ਸਾਗਰ ਦੀ ਹਿੱਕ ’ਚੋਂ ਉੱਠਿਆ ਹਿਮਾਲਾ
ਡਾ. ਵਿਦਵਾਨ ਸਿੰਘ ਸੋਨੀ
ਅੱਜ ਤੋਂ ਹਜ਼ਾਰ ਕੁ ਸਾਲ ਪਹਿਲਾਂ ਇਰਾਨ ਦਾ ਮਹਾਨ ਵਿਦਵਾਨ ਅਬੂ ਰੇਹਾਨ ਮੁਹੰਮਦ-ਬਿਨ-ਅਹਿਮਦ ਅਲਬਰੂਨੀ ਆਪਣੇ ਸਫ਼ਰ ਦੌਰਾਨ ਉੱਚੇ ਪਰਬਤਾਂ ਦੇ ਦੱਰਿਆਂ, ਪਰਬਤਾਂ ਦੀਆਂ ਪਾਲ਼ਾਂ ਤੇ ਛੋਟੀਆਂ ਛੋਟੀਆਂ ਪਹਾੜੀਆਂ ਰਾਹੀਂ ਲੰਘ ਕੇ ਹਿੰਦੋਸਤਾਨ ਵਿੱਚ ਦਾਖਲ ਹੋਇਆ। ਦੂਰ-ਦੂਰ ਤੱਕ ਉਸ ਨੇ ਹਿਮਾਲਾ ਦੀਆਂ ਚਿੱਟੀਆਂ ਬਰਫ਼ਾਨੀ ਚੋਟੀਆਂ ਤੱਕੀਆਂ। ਦਿਓਦਾਰਾਂ ਨਾਲ ਲੱਦੀਆਂ ਘਾਟੀਆਂ, ਸੁੰਦਰ ਵਾਦੀਆਂ ਤੇ ਉਨ੍ਹਾਂ ਵਿੱਚ ਵਗਦੇ ਨਦੀਆਂ ਨਾਲੇ ਉਸ ਦੇ ਮਨ ਨੂੰ ਕਿੰਨੇ ਭਾਏ ਹੋਣਗੇ। ਉਸ ਦਾ ਕਾਫ਼ਲਾ ਤਾਂ ਕਠਿਨ ਯਾਤਰਾ ਉਪਰੰਤ ‘ਸੋਨੇ ਦੀ ਚਿੜੀ’ ਹਿੰਦੋਸਤਾਨ ਦੇ ਸੁਪਨੇ ਲੈਂਦਾ ਹੋਵੇਗਾ, ਪਰ ਅਲਬਰੂਨੀ ਆਲੇ-ਦੁਆਲੇ ’ਚੋਂ ਕੁਝ ਹੋਰ ਵੀ ਪੜ੍ਹ ਰਿਹਾ ਸੀ। ਉਹ ਪਰਬਤਾਂ ਦੀਆਂ ਪਾਲਾਂ ਅਤੇ ਉਨ੍ਹਾਂ ਦੀ ਬਣਤਰ ਵਿੱਚੋਂ ਕੋਈ ਤਰਤੀਬ ਲੱਭ ਰਿਹਾ ਸੀ। ਹਿਮਾਲਾ ਤੋਂ ਹੇਠਾਂ ਉਤਰ ਕੇ ਉਹ ਨੀਵੀਆਂ ਪਹਾੜੀਆਂ ’ਚੋਂ ਲੰਘਦਿਆਂ ਮੈਦਾਨਾਂ ਵਿੱਚ ਦਾਖਲ ਹੋਇਆ। ਰਾਹ ਵਿੱਚ ਜਗ੍ਹਾ ਜਗ੍ਹਾ ਉਸ ਨੇ ਚੱਟਾਨਾਂ ਵਿੱਚ ਜੜੇ ਗੋਲ ਪੱਥਰ ਦੇਖੇ। ਕਈ ਥਾਈਂ ਪੱਥਰਾਂ ਦੇ ਢੇਰ ਮਿੱਟੀ ਵਾਲੀਆਂ ਪਹਾੜੀਆਂ ਵਿੱਚ ਵੀ ਉਸ ਨੂੰ ਨਜ਼ਰ ਆਏ। ਇਹ ਪੱਥਰ ਭਿੰਨ ਭਿੰਨ ਰੰਗਾਂ ਦੇ ਚੱਟਾਨੀ ਟੁਕੜਿਆਂ ’ਚੋਂ ਆਏ ਸਨ। ਜਾਪਦਾ ਸੀ ਜਿਵੇਂ ਕਿਸੇ ਨੇ ਦੂਰ ਖੜ੍ਹੀਆਂ ਵੱਖ ਵੱਖ ਰੰਗਾਂ ਦੀਆਂ ਉੱਚੀਆਂ ਚੱਟਾਨਾਂ ’ਚੋਂ ਘੜ ਕੇ ਲਿਆਂਦੇ ਅਤੇ ਫਿਰ ਇੱਥੇ ਜੜ ਦਿੱਤੇ ਹੋਣ। ਆਏ ਤਾਂ ਇਹ ਕੁਦਰਤੀ ਕਾਰਨਾਂ ਕਰਕੇ ਹੀ ਸਨ, ਪਰ ਅਜਿਹੇ ਪੱਥਰ ਇੰਨੇ ਨੀਵੇਂ ਸਥਾਨਾਂ ’ਤੇ ਕਿਵੇਂ ਆ ਕੇ ਟਿਕ ਗਏ? ਅਲਬਰੂਨੀ ਨੇ ਆਪਣੇ ਮਨ ਵਿੱਚ ਉੱਠੇ ਸਵਾਲਾਂ ਦਾ ਉੱਤਰ ਆਪ ਹੀ ਲੱਭਿਆ। ਇਸੇ ਲਈ ਉਸ ਨੇ ਉੱਤਰੀ ਭਾਰਤ ਬਾਰੇ ਆਪਣੀ ਇੱਕ ਲਿਖਤ ਵਿੱਚ ਕੁਝ ਇੰਜ ਲਿਖਿਆ ਸੀ:
‘ਜੇ ਤੁਸੀਂ ਭਾਰਤ ਦੀ ਮਿੱਟੀ ਵੇਖੀ ਹੈ ਤੇ ਵੇਖ ਕੇ ਕੁਝ ਸੋਚਿਆ ਹੈ, ਜੇ ਗੋਲ ਮਟੋਲ ਪੱਥਰ ਤੁਹਾਨੂੰ ਮਿੱਟੀ ਵਿੱਚ ਜੜੇ ਦਿਸੇ ਹਨ ਅਤੇ ਹੋਰ ਡੂੰਘਾ ਪੁੱਟਿਆਂ ਵੀ ਉਹੋ ਪੱਥਰ ਦਿਸੇ ਹਨ। ਪਹਾੜਾਂ ’ਚੋਂ ਨਿਕਲਦੇ ਦਰਿਆਵਾਂ ਵਿੱਚ ਵੱਡੇ ਵੱਡੇ ਪੱਥਰ ਜੋ ਅੱਗੇ ਜਾ ਕੇ ਛੋਟੇ ਤੇ ਹੋਰ ਛੋਟੇ ਹੋਈ ਜਾਂਦੇ ਹਨ ਤੇ ਅੰਤ ਬੱਜਰੀ ਤੇ ਰੇਤਾ ਬਣ ਜਾਂਦੇ ਹਨ, ਉਹ ਕਿੱਥੋਂ ਆਏ? ਫਿਰ ਉੱਚੇ ਪਰਬਤਾਂ ਦੀਆਂ ਚੱਟਾਨਾਂ ਦੀ ਬਣਤਰ ਵੀ ਜੇ ਤੁਸੀਂ ਵੇਖੀ ਹੈ ਤਾਂ ਇਸ ਸਭ ਤੋਂ ਤੁਸੀਂ ਨਿਰਣਾ ਕਰ ਸਕਦੇ ਹੋ ਕਿ ਕਿਸੇ ਸਮੇਂ ਇਸ ਸਥਾਨ ’ਤੇ ਸਮੁੰਦਰ ਹੁੰਦਾ ਸੀ…।’
ਅਲਬਰੂਨੀ ਉਸ ਯੁੱਗ ਵਿੱਚ ਹੋਇਆ ਜਦੋਂ ਵਿਗਿਆਨ ਅਜੇ ਨਿਯਮਿਤ ਰੂਪ ਵਿੱਚ ਹੋਂਦ ’ਚ ਨਹੀਂ ਸੀ ਆਇਆ ਪਰ ਅਲਬਰੂਨੀ ਜਿਹੇ ਦਾਰਸ਼ਨਿਕ ਅਜਿਹੇ ਵਿਅਕਤੀ ਹੁੰਦੇ ਹਨ ਜੋ ਆਪਣੇ ਸਮੇ ਤੋਂ ਅਗਾਂਹ ਲੰਘ ਕੇ ਸੋਚਦੇ ਹਨ। ਉਸ ਦਾ ਇਹ ਅਨੁਮਾਨ ਸਹੀ ਸੀ ਕਿਉਂਕਿ ਹਿਮਾਲਾ ਸਮੁੰਦਰ ’ਚੋਂ ਹੀ ਉਪਜਿਆ ਸੀ।
