰ ਦੇ ਸੰਗਠਨ ਨੇ ਦਿਤੀ।

ਹਰਿਆਣਾ ਪੁਲਿਸ ਨੇ ਬਜਰੰਗ ਦਲ ਦੇ ਕਾਰਕੁਨ ਨੂੰ ਹਿਰਾਸਤ ’ਚ ਲਏ ਜਾਣ ਦੀ ਪੁਸ਼ਟੀ ਨਹੀਂ ਕੀਤੀ ਹੈ। ਹਾਲਾਂਕਿ ਬਜਰੰਗ ਦਲ ਦੇ ਮੂਲ ਸੰਗਠਨ ਵਿਸ਼ਵ ਹਿੰਦੂ ਪਰਿਸ਼ਦ (ਵੀ.ਐੱਚ.ਪੀ.) ਦੇ ਇਕ ਅਹੁਦੇਦਾਰ ਨੇ ਕਿਹਾ ਕਿ ਮੋਨੂੰ ਨੂੰ ਗੁਰੂਗ੍ਰਾਮ ਦੇ ਮਾਨੇਸਰ ’ਚ ਹਿਰਾਸਤ ’ਚ ਲੈ ਲਿਆ ਗਿਆ ਹੈ।

ਇਕ ਵੀਡੀਉ ’ਚ ਕਥਿਤ ਤੌਰ ’ਤੇ ਉਸ ਨੂੰ ਸਾਦੇ ਕਪੜੇ ਪਾਈ ਲੋਕਾਂ ਵਲੋਂ ਹਿਰਾਸਤ ’ਚ ਲੈਂਦਿਆਂ ਵਿਖਾਇਆ ਗਿਆ ਹੈ। ਮਾਨੇਸਰ ਦਾ ਅਸਲੀ ਨਾਂ ਮੋਹਿਤ ਯਾਦਵ ਹੈ। ਸੂਤਰਾਂ ਨੇ ਕਿਹਾ ਕਿ ਹਰਿਆਣਾ ਪੁਲਿਸ ਕਥਿਤ ਤੌਰ ’ਤੇ ਅਗਲੇਰੀ ਪੁੱਛ-ਪੜਤਾਲ ਲਈ ਮੋਨੂੰ ਮਾਨੇਸਰ ਨੂੰ ਰਾਜਸਥਾਨ ਪੁਲਿਸ ਨੂੰ ਸੌਂਪੇਗੀ।
ਰਾਜਸਥਾਨ ਪੁਲਿਸ ਨੇ ਹਰਿਆਣਾ ਦੇ ਭਿਵਾਨੀ ਦੇ ਲੋਹਾਰੂ ’ਚ ਦੋ ਵਿਅਕਤੀਆਂ ਨਸੀਰ (25) ਅਤੇ ਜੁਨੈਦ (35) ਦੀਆਂ ਲਾਸ਼ਾਂ ਸੜੀ ਹੋਈ ਕਾਰ ’ਚ ਮਿਲਣ ਮਗਰੋਂ 16 ਫ਼ਰਵਰੀ ਨੂੰ ਮਾਨੇਸਰ ਵਿਰੁਧ ਐਫ਼.ਆਈ.ਆਰ. ਦਰਜ ਕੀਤੀ ਗਈ ਸੀ।

ਮ੍ਰਿਤਕ, ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਦੇ ਵਾਸੀ ਸਨ ਜਿਨ੍ਹਾਂ ਨੂੰ ਕਥਿਤ ਗਊਰਕਸ਼ਕਾਂ ਨੇ ਅਗਵਾ ਕਰ ਲਿਆ ਸੀ ਅਤੇ ਇਸ ਤੋਂ ਬਾਅਦ ਉਹ ਰਾਜਸਥਾਨ ਦੀ ਸਰਹੱਦ ਪਾਰ ਕਰ ਕੇ ਹਰਿਆਣਾ ’ਚ ਵੜ ਗਏ ਸਨ। ਰਾਜਸਥਾਨ ਪੁਲਿਸ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਸਾਜ਼ਸ਼ ਰਚਣ ਅਤੇ ਅਪਰਾਧ ਨੂੰ ਹੱਲਾਸ਼ੇਰੀ ਦੇਣ ’ਚ ਮਾਨੇਸਰ ਦੀ ਭੂਮਿਕਾ ‘ਸਰਗਰਮ ਜਾਂਚ ਦੇ ਘੇਰੇ’ ’ਚ ਸੀ।

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪੱਤਰਕਾਰਾਂ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਮਾਨੇਸਰ ਨੂੰ ਫੜਨ ਲਈ ਰਾਜਸਥਾਨ ਪੁਲਿਸ ਦੀ ਹਰ ਸੰਭਵ ਮਦਦ ਕਰੇਗੀ।

