250 ਪਹਿਲਵਾਨਾਂ ਨੇ ਕੋਚ ਨੂੰ ਰਿਟਾਇਰਮੈਂਟ ਦੇ 9 ਸਾਲ ਬਾਅਦ ਦਿਤੀ 16 ਲੱਖ ਰੁਪਏ ਦੀ ਕਾਰ
ਸੋਨੀਪਤ: ਕੁਮਾਸ਼ਪੁਰ ਦੇ ਐਪੈਕਸ ਸਿਟੀ ਵਿਚ ਹਰਿਆਣਾ ਖੇਡ ਵਿਭਾਗ ਤੋਂ ਸੇਵਾਮੁਕਤ ਕੁਸ਼ਤੀ ਕੋਚ ਰਾਮਮੇਹਰ ਕੁੰਡੂ ਲਈ ਉਨ੍ਹਾਂ ਦੇ ਚੇਲਿਆਂ ਵਲੋਂ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਉਨ੍ਹਾਂ ਦੇ 250 ਚੇਲਿਆਂ ਨੇ ਸਨਮਾਨ ਚਿੰਨ੍ਹ ਵਜੋਂ 16 ਲੱਖ ਰੁਪਏ ਦੀ ਕਾਰ ਅਤੇ ਚਾਂਦੀ ਦੀ ਗਦਾ ਭੇਟ ਕੀਤੀ। ਕੁੰਡੂ ਨੂੰ ਸੇਵਾਮੁਕਤੀ ਦੇ 9 ਸਾਲ ਬਾਅਦ ਇਸ ਤਰ੍ਹਾਂ ਸਨਮਾਨਿਤ ਕੀਤੇ ਜਾਣ ‘ਤੇ ਖੁਸ਼ੀ ਹੋਈ।
ਪਿਛਲੇ ਕਾਫੀ ਸਮੇਂ ਤੋਂ ਉਨ੍ਹਾਂ ਦੇ ਚੇਲੇ ਸਨਮਾਨ ਸਮਾਰੋਹ ਕਰਵਾਉਣ ਦੀ ਯੋਜਨਾ ਬਣਾ ਰਹੇ ਸਨ। ਇਸਦੇ ਲਈ ਇੱਕ ਵਟਸਐਪ ਗਰੁੱਪ ਬਣਾਇਆ ਗਿਆ ਹੈ। ਇਸ ਵਿੱਚ 250 ਪਹਿਲਵਾਨ ਚੇਲੇ ਸ਼ਾਮਲ ਹੋਏ।
ਰਾਮਮੇਹਰ ਕੁੰਡੂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ 1200 ਦੇ ਕਰੀਬ ਪਹਿਲਵਾਨਾਂ ਨੂੰ ਸਿਖਲਾਈ ਦਿੱਤੀ। ਕਈ ਓਲੰਪੀਅਨ ਅਤੇ ਅਰਜੁਨ ਐਵਾਰਡੀ ਬਣੇ, ਕਈ ਉੱਚ ਅਹੁਦਿਆਂ ‘ਤੇ ਸੇਵਾ ਨਿਭਾ ਰਹੇ ਹਨ। ਸਭ ਤੋਂ ਖ਼ੁਸ਼ੀ ਦੀ ਗੱਲ ਇਹ ਹੈ ਕਿ ਉਨ੍ਹਾਂ ਦਾ ਇੱਕ ਵੀ ਚੇਲਾ ਬੀੜੀ ਨਹੀਂ ਪੀਂਦਾ। ਗੁਰੂ ਲਈ ਇਸ ਤੋਂ ਵੱਡਾ ਕੋਈ ਸਨਮਾਨ ਨਹੀਂ ਹੋ ਸਕਦਾ। ਅੱਜ ਉਸ ਨੂੰ ਗੁਰੂ ਦਕਸ਼ਨਾ ਦੇ ਕੇ ਉਸ ਦਾ ਸੀਨਾ ਮਾਣ ਨਾਲ ਉੱਚਾ ਕਰ ਦਿਤਾ ਹੈ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ।