ਭਾਰਤ

ਨੋਇਡਾ ‘ਚ ਲਿਫਟ ਹਾਦਸਾ: ਚਾਰ ਹੋਰ ਮਜ਼ਦੂਰਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ ਅੱਠ ਹੋਈ

ਨੋਇਡਾ: ਨੋਇਡਾ ਐਕਸਟੈਂਸ਼ਨ ਵਿਚ ਇਕ ਨਿਰਮਾਣ ਅਧੀਨ ਸੁਸਾਇਟੀ ਦੀ ਸਰਵਿਸ ਲਿਫਟ ਡਿੱਗਣ ਨਾਲ ਗੰਭੀਰ ਰੂਪ ਵਿਚ ਜ਼ਖਮੀ ਹੋਏ ਚਾਰ ਹੋਰ ਮਜ਼ਦੂਰਾਂ ਦੀ ਮੌਤ ਹੋ ਗਈ, ਜਿਸ ਨਾਲ ਇਸ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਅੱਠ ਹੋ ਗਈ ਹੈ। ਨੋਇਡਾ ਐਕਸਟੈਂਸ਼ਨ ਵਿਚ ਆਮਰਪਾਲੀ ਡ੍ਰੀਮ ਵੈਲੀ ਪ੍ਰਾਜੈਕਟ ਦੇ ਸਥਾਨ ‘ਤੇ ਇਕ ਨਿਰਮਾਣ ਅਧੀਨ ਟਾਵਰ ਦੀ ਲਿਫਟ ਟੁੱਟ ਕੇ 14ਵੀਂ ਮੰਜ਼ਲ ਤੋਂ ਹੇਠਾਂ ਡਿੱਗ ਗਈ, ਇਸ ਵਿਚ 9 ਲੋਕ ਮੌਜੂਦ ਸਨ । ਲੰਬੇ ਸਮੇਂ ਤੋਂ ਲਟਕ ਰਹੇ ਇਸ ਪ੍ਰਾਜੈਕਟ ਨੂੰ ਸਰਕਾਰੀ ਕੰਪਨੀ ਨੈਸ਼ਨਲ ਬਿਲਡਿੰਗ ਕੰਸਟਰਕਸ਼ਨ ਕਾਰਪੋਰੇਸ਼ਨ (ਐਨ.ਬੀ.ਸੀ.ਸੀ.) ਵਲੋਂ ਪੂਰਾ ਕੀਤਾ ਜਾ ਰਿਹਾ ਹੈ।

ਜ਼ਿਲ੍ਹਾ ਮੈਜਿਸਟਰੇਟ ਮਨੀਸ਼ ਵਰਮਾ ਨੇ ਦਸਿਆ, ”ਸ਼ੁਕਰਵਾਰ ਨੂੰ ਹਾਦਸੇ ਤੋਂ ਬਾਅਦ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਪੰਜ ਮਜ਼ਦੂਰਾਂ ਨੂੰ ਗੰਭੀਰ ਹਾਲਤ ਵਿਚ ਜ਼ਿਲ੍ਹਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ਵਿਚੋਂ ਚਾਰ ਹੋਰਾਂ ਦੀ ਸ਼ਨੀਵਾਰ ਨੂੰ ਮੌਤ ਹੋ ਗਈ, ਜਦਕਿ ਇਕ ਮਜ਼ਦੂਰ ਦਾ ਇਲਾਜ ਚੱਲ ਰਿਹਾ ਹੈ”।

ਇਹ ਵੀ ਪੜ੍ਹੋ: ਪੰਜਾਬੀ ਸਿੰਗਰ ਸ਼ੁੱਭ ਦਾ ਮੁੰਬਈ ‘ਚ ਜ਼ਬਰਦਸਤ ਵਿਰੋਧ, ਭਾਜਪਾ ਯੂਵਾ ਮੋਰਚਾ ਨੇ ਪਾੜੇ ਪੋਸਟਰ

ਪੁਲਿਸ ਬੁਲਾਰੇ ਨੇ ਦਸਿਆ ਕਿ ਇਸ ਹਾਦਸੇ ‘ਚ ਜ਼ਖਮੀ ਹੋਏ ਸਾਰੇ ਮਜ਼ਦੂਰਾਂ ਨੂੰ ਨੋਇਡਾ ਦੇ ਜ਼ਿਲ੍ਹਾ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿਥੇ ਸ਼ੁਕਰਵਾਰ ਨੂੰ ਬਿਪੋਟ ਮੰਡਲ (45), ਅਰੁਣ ਦਾਤੀ ਮੰਡਲ (40), ਇਸ਼ਤਿਆਕ ਅਲੀ (23) ਅਤੇ ਅਰਿਸ ਖਾਨ (22 ਸਾਲ) ਦੀ ਮੌਤ ਹੋ ਗਈ। ਬੁਲਾਰੇ ਅਨੁਸਾਰ ਗੰਭੀਰ ਰੂਪ ਨਾਲ ਜ਼ਖਮੀ ਮਾਨ ਅਲੀ (22), ਮੁਹੰਮਦ ਅਲੀ ਖਾਨ (18), ਅਰਬਾਜ਼ (22) ਅਤੇ ਕੁਲਦੀਪ ਪਾਲ (20) ਦੀ ਵੀ ਬਾਅਦ ‘ਚ ਮੌਤ ਹੋ ਗਈ, ਜਦਕਿ ਕੈਫ (21) ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਬੁਲਾਰੇ ਅਨੁਸਾਰ ਪੁਲਿਸ ਨੂੰ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਠੇਕੇਦਾਰ ਨੇ ਪਹਿਲਾਂ ਪ੍ਰਾਜੈਕਟ ਅਧਿਕਾਰੀਆਂ ਨੂੰ ਕਿਹਾ ਸੀ ਕਿ ਲਿਫਟ ਵਿਚ ਕੁੱਝ ਗੜਬੜ ਹੈ, ਇਸ ਦੇ ਬਾਵਜੂਦ ਲਿਫਟ ਨੂੰ ਠੀਕ ਨਹੀਂ ਕੀਤਾ ਗਿਆ। ਪੁਲਿਸ ਅਨੁਸਾਰ ਇਸ ਮਾਮਲੇ ਵਿਚ ਬਿਸਰਖ ਥਾਣੇ ਵਿਚ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਅਣਗਹਿਲੀ ਅਤੇ ਗ਼ੈਰ-ਇਰਾਦਤਨ ਹਤਿਆ ਸਮੇਤ ਹੋਰ ਇਲਜ਼ਾਮਾਂ ਤਹਿਤ 9 ਵਿਅਕਤੀਆਂ ਵਿਰੁਧ ਕੇਸ ਦਰਜ ਕੀਤਾ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਗ੍ਰੇਟਰ ਨੋਇਡਾ ਅਥਾਰਟੀ ਨੇ ਵੀ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-