ਦੇਸ਼-ਵਿਦੇਸ਼

ਏਸ਼ੀਆਈ ਖੇਡਾਂ ’ਚ ਭਾਰਤੀ ਟੀਮ ਦੀ ਰਵਾਨਗੀ ਤੋਂ ਪਹਿਲਾਂ ਹੀ ਪੈਦਾ ਹੋਏ ਕਈ ਵਿਵਾਦ

ਨਵੀਂ ਦਿੱਲੀ: ਹਾਂਗਝੋਊ ’ਚ 23 ਸਤੰਬਰ ਤੋਂ ਸ਼ੁਰੂ ਹੋ ਰਹੀਆਂ ਏਸ਼ੀਆਈ ਖੇਡਾਂ ਤੋਂ ਪਹਿਲਾਂ ਕੁਸ਼ਤੀ ’ਚ ਡੂੰਘਾ ਹੋਇਆ ਸੰਕਟ ਸਭ ਤੋਂ ਵੱਡਾ ਵਿਵਾਦ ਰਿਹਾ ਅਤੇ ਭਾਰਟੀ ਟੀਮ ਦੀ ਹਾਂਗਝੋਊ ਰਵਾਨਗੀ ਤੋਂ ਪਹਿਲਾਂ ਹੀ ਕਈ ਵਿਵਾਦ ਸੁਰਖ਼ੀਆਂ ’ਚ ਰਹੇ। ਭਾਰਤੀ ਟੀਮ ਏਸ਼ੀਆਈ ਖੇਡਾਂ ’ਚ ਸੌ ਤੋਂ ਵੱਧ ਤਮਗੇ ਜਿੱਤਣ ਦੇ ਇਰਾਦੇ ਨਾਲ ਜਾ ਰਹੀ ਹੈ।

ਓਲੰਪਿਕ ਕਾਂਸੇ ਦਾ ਤਮਗਾ ਜੇਤੂ ਬਜਰੰਗ ਪੂਨੀਆ ਸਮੇਤ ਛੇ ਭਲਵਾਨਾਂ ਨੇ ਭਾਰਤੀ ਕੁਸ਼ਤੀ ਫ਼ੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜਭੂਸ਼ਣ ਸ਼ਰਣ ਸਿੰਘ ਵਿਰੁਧ ਕਥਿਤ ਜਿਨਸੀ ਸੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਸੀ। ਏਸ਼ੀਆਈ ਖੇਡਾਂ ਤੋਂ ਪਹਿਲਾਂ ਭਾਰਤੀ ਖੇਡਾਂ ਨਾਲ ਜੁੜੇ ਕੁਝ ਪ੍ਰਮੁੱਖ ਵਿਵਾਦ ਇਸ ਤਰ੍ਹਾਂ ਹਨ:

