ਦੇਸ਼-ਵਿਦੇਸ਼

ਲੀਬੀਆ ‘ਚ ਫਸੇ ਪੰਜਾਬ ਅਤੇ ਹਰਿਆਣਾ ਦੇ 4 ਨੌਜਵਾਨਾਂ ਨੂੰ ਦੂਤਘਰ ਨੇ ਸੁਰੱਖਿਅਤ ਭੇਜਿਆ ਵਾਪਸ

ਨਵੀਂ ਦਿੱਲੀ: ਲੀਬੀਆ ਅਜਿਹੇ ਤੂਫਾਨ ਦਾ ਸਾਹਮਣਾ ਕਰ ਰਿਹਾ ਹੈ ਜੋ ਪਹਿਲਾਂ ਕਦੇ ਨਹੀਂ ਦੇਖਿਆ ਗਿਆ। ਇਸ ਦੌਰਾਨ ਹੁਣ ਤਕ 10 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ ਅਤੇ 20 ਹਜ਼ਾਰ ਤੋਂ ਵੱਧ ਲੋਕ ਲਾਪਤਾ ਦੱਸੇ ਜਾ ਰਹੇ ਹਨ। ਦੂਜੇ ਪਾਸੇ ਲੀਬੀਆ ਵਿਚ ਫਸੇ 4 ਭਾਰਤੀਆਂ ਨੂੰ ਤ੍ਰਿਪੋਲੀ ਸਥਿਤ ਭਾਰਤੀ ਦੂਤਾਵਾਸ ਨੇ ਸੁਰੱਖਿਅਤ ਬਾਹਰ ਕੱਢ ਲਿਆ ਹੈ।

ਤ੍ਰਿਪੋਲੀ ਸਥਿਤ ਭਾਰਤੀ ਦੂਤਾਵਾਸ ਨੇ ਵੀਰਵਾਰ ਨੂੰ ਪੰਜਾਬ ਅਤੇ ਹਰਿਆਣਾ ਦੇ 4 ਭਾਰਤੀਆਂ ਨੂੰ ਭਾਰਤ ਵਾਪਸ ਭੇਜਿਆ ਹੈ। ਟਿਊਨੀਸ਼ੀਆ ਅਤੇ ਲੀਬੀਆ ਵਿਚ ਭਾਰਤੀ ਦੂਤਾਵਾਸ ਨੇ ਇਸ ਦੀ ਜਾਣਕਾਰੀ ਦਿਤੀ ਹੈ। ਡੈਨੀਅਲ ਤੂਫਾਨ ਕਾਰਨ ਹੋਈ ਤਬਾਹੀ ਨੇ ਬਚਾਅ ਕਰਮਚਾਰੀਆਂ ਲਈ ਲੋਕਾਂ ਨੂੰ ਲੱਭਣ ਲਈ ਸੜਕਾਂ ਅਤੇ ਮਲਬੇ ਨੂੰ ਸਾਫ਼ ਕਰਨਾ ਮੁਸ਼ਕਲ ਬਣਾ ਦਿਤਾ ਹੈ। ਇਸ ਦੌਰਾਨ, ਲੀਬੀਆ ਤੋਂ ਬਾਹਰ ਰਹਿੰਦੇ ਪ੍ਰਵਾਰਕ ਮੈਂਬਰਾਂ ਵਿਚ ਚਿੰਤਾ ਵਧ ਰਹੀ ਹੈ, ਸਾਰੇ ਅਪਣੇ ਲਾਪਤਾ ਜਾਣਕਾਰਾਂ ਬਾਰੇ ਸੂਚਨਾ ਦੀ ਉਡੀਕ ਕਰ ਰਹੇ ਹਨ।

ਉਧਰ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਲੀਬੀਆ ‘ਚ ਆਏ ਭਿਆਨਕ ਹੜ੍ਹ ‘ਚ ਮਾਰੇ ਗਏ ਲੋਕਾਂ ਪ੍ਰਤੀ ਹਮਦਰਦੀ ਪ੍ਰਗਟਾਈ ਹੈ। ਉਨ੍ਹਾਂ ਕਿਹਾ, “ਲੀਬੀਆ ਵਿਚ ਭਾਰੀ ਹੜ੍ਹਾਂ ਕਾਰਨ ਹੋਏ ਜਾਨੀ ਨੁਕਸਾਨ ਤੋਂ ਬਹੁਤ ਦੁਖੀ ਹਾਂ। ਸਾਡੀ ਹਮਦਰਦੀ ਪੀੜਤ ਪ੍ਰਵਾਰਾਂ ਅਤੇ ਆਫ਼ਤ ਨਾਲ ਪ੍ਰਭਾਵਤ ਸਾਰੇ ਲੋਕਾਂ ਦੇ ਨਾਲ ਹੈ।”

 

ਇਸ ਖ਼ਬਰ ਬਾਰੇ ਕੁਮੈਂਟ ਕਰੋ-