ਦੇਸ਼-ਵਿਦੇਸ਼

ਕਿਮ ਜੋਂਗ ਉਨ ਦੀ ਬਖ਼ਤਰਬੰਦ ਟ੍ਰੇਨ ਵਿਚ ਹਨ ਇਹ ਸਹੂਲਤਾਂ; ਜਾਣੋ ਕਿਉਂ ਕਰਦੇ ਨੇ ਟ੍ਰੇਨ ਰਾਹੀਂ ਸਫ਼ਰ?

ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ ਉਨ ਅਪਣੀ ਬਖ਼ਤਰਬੰਦ ਟ੍ਰੇਨ ‘ਚ ਰੂਸ ਪਹੁੰਚ ਗਏ ਹਨ। ਕੋਰੋਨਾ ਤੋਂ ਬਾਅਦ ਕਿਮ ਜੋਂਗ ਦੀ ਇਹ ਪਹਿਲੀ ਵਿਦੇਸ਼ ਯਾਤਰਾ ਹੈ। ਇਸ ਦੌਰਾਨ ਜੋਂਗ ਉਨ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ। ਜਿਵੇਂ ਹੀ ਜੋਂਗ ਉਨ ਰੂਸ ਲਈ ਰਵਾਨਾ ਹੋਏ ਤਾਂ ਉਨ੍ਹਾਂ ਦੀ ਬਖ਼ਤਰਬੰਦ ਟ੍ਰੇਨ ਦੀ ਫੋਟੋ ਚਰਚਾ ਵਿਚ ਆ ਗਈ। ਉਨ੍ਹਾਂ ਦੀ ਇਸ ਆਲੀਸ਼ਾਨ ਟ੍ਰੇਨ ਦੀ ਰਫ਼ਤਾਰ ਆਮ ਨਾਲੋਂ ਬਹੁਤ ਹੌਲੀ ਹੈ। ਰੂਸ ਪਹੁੰਚਣ ਲਈ ਉਨ੍ਹਾਂ ਨੇ ਕਰੀਬ 1180 ਕਿਲੋਮੀਟਰ ਲੰਬਾ ਸਫ਼ਰ ਕੀਤਾ ਹੈ।

ਟ੍ਰੇਨ ਵਿਚ ਕੀ ਹੈ ਖ਼ਾਸ?

ਇਕ ਘੰਟੇ ਵਿਚ ਕਰੀਬ 50 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਵਾਲੀ ਇਹ ਟ੍ਰੇਨ ਬੇਹੱਦ ਆਰਾਮਦਾਇਕ ਸੁਵਿਧਾਵਾਂ ਨਾਲ ਲੈਸ ਹੈ। ਇਸ ਦੀ ਹੌਲੀ ਰਫ਼ਤਾਰ ਦਾ ਕਾਰਨ ਇਸ ਦੇ ਭਾਰੀ ਸੁਰੱਖਿਆ ਪ੍ਰਬੰਧ ਹਨ। ਇਸ ਵਿਚ ਪੀਣ ਲਈ ਮਹਿੰਗੀ ਫਰੈਂਚ ਵਾਈਨ ਅਤੇ ਖਾਣ ਲਈ ਫਰੈਸ਼ ਲੌਬਸਟਰ ਜਿਹੇ ਪਕਵਾਨ ਮੌਜੂਦ ਹੁੰਦੇ ਹਨ। ਲੰਡਨ ਦੀ ਹਾਈ ਸਪੀਡ ਟ੍ਰੇਨ ਦੀ ਰਫ਼ਤਾਰ 200 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ ਜਦਕਿ ਜਪਾਨ ਦੀ ਸ਼ਿਨਕਾਨਸੇਨ ਬੁਲੇਟ ਟ੍ਰੇਨ 320 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤਕ ਦੌੜ ਸਕਦੀ ਹੈ।

ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਤਰੀ ਕੋਰੀਆ ਵਿਚ ਵੱਖੋ-ਵੱਖ ਥਾਵਾਂ ‘ਤੇ ਅਜਿਹੇ 22 ਰੇਲਵੇ ਸਟੇਸ਼ਨ ਬਣਾਏ ਗਏ ਹਨ, ਜਿਹੜੇ ਕਿਮ ਜੋਂਗ ਦੇ ਵਿਅਕਤੀਗਤ ਇਸਤੇਮਾਲ ਦੇ ਲਈ ਹਨ। ਇਸ ਟ੍ਰੇਨ ਵਿਚ 90 ਡੱਬੇ ਹਨ; ਇਸ ਵਿਚ ਕਾਲੇ ਸ਼ੀਸ਼ੇ ਲਗਾਏ ਗਏ ਹਨ ਅਤੇ ਸਾਰੇ ਡੱਬੇ ਬੂਲਟਪਰੂਫ ਹਨ।

ਜਹਾਜ਼ ਦੀ ਬਜਾਏ ਕਿਉਂ ਕਰਦੇ ਨੇ ਟ੍ਰੇਨ ਦੀ ਯਾਤਰਾ?

ਦਰਅਸਲ ਕਿਹਾ ਜਾਂਦਾ ਹੈ ਕਿ ਕਿਮ ਜੋਂਗ ਉਨ ਦੇ ਪਿਤਾ ਕਿਮ ਜੋਂਗ ਇਲ ਅਤੇ ਦਾਦਾ ਕਿਮ ਇਲ ਸੁੰਗ ਦੋਵੇਂ ਹੀ ਹਵਾਈ ਯਾਤਰਾ ਤੋਂ ਡਰਦੇ ਸਨ। ਉਨ੍ਹਾਂ ਦਾ ਡਰ ਉਦੋਂ ਵਧ ਗਿਆ ਜਦੋਂ ਉਨ੍ਹਾਂ ਨੇ ਹਵਾਈ ਯਾਤਰਾ ਦੌਰਾਨ ਆਪਣੇ ਜੈੱਟ ਵਿਚ ਧਮਾਕਾ ਦੇਖਿਆ। ਇਸ ਘਟਨਾ ਤੋਂ ਬਾਅਦ ਕਿਮ ਇਲ ਸੁੰਗ 1986 ਵਿਚ ਸੋਵੀਅਤ ਸੰਘ ਚਲੇ ਗਏ। ਇਹ ਆਖਰੀ ਵਾਰ ਸੀ ਜਦੋਂ ਉੱਤਰੀ ਕੋਰੀਆ ਦੇ ਨੇਤਾ ਨੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤਕ ਜਨਤਕ ਤੌਰ ‘ਤੇ ਹਵਾਈ ਜਹਾਜ਼ ਰਾਹੀਂ ਵਿਦੇਸ਼ ਯਾਤਰਾ ਕੀਤੀ ਸੀ।

ਮੰਨਿਆ ਜਾਂਦਾ ਹੈ ਕਿ ਕਿਮ ਹਵਾਈ ਯਾਤਰਾ ਤੋਂ ਡਰਦੇ ਹਨ, ਇਸ ਲਈ ਉਹ ਜ਼ਿਆਦਾਤਰ ਟ੍ਰੇਨ ‘ਚ ਸਫਰ ਕਰਦੇ ਹਨ। ਇਹ ਟ੍ਰੇਨ 1949 ਵਿਚ ਸਟਾਲਿਨ ਨੇ ਕਿਮ ਦੇ ਦਾਦਾ ਕਿਮ ਇਲ ਸੁੰਗ ਨੂੰ ਤੋਹਫ਼ੇ ਵਿਚ ਦਿਤੀ ਸੀ। ਇਨ੍ਹਾਂ ਟਰੇਨਾਂ ਦੀ ਰਾਖੀ ਸਰੁੱਖਿਆ ਜਸੂਸਾਂ ਵਲੋਂ ਕੀਤੀ ਜਾਂਦੀ ਹੈ ਜੋ ਕਿ ਰਸਤੇ ਵਿਚ ਆਉਣ ਵਾਲੇ ਸਟੇਸ਼ਨਾਂ ਉਤੇ ਨਿਗਰਾਨੀ ਰੱਖਦੇ ਹਨ।

ਇਸ ਖ਼ਬਰ ਬਾਰੇ ਕੁਮੈਂਟ ਕਰੋ-