ਕੁਸ਼ਤੀ: ਇਹ ਖੇਡ ਮੈਦਾਨ ’ਤੇ ਨਹੀਂ ਬਲਕਿ ਮੈਦਾਨ ਤੋਂ ਬਾਹਰ ਦੀਆਂ ਗਤੀਵਿਧੀਆਂ ਲਈ ਚਰਚਾ ’ਚ ਰਹੇ। ਓਲੰਪਿਕ ਤਮਗਾ ਜੇਤੂ ਪੂਨੀਆ ਅਤੇ ਸਾਕਸ਼ੀ ਮਲਿਕ ਦੇ ਨਾਲ 2018 ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਵਿਨੇਸ਼ ਫੋਗਾਟ ਲਗਭਗ ਦੋ ਮਹੀਨਿਆਂ ਤਕ ਭਾਜਪਾ ਸੰਸਦ ਮੈਂਬਰ ਅਤੇ ਡਬਲਿਊ.ਐੱਫ਼.ਆਈ. ਦੇ ਪ੍ਰਧਾਨ ਬ੍ਰਿਜਭੂਸ਼ਣ ਸ਼ਰਣ ਸਿੰਘ ਦੀ ਬਰਖ਼ਾਸਤਗੀ ਦੀ ਮੰਗ ਨੂੰ ਲੈ ਕੇ ਧਰਨੇ ’ਤੇ ਬੈਠੇ। ਇਨ੍ਹਾਂ ਨੇ ਬ੍ਰਿਜਭੂਸ਼ਣ ’ਤੇ ਸੱਤ ਔਰਤ ਭਲਵਾਨਾਂ ਦੇ ਜਿਨਸੀ ਸੋਸ਼ਣ ਦੇ ਦੋਸ਼ ਲਾਏ ਸਨ। ਖੇਡ ਮੰਤਰਾਲੇ ਨੇ ਫ਼ੈਡਰੇਸ਼ਨ ਨੂੰ ਭੰਗ ਕਰ ਦਿਤਾ ਅਤੇ ਭਾਰਤੀ ਓਲੰਪਿਕ ਸੰਘ ਵਲੋਂ ਮੁਸ਼ਕਲ ਐਡ-ਹਾਕ ਕਮੇਟੀ ਨੂੰ ਖੇਡ ਦੀ ਵਾਗਡੋਰ ਸੌਂਪੀ। ਇਹ ਕਮੇਟੀ ਵੀ ਵਿਵਾਦਾਂ ਦੇ ਘੇਰੇ ’ਚ ਹੀ ਰਹੀ। ਪੂਨੀਆ ਅਤੇ ਵਿਨੇਸ਼ ਨੂੰ ਟਰਾਇਲ ਤੋਂ ਛੋਟ ਦੇ ਦਿਤੀ ਗਈ ਜਿਸ ’ਤੇ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀ ਖਾਪ ’ਚ ਦੋਫਾੜ ਹੋ ਗਈ। ਵਿਨੇਸ਼ ਦੇ ਜ਼ਖ਼ਮੀ ਹੋਣ ਨਾਲ ਅੰਤਮ ਪੰਘਾਲ ਨੂੰ ਮੌਕਾ ਮਿਲਿਆ ਹੈ। ਪੂਨੀਆ ਛੋਟ ਮਿਲਣ ਤੋਂ ਬਾਅਦ ਕਿਰਗੀਸਤਾਨ ਅਭਿਆਸ ਕਰ ਰਹੇ ਹਨ ਅਤੇ ਉਥੋਂ ਹੀ ਚੀਨ ਪਹੁੰਚਣਗੇ।

ਫੁੱਟਬਾਲ: ਕਲੱਬ ਬਨਾਮ ਦੇਸ਼ ਦਾ ਵਿਵਾਦ ਇਕ ਵਾਰੀ ਫਿਰ ਜ਼ੋਰ ਮਾਰਨ ਲੱਗਾ ਹੈ। ਕੁਲ ਭਾਰਤੀ ਫ਼ੁੱਟਬਾਲ ਫ਼ੈਡਰੇਸ਼ਨ (ਏ.ਆਈ.ਐਫ਼.ਐਫ਼.) ਨੂੰ ਕਾਫ਼ੀ ਮਿਹਨਤ ਕਰਨੀ ਪਈ ਕਿ 12 ਇੰਡੀਅਨ ਸੂਪਰ ਲੀਗ ਦੀਆਂ ਟੀਮਾਂ ਏਸ਼ੀਆਈ ਖੇਡਾਂ ਲਈ ਖਿਡਾਰੀਆਂ ਨੂੰ ਰਿਲੀਜ਼ ਕਰਨ। ਕਈ ਦੌਰ ਦੀ ਗੱਲਬਾਤ ਤੋਂ ਬਾਅਦ ਸਟਾਰ ਸਟ੍ਰਾਈਕਰ ਸੁਨੀਲ ਛੇਤਰੀ ਅਤੇ ਤਜਰਬੇਕਾਰ ਡਿਫ਼ੈਂਡਰ ਸੰਦੇਸ਼ ਝਿੰਗਨ ਨੂੰ ਰਿਲੀਜ਼ ਕੀਤਾ ਗਿਆ। ਆਈ.ਐੱਸ.ਐੱਲ. ਕਲੱਬਾਂ ਨੇ 13 ਖਿਡਾਰੀਆਂ ਨੂੰ ਰਿਲੀਜ਼ ਨਹੀਂ ਕੀਤਾ ਸੀ ਜਿਨ੍ਹਾਂ ’ਚ ਝਿੰਗਨ ਅਤੇ ਗੋਲਕੀਪਰ ਗੁਰਪ੍ਰੀਤ ਸਿੰਘ ਸੰਧੂ ਸ਼ਾਮਲ ਸਨ। ਏ.ਆਈ.ਐਫ਼.ਐਫ਼. ਨੇ ਬਾਅਦ ’ਚ 22 ਖਿਡਾਰੀਆਂ ਦੀ ਸੋਧੀ ਹੋਈ ਸੂਚੀ ਜਾਰੀ ਕੀਤੀ ਜਿਸ ’ਚ ਝਿੰਗਨ ਤੋਂ ਇਲਾਵਾ ਚਿੰਗਲੇਨਸਨਾ ਸਿੰਘ ਅਤੇ ਲਾਲਛੁੰਗਨੁੰਗਾ ਸ਼ਾਮਲ ਹਨ।