ਹਰਿਆਣਾ ’ਚ ਵਿਸ਼ਵ ਹਿੰਦੂ ਪਰਿਸ਼ਦ ਦੇ ਅਹੁਦੇਦਾਰ ਵਰੁਣ ਸ਼ਰਮਾ ਨੇ ਦਾਅਵਾ ਕੀਤਾ ਹੈ ਕਿ ਮਾਨੇਸਰ ਵਿਰੁਧ ਕੋਈ ਮਾਮਲਾ ਨਹੀਂ ਹੈ। ਉਨ੍ਹਾਂ ਕਿਹਾ, ‘‘ਬਜਰੰਗ ਦਲ ਦੇ ਕਾਰਕੁਨ ਨੂੰ ਬਗ਼ੈਰ ਕਿਸੇ ਕਾਰਨ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਅਸੀਂ ਇਸ ਦਾ ਵਿਰੋਧ ਕਰਦੇ ਹਾਂ।’’

ਨੂਹ ਹਿੰਸਾ ’ਚ ਵੀ ਸਾਹਮਣੇ ਆ ਚੁਕਿਆ ਹੈ ਮੋਨੂੰ ਦਾ ਨਾਂ

ਨੂਹ ’ਚ 31 ਜੁਲਾਈ ਦੀ ਹਿੰਸਾ ਤੋਂ ਪਹਿਲਾਂ ਮਾਨੇਸਰ (30) ਦਾ ਇਕ ਵੀਡੀਉ ਸਾਹਮਣੇ ਆਇਆ ਸੀ ਜਿਸ ’ਚ ਉਸ ਨੇ ਕਿਹਾ ਸੀ ਕਿ ਉਹ ਬ੍ਰਿਜ ਮੰਡਲ ਜਲਾਭਿਸ਼ੇਕ ਸ਼ੋਭਾਯਾਤਰਾ ’ਚ ਸ਼ਾਮਲ ਹੋਵੇਗਾ ਅਤੇ ਉਸ ਨੇ ਲੋਕਾਂ ਨੂੰ ਵੀ ਇਸ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ ਸੀ।

ਹਰਿਆਣਾ ਦੇ ਨੂਹ ’ਚ ਵਿਸ਼ਵ ਹਿੰਦੂ ਪਰਿਸ਼ਦ ਦੀ ਅਗਵਾਈ ਵਾਲੀ ਇਸ ਯਾਤਰਾ ’ਤੇ ਭੀੜ ਨੇ ਹਮਲਾ ਕਰ ਦਿਤਾ ਸੀ। ਇਸ ਹਿੰਸਾ ’ਚ ਨੂਹ ਅਤੇ ਗੁਰੂਗ੍ਰਾਮ ਦੇ ਛੇ ਲੋਕ ਮਾਰੇ ਗਏ ਸਨ। ਕਈ ਦਿਨਾਂ ਤਕ ਨੂਹ ਅਤੇ ਨੇੜਲੇ ਜ਼ਿਲ੍ਹਿਆਂ ’ਚ ਤਣਾਅ ਰਿਹਾ। ਇਸ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਪਾਬੰਦੀ ਦੇ ਹੁਕਮ ਲਾਗੂ ਕਰਨ ਦੇ ਨਾਲ ਮੋਬਾਈਲ ਇੰਟਰਨੈੱਟ ਸੇਵਾਵਾਂ ’ਤੇ ਪਾਬੰਦੀ ਲਾ ਦਿਤੀ ਸੀ।

ਕੁਝ ਸਮੇਂ ਬਾਅਦ ਵੀਡੀਉ ਨੂੰ ਲੈ ਕੇ ਪੁੱਛੇ ਗਏ ਸਵਾਲ ’ਤੇ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਸੀ, ‘‘ਮੈਂ ਉਹ ਵੀਡੀਉ ਵੇਖਿਆ ਹੈ, ਕਿਤੇ ਵੀ ਉਹ ਲੋਕਾਂ ਨੂੰ ਦੰਗੇ ਕਰਨ ਲਈ ਨਹੀਂ ਕਹਿ ਰਿਹਾ ਹੈ। ਉਹ ਲੋਕਾਂ ਨੂੰ ਯਾਤਰਾ ’ਚ ਹਿੱਸਾ ਲੈਣ ਦੀ ਅਪੀਲ ਕਰ ਰਿਹਾ ਹੈ।’’ ਹਰਿਆਣਾ ਪੁਲਿਸ ਨੇ ਕਿਹਾ ਸੀ ਕਿ ਹਿੰਸਾ ’ਚ ਮਾਨੇਸਰ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ।

ਇਸ ਖ਼ਬਰ ਬਾਰੇ ਕੁਮੈਂਟ ਕਰੋ-