ਪੰਜਾਬ

ਪਲਾਟ ਦਾ ਕਬਜ਼ਾ ਨਾ ਦੇਣ ‘ਤੇ ਮੁਹਾਲੀ ਦੇ 2 ਬਿਲਡਰਾਂ ਨੂੰ 17.50 ਲੱਖ ਰੁਪਏ ਵਿਆਜ ਸਮੇਤ ਵਾਪਸ ਕਰਨ ਦੇ ਹੁਕਮ

ਚੰਡੀਗੜ੍ਹ: ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ ਨੇ ਮੁਹਾਲੀ ਸਥਿਤ ਪ੍ਰੀਤ ਲੈਂਡ ਪ੍ਰਮੋਟਰਜ਼ ਐਂਡ ਡਿਵੈਲਪਰਜ਼ ਪ੍ਰਾਈਵੇਟ ਲਿਮਟਿਡ ਅਤੇ ਆਕਾਸ਼ ਕੋ-ਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਲਿਮਟਿਡ ਨੂੰ ਸ਼ਿਕਾਇਤਕਰਤਾ ਨੂੰ 17 ਲੱਖ 50 ਹਜ਼ਾਰ ਰੁਪਏ ਵਿਆਜ ਸਮੇਤ ਵਾਪਸ ਕਰਨ ਦੇ ਹੁਕਮ ਦਿੱਤੇ ਹਨ।
ਦੋਵਾਂ ਬਿਲਡਰਾਂ ਨੂੰ ਮੁਆਵਜ਼ੇ ਵਜੋਂ 35 ਹਜ਼ਾਰ ਰੁਪਏ ਅਤੇ ਕੇਸ ਖਰਚੇ ਵਜੋਂ 10 ਹਜ਼ਾਰ ਰੁਪਏ ਵੀ ਅਦਾ ਕਰਨੇ ਪੈਣਗੇ।

ਸਾਲ 2021 ‘ਚ ਸੈਕਟਰ-28ਏ ਦੀ ਰਹਿਣ ਵਾਲੀ 61 ਸਾਲਾ ਪੂਨਮ ਚੱਢਾ ਨੇ ਪ੍ਰੀਤ ਲੈਂਡ ਪ੍ਰਮੋਟਰਜ਼ ਅਤੇ ਆਕਾਸ਼ ਕੋ-ਆਪਰੇਟਿਵ ਸੁਸਾਇਟੀ ਦੇ ਖਿਲਾਫ ਕਮਿਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤਕਰਤਾ ਨੇ ਕਮਿਸ਼ਨ ਨੂੰ ਦੱਸਿਆ ਕਿ ਉਸ ਨੇ ਸਾਲ 2006 ਵਿਚ ਆਕਾਸ਼ ਨੂੰ ਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਲਿਮਟਿਡ ਦੇ ਪ੍ਰੋਜੈਕਟ ਵਿਚ 250 ਵਰਗ ਗਜ਼ ਦਾ ਪਲਾਟ ਖਰੀਦਣ ਲਈ 17 ਲੱਖ 50 ਹਜ਼ਾਰ ਰੁਪਏ ਦਿੱਤੇ ਸਨ। ਬਿਲਡਰ ਨੇ ਉਸ ਨੂੰ 21 ਮਈ 2015 ਨੂੰ ਅਲਾਟਮੈਂਟ ਲੈਟਰ ਜਾਰੀ ਕਰ ਕੇ ਉਸ ਨੂੰ ਪ੍ਰਾਜੈਕਟ ਵਿਚ 10 ਮਰਲੇ ਦਾ ਪਲਾਟ ਦਿੱਤਾ ਸੀ।

ਆਕਾਸ਼ ਕੋ-ਆਪ੍ਰੇਟਿਵ ਹਾਊਸ ਬਿਲਡਿੰਗ ਸੋਸਾਇਟੀ ਲਿਮਟਿਡ ਨੇ ਸ਼ਿਕਾਇਤਕਰਤਾ ਨੂੰ ਦੱਸਿਆ ਕਿ ਉਨ੍ਹਾਂ ਨੇ ਪ੍ਰੋਜੈਕਟ ਦੇ ਵਿਕਾਸ ਲਈ ਪ੍ਰੀਤ ਲੈਂਡ ਪ੍ਰਮੋਟਰਜ਼ ਨਾਲ ਸਮਝੌਤਾ ਕੀਤਾ ਹੈ ਅਤੇ ਜਲਦੀ ਹੀ ਪਲਾਟ ਤਿਆਰ ਕਰਕੇ ਉਨ੍ਹਾਂ ਨੂੰ ਸੌਂਪ ਦਿੱਤਾ ਜਾਵੇਗਾ। ਸ਼ਿਕਾਇਤਕਰਤਾ ਨੂੰ ਭਰੋਸਾ ਦੇਣ ਦੇ ਬਾਵਜੂਦ ਅੱਜ ਤੱਕ ਨਾ ਤਾਂ ਬਿਲਡਰਾਂ ਵੱਲੋਂ ਪ੍ਰਾਜੈਕਟ ਦਾ ਵਿਕਾਸ ਕਾਰਜ ਮੁਕੰਮਲ ਕੀਤਾ ਗਿਆ ਹੈ ਅਤੇ ਨਾ ਹੀ ਸ਼ਿਕਾਇਤਕਰਤਾ ਨੂੰ ਕਬਜ਼ਾ ਦਿੱਤਾ ਗਿਆ ਹੈ।

ਪ੍ਰੀਤ ਲੈਂਡ ਪ੍ਰਮੋਟਰਜ਼ ਅਤੇ ਡਿਵੈਲਪਰਾਂ ਦੇ ਜਵਾਬ ਵਿਚ ਕਿਹਾ ਗਿਆ ਕਿ ਇਹ ਪ੍ਰਾਜੈਕਟ ਆਕਾਸ਼ ਕੋ-ਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਵੱਲੋਂ ਵੀ ਅਪਣਾਇਆ ਗਿਆ ਸੀ। ਇਸ ਪ੍ਰੋਜੈਕਟ ‘ਤੇ ਕੁਝ ਸ਼ੁਰੂਆਤੀ ਇਤਰਾਜ਼ ਸਨ ਜਿਨ੍ਹਾਂ ਨੂੰ ਸੁਸਾਇਟੀ ਨੇ ਛੁਪਾਇਆ ਸੀ।

ਇਸ ਖ਼ਬਰ ਬਾਰੇ ਕੁਮੈਂਟ ਕਰੋ-