ਟਾਪ ਨਿਊਜ਼ਭਾਰਤ

ਡੀਜ਼ਲ ਗੱਡੀਆਂ ਨੂੰ ਅਲਵਿਦਾ ਕਹੋ, ਨਹੀਂ ਤਾਂ ਟੈਕਸ ਵਧਾ ਦੇਵਾਂਗਾ : ਗਡਕਰੀ

ਨਵੀਂ ਦਿੱਲੀ: ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਚ ਮੰਤਰੀ ਨਿਤਿਨ ਗਡਕਰੀ ਨੇ ਮੰਗਲਵਾਰ ਨੂੰ ਪ੍ਰਦੂਸ਼ਣ ’ਚ ਕਟੌਤੀ ’ਚ ਮਦਦ ਲਈ ਡੀਜ਼ਲ ਗੱਡੀਆਂ ’ਤੇ 10 ਫ਼ੀ ਸਦੀ ਵਾਧੂ ਟੈਕਸ ਲਾਉਣ ਦੀ ਜ਼ਰੂਰਤ ਦੀ ਗੱਲ ਕਹੀ, ਪਰ ਬਾਅਦ ’ਚ ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਤਰ੍ਹਾਂ ਦਾ ਕੋਈ ਮਤਾ ਸਰਕਾਰ ਸਾਹਮਣੇ ਵਿਚਾਰ ਅਧੀਨ ਨਹੀਂ ਹੈ।

ਗੱਡੀ ਨਿਰਮਾਤਾਵਾਂ ਦੇ ਸੰਗਠਨ ਸੁਸਾਇਟੀ ਆਫ਼ ਇੰਡੀਅਨ ਆਟੋਮੋਬਾਈਲ ਮੈਨੂਫ਼ੈਕਚਰਰ (ਸਿਆਮ) ਦੇ 63ਵੇਂ ਸਾਲਾਨਾ ਸੰਮੇਲਨ ’ਚ ਕੇਂਦਰੀ ਸੜਕ ਆਵਾਜਾਈ ਅਤੇ ਹਾਈਵੇ ਮੰਤਰੀ ਨੇ ਕਿਹਾ ਕਿ ਪ੍ਰਦੂਸ਼ਣ ਦਾ ਵਧਦਾ ਪੱਧਰ ਲੋਕਾਂ ਦੀ ਸਿਹਤ ਲਈ ਖ਼ਤਰਾ ਹੈ।

ਗਡਕਰੀ ਨੇ ਸੰਕੇਤ ਦਿਤਾ ਸੀ ਕਿ ਇਸ ਮੁੱਦੇ ’ਤੇ ਉਨ੍ਹਾਂ ਨੇ ਇਕ ਚਿੱਠੀ ਤਿਆਰ ਕੀਤੀ ਹੈ, ਜਿਸ ਨੂੰ ਵਿੱਤ ਮੰਤਰੀ ਨਾਲ ਬੈਠਕ ’ਚ ਉਨ੍ਹਾਂ ਨੂੰ ਸੌਂਪਿਆ ਜਾਵੇਗਾ। ਗਡਕਰੀ ਨੇ ਕਿਹਾ, ‘‘ਮੈਂ ਅੱਜ ਸ਼ਾਮ ਵਿੱਤ ਮੰਤਰੀ ਨੂੰ ਇਕ ਚਿੱਠੀ ਸੌਂਪਣ ਜਾ ਰਿਹਾ ਹਾਂ ਜਿਸ ’ਚ ਡੀਜ਼ਲ ਨਾਲ ਚੱਲਣ ਵਾਲੀਆਂ ਗੱਡੀਆਂ ’ਤੇ 10 ਫ਼ੀ ਸਦੀ ਵਾਧੂ ਜੀ.ਐੱਸ.ਟੀ. ਲਾਉਣ ਦੀ ਗੱਲ ਕਹੀ ਗਈ ਹੈ। ਸਿਰਫ਼ ਇਸੇ ਤਰ੍ਹਾਂ ਡੀਜ਼ਲ ਗੱਡੀਆਂ ਨੂੰ ਹੌਲੀ-ਹੌਲੀ ਹਟਾਇਆ ਜਾ ਸਕਦਾ ਹੈ।’’

ਹਾਲਾਂਕਿ ਇਸ ਬਿਆਨ ਤੋਂ ਥੋੜ੍ਹੀ ਦੇਰ ਬਾਅਦ ਹੀ ਉਨ੍ਹਾਂ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਸ ਨੂੰ ਲੈ ਕੇ ਸਫ਼ਾਈ ਦਿੰਦਿਆਂ ਕਿਹਾ, ‘‘ਇਹ ਸਪੱਸ਼ਨ ਕਰਨਾ ਜ਼ਰੂਰੀ ਹੈ ਕਿ ਸਰਕਾਰ ਦੇ ਸਾਹਮਣੇ ਇਸ ਵੇਲੇ ਅਜਿਹਾ ਕੋਈ ਮਤਾ ਵਿਚਾਰ ਅਧੀਨ ਨਹੀਂ ਹੈ।’’

