ਚੀਨ, ਸਿੰਗਾਪੁਰ, ਥਾਈਲੈਂਡ ਤੇ ਤਿੰਨ ਹੋਰ ਦੇਸ਼ਾਂ ਰਾਹੀਂ ਆਉਣ ਵਾਲੀਆਂ ਉਡਾਣਾਂ ਦੇ ਯਾਤਰੀਆਂ ਲਈ ਵੀ ਕਰੋਨਾ ਨੈਗੇਟਿਵ ਰਿਪੋਰਟ ਲਾਜ਼ਮੀ
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਅੱਜ ਸਪਸ਼ਟ ਕੀਤਾ ਹੈ ਕਿ ਆਰਟੀ-ਪੀਸੀਆਰ ਨੈਗੇਟਿਵ ਟੈਸਟ ਰਿਪੋਰਟਾਂ ਨਾ ਸਿਰਫ਼ ਚੀਨ, ਜਾਪਾਨ, ਹਾਂਗਕਾਂਗ, ਸਿੰਗਾਪੁਰ, ਥਾਈਲੈਂਡ ਅਤੇ ਦੱਖਣੀ ਕੋਰੀਆ ਤੋਂ ਆਉਣ ਵਾਲੇ ਯਾਤਰੀਆਂ ਲਈ ਜ਼ਰੂਰੀ ਹਨ, ਸਗੋਂ ਹੋਰ ਦੇਸ਼ਾਂ ਤੋਂ ਇਨ੍ਹਾਂ ਦੇਸ਼ਾਂ ਰਾਹੀਂ ਆਉਣ ਵਾਲੀਆਂ ਉਡਾਣਾਂ ਦੇ ਯਾਤਰੀਆਂ ਲਈ ਵੀ ਲਾਜ਼ਮੀ ਹਨ। ਇਸ ਸਬੰਧੀ ਸਿਹਤ ਮੰਤਰਾਲੇ ਨੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਦੇ ਅਧਿਕਾਰੀਆਂ ਨੂੰ ਪੱਤਰ ਲਿਖਿਆ ਹੈ। ਸਿਹਤ ਮੰਤਰਾਲੇ ਦੇ ਵਧੀਕ ਸਕੱਤਰ ਲਵ ਅਗਰਵਾਲ ਨੇ ਸਕੱਤਰ ਰਾਜੀਵ ਬਾਂਸਲ ਨੂੰ ਪੱਤਰ ਲਿਖ ਕੇ ਸਪਸ਼ਟ ਕੀਤਾ ਹੈ ਕਿ ਉਪਰੋਕਤ ਉੱਚ-ਜ਼ੋਖਮ ਵਾਲੇ ਦੇਸ਼ਾਂ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਵੀ ਯਾਤਰਾ ਤੋਂ 72 ਘੰਟੇ ਪਹਿਲਾਂ ਕਰੋਨਾ ਦੀ ਆਰਟੀ-ਪੀਸੀਆਰ ਰਿਪੋਰਟ ਏਅਰ ਸੁਵਿਧਾ ਪੋਰਟਲ ’ਤੇ ਅਪਲੋਡ ਕਰਨੀ ਪਵੇਗੀ ਭਾਵੇਂ ਉਹ ਯਾਤਰੀ ਕਿਸੇ ਹੋਰ ਦੇਸ਼ਾਂ ਨਾਲ ਸਬੰਧਤ ਹੋਣ ਅਤੇ ਉਨ੍ਹਾਂ ਦੀ ਯਾਤਰਾ ਕਿਸੇ ਹੋਰ ਥਾਂ ਤੋਂ ਹੋਈ ਹੋਵੇ।