ਭਾਰਤ

ਜੀ20 ਕਿਤਾਬਚੇ ’ਚ ਅਕਬਰ ਦੀ ਤਾਰੀਫ਼, ਸਿੱਬਲ ਨੇ ਕਸਿਆ ਸਰਕਾਰ ’ਤੇ ਵਿਅੰਗ

ਨਵੀਂ ਦਿੱਲੀ: ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਜੀ20 ਦੇ ਇਕ ਕਿਤਾਬਚੇ ’ਚ ਮੁਗ਼ਲ ਬਾਦਸ਼ਾਹ ਅਕਬਰ ਦੀ ਤਾਰੀਫ਼ ਕੀਤੇ ਜਾਣ ਮਗਰੋਂ ਸਰਕਾਰ ’ਤੇ ਬੁਧਵਾਰ ਨੂੰ ਵਿਅੰਗ ਕਸਿਆ ਕਿ ਉਸ ਦਾ ਇਕ ਚਿਹਰਾ ਦੁਨੀਆਂ ਨੂੰ ਵਿਖਾਉਣ ਲਈ ਹੈ ਅਤੇ ਦੂਜਾ ‘ਇੰਡੀਆ ਲਈ ਹੈ, ਜੋ ਕਿ ਭਾਰਤ ਹੈ।’’

ਸਿੱਬਲ ਨੇ ‘ਭਾਰਤ: ਦ ਮਦਰ ਆਫ਼ ਡੈਮੋਕ੍ਰੇਸੀ’ ਸਿਰਲੇਖ ਵਾਲੇ ਜੀ20 ਦੇ ਇਕ ਕਿਤਾਬਚੇ ਦਾ ਜ਼ਿਕਰ ਕੀਤਾ। 38 ਪੰਨਿਆਂ ਵਾਲੇ ਇਸ ਕਿਤਾਬਚੇ ’ਚ ਅਕਬਰ ਬਾਰੇ ਵੇਰਵਾ ਦਿਤਾ ਗਿਆ ਹੈ।

ਇਸ ਕਿਤਾਬਚੇ ’ਚ ਕਿਹਾ ਗਿਆ ਹੈ, ‘‘ਸੁਸ਼ਾਸਨ ’ਚ ਸਾਰਿਆਂ ਦੀ ਭਲਾਈ ਸਮਾਈ ਹੋਣੀ ਚਾਹੀਦੀ ਹੈ, ਫਿਰ ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ। ਇਸ ਤਰ੍ਹਾਂ ਦਾ ਲੋਕਤੰਤਰ ਮੁਗ਼ਲ ਬਾਦਸ਼ਾਹ ਅਕਬਰ ਦੇ ਸਮੇਂ ਸੀ।’’

ਸਿੱਬਲ ਨੇ ਇਸ ’ਤੇ ਸਰਕਾਰ ’ਤੇ ਵਿਅੰਗ ਕਸਦਿਆਂ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਅਪਣੀ ਇਕ ਪੋਸਟ ’ਚ ਕਿਹਾ, ‘‘ਜੀ20 ਕਿਤਾਬਚਾ: ਸਰਕਾਰ ਨੇ ਮੁਗ਼ਲ ਬਾਦਸ਼ਾਹ ਅਕਬਰ ਦੀ ਸ਼ਾਂਤੀ ਅਤੇ ਲੋਕਤੰਤਰ ਪ੍ਰੇਰਨਾਕਰਤਾ ਵਜੋਂ ਤਾਰੀਫ਼ ਕੀਤੀ ਹੈ। ਇਕ ਚਿਹਰਾ: ਦੁਨੀਆਂ ਲਈ, ਦੂਜਾ ਚਿਹਰਾ: ਇੰਡੀਆ ਲਈ ਜੋ ਭਾਰਤ ਹੈ। ਕ੍ਰਿਪਾ ਕਰ ਕੇ ਸਾਨੂੰ ਅਸਲੀ ਮਨ ਦੀ ਗੱਲ ਦੱਸੋ।’’

ਇਸ ਕਿਤਾਬਚੇ ’ਚ ਕਿਹਾ ਗਿਆ ਹੈ ਕਿ ਅਕਬਰ ਨੇ ‘‘ਧਾਰਮਕ ਵਿਤਕਰੇ ਨਾਲ ਨਜਿੱਠਣ ਲਈ ‘ਸੁਲਹ-ਏ-ਕੁਲੀ’ ਯਾਨੀਕਿ ਕੌਮਾਂਤਰੀ ਸ਼ਾਂਤੀ ਦਾ ਸਿਧਾਂਤ ਪੇਸ਼ ਕੀਤਾ।’’ ਕਿਤਾਬਚੇ ’ਚ ਅੱਗੇ ਕਿਹਾ ਗਿਆ, ‘‘ਸਮਾਨ-ਸੁਭਾਵਕ ਸਮਾਜ ਦੇ ਨਿਰਮਾਣ ਲਈ ਉਨ੍ਹਾਂ ਨੇ ਇਕ ਨਵੇਂ ਤਾਲਮੇਲਪੂਰਨ ਧਰਮ ‘ਦੀਨ-ਏ-ਇਲਾਹੀ’ ਦੀ ਸੋਚ ਪੇਸ਼ ਕੀਤੀ। ਉਨ੍ਹਾਂ ਨੇ ‘ਇਬਾਦਤਖ਼ਾਨਾ (ਪ੍ਰਾਰਥਨਾ ਦਾ ਸਥਾਨ)’ ਦੀ ਵੀ ਸਥਾਪਨਾ ਕੀਤੀ, ਜਿੱਥੇ ਵੱਖੋ-ਵੱਖ ਫ਼ਿਰਕਿਆਂ ਦੇ ਬੁੱਧੀਵਾਨ ਲੋਕ ਮਿਲਦੇ ਸਨ ਅਤੇ ਚਰਚਾ ਕਰਦੇ ਸਨ।’’

ਕਿਤਾਬਚੇ ’ਚ ਕਿਹਾ ਗਿਆ, ‘‘ਨੌਂ ਅਤਿ ਬੁੱਧੀਮਾਨ ਲੋਕ, ਜਿਨ੍ਹਾਂ ਨੂੰ ਨਵਰਤਨ ਕਿਹਾ ਜਾਂਦਾ ਸੀ ਅਕਬਰ ਦੇ ਸਲਾਹਕਰਤਾਵਾਂ ਵਜੋਂ ਕੰਮ ਕਰਦੇ ਸਨ ਅਤੇ ਉਨ੍ਹਾਂ ਦੀਆਂ ਲੋਕ ਭਲਾਈ ਵਾਲੀਆਂ ਨੀਤੀਆਂ ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਸੰਭਾਲਦੇ ਸਨ।’’ ਕਿਤਾਬਚੇ ਅਨੁਸਾਰ, ‘‘ਅਕਬਰ ਦੀ ਲੋਕਤੰਤਰ ਦੀ ਇਹ ਸੋਚ ਅਸਾਧਾਰਨ ਸੀ ਅਤੇ ਅਪਣੇ ਸਮੇਂ ਤੋਂ ਕਾਫ਼ੀ ਅੱਗੇ ਸੀ।’’

 

ਇਸ ਖ਼ਬਰ ਬਾਰੇ ਕੁਮੈਂਟ ਕਰੋ-