ਫ਼ੁਟਕਲ

ਸਰਕਾਰੀ ਗ੍ਰਾਂਟ ‘ਚ ਘਪਲੇ ਦੇ ਇਲਜ਼ਾਮ ਤਹਿਤ ਮਹਿਲਾ ਸਰਪੰਚ ਵਿਰੁਧ ਮਾਮਲਾ ਦਰਜ

ਗੁਰਦਾਸਪੁਰ: ਸਰਕਾਰੀ ਗ੍ਰਾਂਟ ‘ਚ ਘਪਲੇ ਦੇ ਇਲਜ਼ਾਮ ਤਹਿਤ ਜ਼ਿਲ੍ਹੇ ਦੇ ਪਿੰਡ ਹਯਾਤਨਗਰ ਦੀ ਮਹਿਲਾ ਸਰਪੰਚ ਵਿਰੁਧ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ। ਦਰਅਸਲ ਮਹਿਲਾ ਸਰਪੰਚ ਕੁਲਵੰਤ ਕੌਰ ’ਤੇ 2 ਲੱਖ 40 ਹਜ਼ਾਰ ਦੇ ਕਰੀਬ ਫੰਡਾਂ ਅਤੇ ਪੰਜ ਲੱਖ ਤੋਂ ਵੱਧ ਮਨਰੇਗਾ ਸਕੀਮ ਦੀ ਰਕਮ ਘਪਲਾ ਕਰਕੇ ਹੜੱਪਣ ਦੇ ਇਲਜ਼ਾਮ ਲੱਗੇ ਹਨ।

ਡਾਇਰੈਕਟਰ ਪੰਚਾਇਤੀ ਰਾਜ ਪੰਜਾਬ ਦੀਆਂ ਹਦਾਇਤਾਂ ਤੋਂ ਬਾਅਦ ਉਪ ਪੁਲਿਸ ਕਪਤਾਨ ਸਿਟੀ ਵਲੋਂ ਕੀਤੀ ਗਈ ਜਾਂਚ ਅਤੇ ਜ਼ਿਲ੍ਹਾ ਅਟਾਰਨੀ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਵੱਖ ਵੱਖ ਅਧਿਕਾਰੀਆਂ ਵਲੋਂ ਵੱਖ-ਵੱਖ ਸਮੇਂ ’ਤੇ ਕੀਤੀ ਗਈ ਪੜਤਾਲ ਤੋਂ ਬਾਅਦ ਮਹਿਲਾ ਸਰਪੰਚ ਕੋਲੋਂ ਸਾਢੇ ਸੱਤ ਲੱਖ ਰੁਪਏ ਦੇ ਕਰੀਬ‌ ਰਾਸ਼ੀ ਵਸੂਲਣਯੋਗ ਪਾਈ ਗਈ। ਵਾਰ-ਵਾਰ ਨੋਟਿਸ ਭੇਜੇ ਜਾਣ ਦੇ ਬਾਵਜੂਦ ਉਸ ਵਲੋਂ ਇਹ ਰਾਸ਼ੀ ਜਮ੍ਹਾਂ ਨਹੀਂ ਕਰਵਾਈ ਗਈ। ਇਸ ਦੇ ਚਲਦਿਆਂ ਆਈ.ਪੀ.ਸੀ. ਦੀ ਧਾਰਾ 409 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਐਫ.ਆਈ.ਆਰ. ਅਨੁਸਾਰ 15 ਜੂਨ 2023 ਦੇ ਇਕ ਪੱਤਰ ਰਾਹੀਂ ਗ੍ਰਾਮ ਪੰਚਾਇਤ ਹਿਆਤਨਗਰ ਨੂੰ ਪ੍ਰਾਪਤ ਹੋਈਆਂ ਗ੍ਰਾਂਟਾਂ ਦੀ ਲੋਕ ਨਿਰਮਾਣ ਵਿਭਾਗ ਗੁਰਦਾਸਪੁਰ ਦੇ ਕਾਰਜਕਾਰੀ ਇੰਜੀ. ਤੇ ਪੰਚਾਇਤੀ ਰਾਜ ਲੋਕ ਨਿਰਮਾਣ ਮੰਡਲ ਦੇ ਕਾਰਜਕਾਰੀ ਇੰਜੀਨੀਅਰ ਵਲੋਂ ਜਾਂਚ ਕੀਤੀ ਗਈ। ਜਾਂਚ ਵਿਚ ਸਾਹਮਣੇ ਆਇਆ ਕਿ ਉਕਤ ਗ੍ਰਾਮ ਪੰਚਾਇਤ ਨੂੰ ਜਾਰੀ ਫੰਡਾਂ ਵਿਚੋਂ 2 ਲੱਖ 39 ਹਜ਼ਾਰ 167 ਰੁਪਏ ਅਤੇ ਮਗਨਰੇਗਾ ਸਕੀਮ ਅਧੀਨ ਵਸੂਲਣਯੋਗ ਰਾਸ਼ੀ ‘ਚੋਂ 5 ਲੱਖ 6 ਹਜ਼ਾਰ 844 ਰੁਪਏ ਵਸੂਲੇ ਜਾਣੇ ਹਨ। ਇਸ ਤਰ੍ਹਾਂ ਕੁੱਲ ਵਸੂਲਣਯੋਗ ਰਾਸ਼ੀ 7 ਲੱਖ 46 ਹਜ਼ਾਰ 11 ਰੁਪਏ ਬਣਦੀ ਹੈ। ਉਕਤ ਸਰਪੰਚ ਨੂੰ ਰਾਸ਼ੀ ਦਾ ਭੁਗਤਾਨ ਕਰਨ ਲਈ ਵਿਭਾਗ ਵਲੋਂ ਨੋਟਿਸ ਵੀ ਭੇਜੇ ਗਏ ਪਰ ਕੋਈ ਪੈਸਾ ਜਮ੍ਹਾਂ ਨਹੀਂ ਕਰਵਾਇਆ ਗਿਆ।

ਇਸ ਖ਼ਬਰ ਬਾਰੇ ਕੁਮੈਂਟ ਕਰੋ-