ਘਰ ਦੇ ਬਾਹਰ ਖੜ੍ਹੇ ਹੋਣ ਤੋਂ ਰੋਕਣ ‘ਤੇ ਨਸ਼ੇੜੀ ਨੇ ਦੋਸਤਾਂ ਨਾਲ ਮਿਲ ਕੇ ਪਿਓ-ਪੁੱਤਰਾਂ ‘ਤੇ ਕੀਤਾ ਹਮਲਾ, ਗੰਭੀਰ ਜ਼ਖ਼ਮੀ
ਪਟਿਆਲਾ: ਸ਼ੁਤਰਾਣਾ ਵਿਚ ਜਦੋਂ ਇਕ ਪਰਿਵਾਰ ਨੇ ਇਕ ਨਸ਼ੇੜੀ ਨੌਜਵਾਨ ਨੂੰ ਘਰ ਦੇ ਸਾਹਮਣੇ ਖੜ੍ਹੇ ਹੋਣ ਤੋਂ ਰੋਕਿਆ ਤਾਂ ਉਸ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਪਿਤਾ ਅਤੇ ਉਸਦੇ ਦੋ ਪੁੱਤਰਾਂ ‘ਤੇ ਹਥਿਆਰਾਂ ਨਾਲ ਹਮਲਾ ਕਰ ਦਿਤਾ।
ਤਿੰਨਾਂ ਨੂੰ ਰਾਜਿੰਦਰਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਸ਼ੁਤਰਾਣਾ ਦੇ ਵਾਸੀ ਸਤਪਾਲ ਸਿੰਘ ਦੀ ਸ਼ਿਕਾਇਤ ’ਤੇ ਮੁਲਜ਼ਮ ਜੀਤਰਾਮ ਗੁਲਸ਼ਨ ਰਾਮ, ਸੋਨੂੰ, ਨਰੇਸ਼ ਕੁਮਾਰ, ਗੁਰਦਿਆਲ, ਸ਼ਿੰਦਾ ਰਾਮ, ਸੰਦੀਪ ਅਤੇ ਚੰਦਰਭਾਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਸਤਪਾਲ ਨੇ ਦੱਸਿਆ ਕਿ ਨਸ਼ੇ ਦਾ ਆਦੀ ਗੁਆਂਢੀ ਕੁਝ ਦਿਨਾਂ ਤੋਂ ਘਰ ਦੇ ਸਾਹਮਣੇ ਖੜ੍ਹਾ ਹੋ ਜਾਂਦਾ ਸੀ। ਜਦੋਂ ਪੁੱਤਰ ਸ਼ੇਰ ਸਿੰਘ ਅਤੇ ਦਲੇਰ ਸਿੰਘ ਨੇ ਉਸ ਨੂੰ ਰੋਕਿਆ ਤਾਂ ਉਨ੍ਹਾਂ ਵਿਚਕਾਰ ਲੜਾਈ ਹੋ ਗਈ। ਨਸ਼ੇੜੀ ਧਮਕੀਆਂ ਦੇ ਕੇ ਉੱਥੋਂ ਚਲਾ ਗਿਆ। ਦੂਜੇ ਦਿਨ ਖੇਤ ਵਿਚ ਕੰਮ ਕਰ ਰਹੇ ਪਿਤਾ ਤੇ ਪੁੱਤਰਾਂ ‘ਤੇ ਹਥਿਆਰਾਂ ਨਾਲ ਹਮਲਾ ਕਰ ਦਿਤਾ। ਹਮਲੇ ਵਿੱਚ ਉਸ ਦੇ ਦੋ ਪੁੱਤਰਾਂ ਸ਼ੇਰ ਸਿੰਘ ਅਤੇ ਦਲੇਰ ਸਿੰਘ ਦੇ ਹੱਥਾਂ ’ਤੇ ਗੰਭੀਰ ਸੱਟਾਂ ਲੱਗੀਆਂ, ਜਦੋਂਕਿ ਉਸ ਦੇ ਵੀ ਕਈ ਥਾਵਾਂ ’ਤੇ ਸੱਟਾਂ ਲੱਗੀਆਂ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ।