ਸਿੱਖਾਂ ਲਈ ਖੁਸ਼ੀ ਦੀ ਖ਼ਬਰ, ਕੈਲੀਫੋਰਨੀਆ ‘ਚ ਦਸਤਾਰ ਸਜਾ ਕੇ ਮੋਟਰਸਾਈਕਲ ਚਲਾ ਸਕਣਗੇ ਸਿੱਖ
ਫਰਿਜ਼ਨੋ/ਕੈਲੀਫੋਰਨੀਆ – ਵਿਦੇਸ਼ ਵਿਚ ਸਿੱਖ ਭਾਈਚਾਰੇ ਲਈ ਖੁਸ਼ੀ ਦੀ ਖ਼ਬਰ ਹੈ। 14 ਸਤੰਬਰ 2023 ਨੂੰ ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਵਿਖੇ ਕੈਲੀਫੋਰਨੀਆ ਸਟੇਟ ਸੈਨੇਟ ਵਿਚ ਬਿੱਲ SB-847 ਵੱਡੇ ਬਹੁਮਤ ਨਾਲ ਪਾਸ ਹੋ ਗਿਆ ਹੈ। ਹੁਣ ਇਸ ਬਿੱਲ ‘ਤੇ ਕੈਲੀਫੋਰਨੀਆ ਸਟੇਟ ਦੇ ਗਵਰਨਰ ਦੇ ਦਸਤਖ਼ਤ ਦੇ ਨਾਲ ਇਹ ਇੱਕ ਕਾਨੂੰਨ ਬਣ ਜਾਵੇਗਾ। ਇਸ ਬਿੱਲ ਤਹਿਤ ਜਲਦੀ ਹੀ ਸਿੱਖ ਦਸਤਾਰ ਅਤੇ ਦੁਮਾਲਾ ਸਜਾ ਕੇ ਕੈਲੀਫੋਰਨੀਆ ਸਟੇਟ ਵਿਚ ਕਾਨੂੰਨੀ ਤੌਰ ‘ਤੇ ਮੋਟਰਸਾਈਕਲ ਚਲਾ ਸਕਣਗੇ। ਬਿੱਲ SB-847 ਸਟੇਟ ਸੈਨੇਟਰ ਬਰਾਇਨ ਡਾਹਲੀ ਨੇ ਕਾਨੂੰਨ ਦੇ ਮਾਹਰਾਂ ਅਤੇ ਪਲੈਨਿੰਗ ਕਮਿਸ਼ਨ ਦੇ ਵਾਈਸ ਚੇਅਰਮੈਨ ਮਨਦੀਪ ਸਿੰਘ ਦੀ ਮਦਦ ਨਾਲ ਤਿਆਰ ਕੀਤਾ ਸੀ।
ਇਕ ਮੁਕੰਮਲ ਕਾਨੂੰਨ ਬਣਨ ਤੋਂ ਪਹਿਲਾ ਬਿੱਲ SB-847 ਨੂੰ ਬਹੁਤ ਸਾਰੀਆਂ ਸਟੇਟ ਕਮੇਟੀਆਂ, ਸੈਨੇਟ ਫਲੌਰ, ਅਸੈਂਬਲੀ ਫਲੌਰ ਅਤੇ ਹੋਰ ਬਹੁਤ ਸਾਰੀਆਂ ਪ੍ਰਕਿਰਿਆ ਵਿਚੋਂ ਲੰਘਣਾ ਪਿਆ। ਸੈਨੇਟਰ ਬਰਾਇਨ ਡਾਹਲੀ ਅਤੇ ਪਲੈਨਿੰਗ ਕਮਿਸ਼ਨ ਦੇ ਵਾਈਸ ਚੇਅਰਮੈਨ ਮਨਦੀਪ ਸਿੰਘ ਨੇ ਬਹੁਤ ਮਿਹਨਤ ਕਰਕੇ ਬਿੱਲ SB-847 ਨੂੰ ਹਰ ਇੱਕ ਪੜਾਅ ਵਿਚੋਂ ਵੱਡੇ ਬਹੁਮਤ ਨਾਲ ਪਾਸ ਕਰਵਾਇਆ ਹੈ। ਅਮਰੀਕਾ ਵਿਚ ਵੱਡੀ ਗਿਣਤੀ ਵਿਚ ਸਿੱਖ ਭਾਈਚਾਰਾ ਰਹਿ ਰਿਹਾ ਹੈ ਅਤੇ ਇਤਿਹਾਸ ਵਿਚ ਪਹਿਲੀ ਵਾਰ ਸਿੱਖਾਂ ਨੂੰ ਅਮਰੀਕਾ ਦੀ ਕਿਸੇ ਸਟੇਟ ਵਿਚ ਕਾਨੂੰਨੀ ਤੌਰ ‘ਤੇ ਪੱਗ ਬੰਨ੍ਹ ਕੇ ਮੋਟਰਸਾਈਕਲ ਚਲਾਉਣ ਦਾ ਹੱਕ ਮਿਲਣ ਜਾ ਰਿਹਾ ਹੈ।