ਜੰਗਲਾਤ ਵਿਭਾਗ ਵੱਲੋਂ 1.12 ਕਰੋੜ ਬੂਟੇ ਲਗਾਉਣ ਦਾ ਟੀਚਾ ਪੂਰਾ

ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਤਹਿਤ ਲਗਾਏ 54 ਲੱਖ ਬੂਟੇ, ਹੋਰ ਸਕੀਮਾਂ ਤਹਿਤ 58 ਲੱਖ ਬੂਟੇ ਲਗਾਏ ਗਏ
tree-plantation
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਵਿੱਚ ਜੰਗਲਾਤ ਹੇਠ ਰਕਬਾ ਵਧਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਜਿਸ ਦਾ ਪਤਾ ਇਸ ਤੱਥ ਤੋਂ ਲੱਗਦਾ ਹੈ ਕਿ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ 2022 ਦੌਰਾਨ 1.12 ਕਰੋੜ ਬੂਟੇ ਲਗਾਉਣ ਦਾ ਟੀਚਾ ਪੂਰਾ ਕਰ ਲਿਆ ਗਿਆ।
ਹੁਣ ਤੱਕ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਤਹਿਤ 54 ਲੱਖ ਬੂਟੇ ਲਗਾਏ ਜਾ ਚੁੱਕੇ ਹਨ ਜਦਕਿ ਹੋਰ ਵੱਖ-ਵੱਖ ਸਕੀਮਾਂ ਤਹਿਤ 58 ਲੱਖ ਬੂਟੇ ਲਗਾਏ ਗਏ ਹਨ।
ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਦੂਰਅੰਦੇਸ਼ੀ ਅਗਵਾਈ ਹੇਠ ਵਿਭਾਗ ਨੇ ਅਗਲੇ ਸਾਲ 3 ਕਰੋੜ ਬੂਟੇ ਲਗਾਉਣ ਦਾ ਟੀਚਾ ਮਿੱਥਿਆ ਹੈ ਜਿਸ ਲਈ ਵਿਭਾਗ ਕੋਈ ਕਸਰ ਬਾਕੀ ਨਹੀਂ ਛੱਡੇਗਾ।
ਇਸ ਤੋਂ ਇਲਾਵਾ, ਪੰਜਾਬ ਜੰਗਲਾਤ ਵਿਕਾਸ ਕਾਰਪੋਰੇਸ਼ਨ ਦੀ ਪਿਛਲੇ ਸਾਲ ਹੋਈ 36 ਕਰੋੜ ਰੁਪਏ ਦੀ ਆਮਦਨ ਦੇ ਮੁਕਾਬਲੇ ਸਾਲ 2022 ਦੇ ਪਹਿਲੇ 7 ਮਹੀਨਿਆਂ ਦੌਰਾਨ ਕਾਰਪੋਰੇਸ਼ਨ ਨੂੰ 29 ਕਰੋੜ ਰੁਪਏ ਦੀ ਆਮਦਨ ਹੋਈ ਹੈ ਜੋ ਜਲਦ ਹੀ ਪਿਛਲੇ ਸਾਲ ਦੇ ਅੰਕੜੇ ਨੂੰ ਪਾਰ ਕਰ ਲਵੇਗੀ। ਇਸ ਦੇ ਨਾਲ ਹੀ ਸੂਬੇ ਭਰ ਵਿੱਚ ਨਰਸਰੀ ਇੰਚਾਰਜਾਂ ਦਾ ਸਿਖਲਾਈ ਪ੍ਰੋਗਰਾਮ 17 ਨਵੰਬਰ ਤੋਂ ਹੁਸ਼ਿਆਰਪੁਰ ਵਿਖੇ ਸ਼ੁਰੂ ਹੋ ਗਿਆ ਹੈ, ਜਿਸ ਵਿੱਚ ਪਹਾੜੀ ਖੇਤਰਾਂ ਦੀਆਂ ਨਰਸਰੀਆਂ ਦੇ ਇੰਚਾਰਜਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ।
‘ਪਵਿੱਤਰ ਵਣ’ (1 ਜਾਂ 2 ਹੈਕਟੇਅਰ ਰਕਬੇ ਵਿੱਚ ਬੂਟੇ ਲਗਾਉਣਾ), ਨਾਨਕ ਬਗੀਚੀ ਅਤੇ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਵਰਗੀਆਂ ਪਹਿਲਕਦਮੀਆਂ ਪੂਰੇ ਜੋਸੋ-ਖਰੋਸ਼ ਨਾਲ ਚੱਲ ਰਹੀਆਂ ਹਨ ਤਾਂ ਜੋ ਹਰਿਆਲੀ ਅਧੀਨ ਰਕਬਾ ਵਧਾ ਕੇ ਸਾਫ਼ ਅਤੇ ਸਵੱਛ ਵਾਤਾਵਰਣ ਬਣਾਉਣ ਦਾ ਰਾਹ ਪੱਧਰਾ ਕੀਤਾ ਜਾ ਸਕੇ।
ਰੋਪੜ ਵਿੱਚ ਸਦਾਬਰਸਤ ਜੰਗਲ ਅਤੇ ਗੁਰਦਾਸਪੁਰ ਵਿੱਚ ਕੇਸ਼ੋਪੁਰ ਛੰਭ ਵਿਕਿਸਤ ਕਰਨਾ ਵੀ ਵਿਭਾਗ ਦੀ ਪ੍ਰਮੁੱਖ ਤਰਜੀਹ ਹੈ ਅਤੇ ਇਨ੍ਹਾਂ ਖੇਤਰਾਂ ਨੂੰ ਖਿੱਚ ਦੇ ਕੇਂਦਰ ਬਣਾਉਣ ਲਈ ਇੱਥੇ ਸਹੂਲਤਾਂ ਪ੍ਰਦਾਨ ਕਰਨ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਇੱਕ ਹੋਰ ਪਹਿਲਕਦਮੀ ਤਹਿਤ ਵਿਭਾਗ ਦੇ ਕਰਮਚਾਰੀਆਂ ਨੂੰ ਵਰਦੀਆਂ ਮੁਹੱਈਆ ਕਰਵਾਉਣਾ ਸ਼ਾਮਲ ਹੈ, ਜੋ ਕਿ ਪ੍ਰਗਤੀ ਅਧੀਨ ਹੈ। ਇਸ ਨਾਲ ਵਿਭਾਗ ਨੂੰ ਇੱਕ ਨਵੀਂ ਦਿੱਖ ਮਿਲਣ ਦੇ ਨਾਲ ਨਾਲ ਕਰਮਚਾਰੀਆਂ ਦਾ ਆਤਮ-ਵਿਸ਼ਵਾਸ ਵੀ ਵਧੇਗਾ।
ਕੁਝ ਪ੍ਰੋਜੈਕਟ ਜਿਵੇਂ ਕਿ ਫਗਵਾੜਾ-ਚੰਡੀਗੜ੍ਹ ਸੜਕ ਦਾ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾ ਕੇ ਸੁੰਦਰੀਕਰਨ ਕਰਨਾ, ਵਿਚਾਰ ਅਧੀਨ ਹਨ।

Leave a Reply