ਦੇਸ਼ ’ਚ ਫ਼ਿਲਹਾਲ ਜ਼ਿਆਦਾਤਰ ਕਾਰੋਬਾਰੀ ਗੱਡੀਆਂ ਡੀਜ਼ਲ ਨਾਲ ਚਲਦੀਆਂ ਹਨ। ਮਾਰੂਤੀ ਸੁਜ਼ੂਕੀ ਇੰਡੀਆ ਅਤੇ ਹੋਂਡਾ ਸਮੇਤ ਵੱਖੋ-ਵੱਖ ਕਾਰ ਨਿਰਮਾਤਾ ਕੰਪਨੀਆਂ ਨੇ ਡੀਜ਼ਲ ਨਾਲ ਚੱਲਣ ਵਾਲੀਆਂ ਕਾਰਾਂ ਬਣਾਉਣਾ ਪਹਿਲਾਂ ਹੀ ਬੰਦ ਕਰ ਦਿਤਾ ਹੈ।

ਗਡਕਰੀ ਨੇ ਕਿਹਾ ਕਿ ਦੇਸ਼ ’ਚ ਡੀਜ਼ਲ ਕਾਰਾਂ ਪਹਿਲਾਂ ਹੀ ਕਾਫੀ ਘੱਟ ਗਈਆਂ ਹਨ ਅਤੇ ਨਿਰਮਾਤਾਵਾਂ ਨੂੰ ਇਨ੍ਹਾਂ ਦੀ ਬਾਜ਼ਾਰ ’ਚ ਵਿਕਰੀ ਬੰਦ ਕਰਨੀ ਪਵੇਗੀ। ਡੀਜ਼ਲ ਨੂੰ ਖ਼ਤਰਨਾਕ ਬਾਲਣ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਮੰਗ ਪੂਰੀ ਕਰਨ ਲਈ ਦੇਸ਼ ਨੂੰ ਡੀਜ਼ਲ ਦੀ ਦਰਾਮਦ ਕਰਨੀ ਪੈਂਦੀ ਹੈ। ਗਡਕਰੀ ਨੇ ਕਿਹਾ, ‘‘ਡੀਜ਼ਲ ਨੂੰ ਅਲਵਿਦਾ ਕਹੋ… ਕਿਰਪਾ ਕਰ ਕੇ ਇਨ੍ਹਾਂ ਨੂੰ ਬਣਾਉਣਾ ਬੰਦ ਕਰੋ, ਨਹੀਂ ਤਾਂ ਅਸੀਂ ਟੈਕਸ ਏਨਾ ਵਧਾ ਦੇਵਾਂਗੇ ਕਿ ਡੀਜ਼ਲ ਕਾਰਾਂ ਨੂੰ ਵੇਚਣਾ ਮੁਸ਼ਕਲ ਹੋ ਜਾਵੇਗਾ।’’

ਆਟੋਮੋਬਾਈਲਜ਼ ’ਤੇ ਇਸ ਵੇਲੇ 28 ਫ਼ੀ ਸਦੀ ਜੀ.ਐੱਸ.ਟੀ. ਲਗਦਾ ਹੈ, ਨਾਲ ਹੀ ਗੱਡੀਆਂ ਦੀਆਂ ਕਿਸਮਾਂ ਦੇ ਅਧਾਰ ’ਤੇ ਇਕ ਫ਼ੀ ਸਦੀ ਤੋਂ 22 ਫ਼ੀ ਸਦੀ ਤਕ ਦਾ ਵਾਧੂ ਸੈੱਸ ਲਗਾਇਆ ਜਾਂਦਾ ਹੈ। ਗਡਕਰੀ ਨੇ ਉਦਯੋਗ ਨੂੰ ਈਥਾਨੌਲ ਅਤੇ ਗ੍ਰੀਨ ਹਾਈਡ੍ਰੋਜਨ ਵਰਗੇ ਵਾਤਾਵਰਣ ਹਿਤੈਸ਼ੀ ਬਦਲਵੇਂ ਬਾਲਣ ’ਤੇ ਧਿਆਨ ਦੇਣ ਲਈ ਵੀ ਕਿਹਾ।

ਇਸ ਖ਼ਬਰ ਬਾਰੇ ਕੁਮੈਂਟ ਕਰੋ-