ਪੰਜਾਬਫੀਚਰਜ਼

ਪੰਜਾਬੀ ਯੂਨੀਵਰਸਿਟੀ ਦੀ ਵਿਦਿਆਰਥਣ ਦੀ ਮੌਤ, ਪ੍ਰੋਫੈਸਰ ‘ਤੇ ਲੱਗੇ ਮਾਨਸਿਕ ਤੌਰ ‘ਤੇ ਪਰੇਸ਼ਾਨ ਕਰਨ ਦੇ ਇਲਜ਼ਾਮ

ਪਟਿਆਲਾ – ਪੰਜਾਬੀ ਯੂਨੀਵਰਸਿਟੀ ਦੀ ਇਕ ਵਿਦਿਆਰਥਣ ਦੀ ਮੌਤ ਹੋ ਗਈ ਤੇ ਇਲਜ਼ਾਮ ਇਕ ਪ੍ਰੋਫੈਸਰ ‘ਤੇ ਲੱਗੇ ਹਨ। ਇਲਜ਼ਾਮ ਹਨ ਕਿ ਪ੍ਰੋਫੈਸਰ ਨੇ ਲੜਕੀ ਨੂੰ ਛੁੱਟੀ ਨਹੀਂ ਦਿੱਤੀ ਤੇ ਉਸ ਨੂੰ ਮਾਨਸਿਕ ਤੌਰ ‘ਤੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ। ਇਸ ਤੋਂ ਬਾਅਦ ਵਿਦਿਆਰਥੀਆਂ ਤੇ ਮਾਪਿਆਂ ਨੇ ਯੂਨੀਵਰਸਿਟੀ ਕੰਪਲੈਕਸ ਵਿਚ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਵਿਦਿਆਰਥੀਆਂ ਨੇ ਪੰਜਾਬੀ ਵਿਭਾਗ ਦੇ ਇਕ ਪ੍ਰੋਫੈਸਰ ’ਤੇ ਇਲਜ਼ਾਮ ਲਾਏ ਹਨ ਅਤੇ ਉਪ ਕੁਲਪਤੀ ਪ੍ਰੋ. ਅਰਵਿੰਦ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।

ਮ੍ਰਿਤਕ ਲੜਕੀ ਦੀ ਪਛਾਣ ਜਸ਼ਨਦੀਪ ਕੌਰ ਵਜੋਂ ਹੋਈ ਹੈ ਤੇ ਉਹ ਬਠਿੰਡਾ ਦੀ ਰਹਿਣ ਵਾਲੀ ਹੈ। ਜਸ਼ਨਦੀਪ ਕੌਰ ਪੰਜ ਸਾਲਾ ਪੰਜਾਬੀ ਇੰਟੇਗਰੇਟਿਡ ਕੋਰਸ ਦੇ ਪਹਿਲੇ ਵਰ੍ਹੇ ਦੀ ਵਿਦਿਆਰਥਣ ਸੀ ਜੋ ਕਿ ਬਠਿੰਡਾ ਦੇ ਪਿੰਡ ਚੌਕੇ ਦੀ ਵਸਨੀਕ ਸੀ। ਉਸ ਦੇ ਭਰਾ ਜਗਸੀਰ ਸਿੰਘ ਨੇ ਦੱਸਿਆ ਕਿ ਉਹ ਬਿਮਾਰ ਸੀ। ਉਸ ਨੂੰ ਸਿਰਫ਼ ਪੰਜ ਦਿਨਾਂ ਦੀ ਛੁੱਟੀ ਦਿੱਤੀ ਗਈ ਸੀ।

ਜਸ਼ਨਦੀਪ ਨੂੰ ਬੀਤੇ ਦਿਨ ਘਰ ਲਿਆਂਦਾ ਗਿਆ ਤੇ ਦਵਾਈ ਦਿੱਤੀ ਗਈ ਤੇ ਉਸ ਦੀ ਬੀਤੀ ਰਾਤ ਮੌਤ ਹੋ ਗਈ। ਉਹ ਮਾਨਸਿਕ ਤਣਾਅ ’ਚ ਰਹਿੰਦੀ ਸੀ। ਭਰਾ ਨੇ ਇਲਜ਼ਾਮ ਲਗਾਇਆ ਕਿ ਸਬੰਧਤ ਪ੍ਰੋਫੈਸਰ ਦਾ ਰਵੱਈਆ ਕਥਿਤ ਤੌਰ ’ਤੇ ਮਾੜਾ ਸੀ। ਇਸੇ ਦੌਰਾਨ ਵਿਦਿਆਰਥੀਆਂ ਨੇ ਇਲਜ਼ਾਮ ਲਾਇਆ ਕਿ ਵਿਦਿਆਰਥਣ ਨੂੰ ਝਿੜਕਿਆ ਵੀ ਗਿਆ ਸੀ।

ਇਸ ਸਬੰਧ ’ਚ ਡਾਇਰੈਕਟਰ ਪਬਲਿਕ ਰਿਲੇਸ਼ਨ ਦਲਜੀਤ ਅਮੀ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈ। ਇਸੇ ਦੌਰਾਨ ਭਾਸ਼ਾਵਾਂ ਦੇ ਪੰਜ ਸਾਲਾ ਇੰਟੇਗਰੇਟਿਡ ਕੋਰਸਾਂ ਦੇ ਇੰਚਾਰਜ ਪ੍ਰੋ. ਸੁਰਜੀਤ ਨੇ ਇਲਜ਼ਾਮਾਂ ਨੂੰ ਬੇਨਿਆਦ ਦੱਸਿਆ ਹੈ। ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਅਰਵਿੰਦ ਨੇ ਕਿਹਾ ਹੈ ਕਿ ਵਿਦਿਆਰਥਣ ਬਿਮਾਰ ਸੀ ਤੇ ਉਸ ਦਾ ਇਲਾਜ ਚੱਲ ਰਿਹਾ ਸੀ। ਉਨ੍ਹਾਂ ਨੇ ਵਿਦਿਆਰਥੀਆਂ ਵੱਲੋਂ ਲਗਾਏ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਵਿਦਿਆਰਥਣ ਦੇ ਮਾਪੇ ਉਸ ਨੂੰ ਬੀਤੇ ਦਿਨ ਹੀ ਘਰ ਲੈ ਗਏ ਸਨ। ਵਿਦਿਆਰਥਣ ਨੂੰ ਯੂਨੀਵਰਸਿਟੀ ਕੈਂਪਸ ਦੇ ਹੈਲਥ ਸੈਂਟਰ ਵਿਚ ਮੁੱਢਲੀ ਡਾਕਟਰੀ ਸਹਾਇਤਾ ਵੀ ਦਿੱਤੀ ਗਈ ਸੀ।

 

ਇਸ ਖ਼ਬਰ ਬਾਰੇ ਕੁਮੈਂਟ ਕਰੋ-