ਕੁਰਾਸ਼:
ਅਜਿਹਾ ਸ਼ਾਇਦ ਪਹਿਲੀ ਵਾਰੀ ਹੋਇਆ ਹੈ ਕਿ ਕਿਸੇ ਟੀਮ ਦੀ ਚੋਣ ਪ੍ਰਕਿਰਿਆ ਦੀ ਜਾਂਚ ਦਿੱਲੀ ਪੁਲਿਸ ਦੀ ਅਪਰਾਧ ਬ੍ਰਾਂਚ ਕਰ ਰਹੀ ਹੈ। ਮਾਰਸ਼ਲ ਆਰਟ ਖੇਡ ਕੁਰਾਸ਼ ਗ਼ਲਤ ਕਾਰਨਾਂ ਕਰ ਕੇ ਚਰਚਾ ’ਚ ਹੈ। ਦਿੱਲੀ ਹਾਈ ਕੋਰਟ ਨੇ ਚੋਣ ਪ੍ਰਕਿਰਿਆ ਦੀ ਜਾਂਚ ਦੇ ਹੁਕਮ ਦਿੱਲੀ ਪੁਲਿਸ ਦੀ ਅਪਰਾਧ ਬ੍ਰਾਂਚ ਨੂੰ ਦਿਤੇ ਹਨ। ਕੁਰਾਸ਼ ਖਿਡਾਰੀ ਨੇਹਾ ਠਾਕੁਰ ਨੇ ਏਸ਼ੀਆਈ ਖੇਡਾਂ ਲਈ ਟੀਮ ਦੀ ਚੋਣ ਪ੍ਰਕਿਰਿਆ ’ਚ ਘਪਲੇ ਦੇ ਦੋਸ਼ ਲਾਉਂਦਿਆਂ ਦਿੱਲੀ ਹਾਈ ਕੋਰਟ ’ਚ ਅਪੀਲ ਦਾਇਰ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦੇ ਵਿਰੋਧੀਆਂ ਨੇ ਉਨ੍ਹਾਂ ਨੂੰ ਧਮਕਾਇਆ ਅਤੇ ਭਾਰਤੀ ਓਲੰਪਿਕ ਸੰਘ ਦੇ ਮੁੱਖ ਦਫ਼ਤਰ ’ਚ ਉਨ੍ਹਾਂ ’ਤੇ ਹਮਲਾ ਕੀਤਾ।

ਘੁੜਸਵਾਰੀ : ਭਾਰਤੀ ਡਰੈਸੇਜ ਖਿਡਾਰੀ ਗੌਰਵ ਪੁੰਡੀਰ ਨੇ ਦੋਸ਼ ਲਾਇਆ ਹੈ ਕਿ ਭਾਰਤੀ ਘੁੜਸਵਾਰੀ ਫ਼ੈਡਰੇਸ਼ਲ ਨੇ ਉਨ੍ਹਾਂ ਸਾਹਮਣੇ ਅਜਿਹੇ ਰੇੜਕੇ ਖੜੇ ਕਰ ਦਿਤੇ ਤਾਕਿ ਉਹ ਏਸ਼ੀਆਈ ਖੇਡਾਂ ਲਈ ਕੁਆਲੀਫ਼ਾਈ ਨਾ ਕਰ ਸਕਣ। ਪੁੰਡੀਰ ਨੇ ਕਿਹਾ ਕਿ ਫ਼ੈਡਰੇਸ਼ਨ ਨੇ ਉਨ੍ਹਾਂ ਤੋਂ ਇਹ ਗੱਲ ਲੁਕਾਈ ਕਿ ਭਾਰਤੀ ਘੋੜੇ ਏਕਾਂਤਵਾਸ ਦੇ ਨਿਯਮਾਂ ਕਾਰਨ ਚੀਨ ’ਚ ਹਿੱਸਾ ਨਹੀਂ ਲੈ ਸਕਦੇ। ਅਜਿਹੇ ’ਚ ਉਨ੍ਹਾਂ ਨੂੰ ਯੌਰਪ ਤੋਂ ਜਾਂ ਕਿਤੇ ਹੋਰ ਘੋੜਾ ਲੱਭਣ ’ਚ ਕਾਫ਼ੀ ਸਮਾਂ ਬਰਬਾਦ ਕਰਨਾ ਪਿਆ।

ਇਸ ਖ਼ਬਰ ਬਾਰੇ ਕੁਮੈਂਟ ਕਰੋ-