ਕੋਈ ਸੱਤ ਕੁ ਕਰੋੜ ਸਾਲ ਪੁਰਾਣੀ ਗੱਲ ਹੈ। ਧਰਤੀ ਉੱਪਰ ਹਿਮਾਲਾ ਪਰਬਤ ਨਹੀਂ ਸੀ ਹੁੰਦਾ, ਨਾ ਸ਼ਿਵਾਲਿਕ ਪਹਾੜੀਆਂ ਸਨ ਅਤੇ ਨਾ ਹੀ ਇਸ ਦੇ ਨਾਲ ਨਾਲ ਲੱਗਦੇ ਤਰਾਈ ਦੇ ਮੈਦਾਨ ਇੱਥੇ ਸਨ। ਇੱਥੇ ਪਾਣੀ ਹੀ ਪਾਣੀ ਸੀ। ਫਿਰ ਹਿਮਾਲਾ, ਸ਼ਿਵਾਲਿਕ ਤੇ ਗੰਗਾ-ਸਿੰਧ ਦੇ ਮੈਦਾਨ ਆਦਿ ਕਿੰਜ ਬਣੇ? ਇਹ ਜਾਣਨ ਲਈ ਧਰਤੀ ਦੇ ਸਾਢੇ ਕੁ ਚਾਰ ਅਰਬ ਸਾਲ ਲੰਬੇ ਇਤਿਹਾਸ ਵਿੱਚੋਂ ਸਿਰਫ਼ ਪੱਚੀ ਕਰੋੜ ਸਾਲਾਂ ਦੇ ਇਤਿਹਾਸ ’ਤੇ ਨਜ਼ਰ ਮਾਰਨ ਦੀ ਲੋੜ ਹੈ। ਇਸ ਸਮੇਂ ਦੌਰਾਨ ਇੱਥੇ ਕੀ ਹੁੰਦਾ ਰਿਹਾ ਹੈ, ਇਹ ਸਭ ਜਾਣ ਕੇ ਸਾਨੂੰ ਪਤਾ ਲੱਗ ਜਾਵੇਗਾ ਕਿ ਹਿਮਾਲਾ ਅਤੇ ਇਸ ਦੇ ਨਾਲ ਲੱਗਦੇ ਤਰਾਈ ਦੇ ਇਲਾਕੇ ਕੋਈ ਬਹੁਤੇ ਪੁਰਾਣੇ ਨਹੀਂ। ਭੂੁ-ਵਿਗਿਆਨ ਦੀ ਭਾਸ਼ਾ ਵਿੱਚ ਇਹ ਸਭ ਨਵੇਂ ਹੀ ਹਨ। ਹਿਮਾਲਾ 4-6 ਕਰੋੜ ਸਾਲ ਪੁਰਾਣਾ ਹੈ। ਇਸ ਦੀ ਤੁਲਨਾ ਵਿੱਚ ਅਰਾਵਲੀ ਪਰਬਤ (ਜੋ ਰਾਜਸਥਾਨ ਦੇ ਦੱਖਣੀ ਸਿਰੇ ਤੋਂ ਲੈ ਕੇ ਹਰਿਆਣੇ ਤੱਕ ਫੈਲਿਆ ਹੋਇਆ ਹੈ) ਬਹੁਤ ਹੀ ਪੁਰਾਣਾ ਹੈ। ਅਰਾਵਲੀ ਢਾਈ ਕੁ ਅਰਬ ਸਾਲ ਪਹਿਲਾਂ ਉਸ ਵੇਲੇ ਦੇ ਸਾਗਰੀ ਤਲਛਟਾਂ ਦੇ ਨਪੀੜੇ ਜਾਣ ਕਰਕੇ ਬਣਨਾ ਸ਼ੁਰੂ ਹੋਇਆ ਸੀ ਤੇ ਸਮੇਂ ਨਾਲ ਹਿਮਾਲਾ ਵਾਂਗ ਹੀ ਬਹੁਤ ਉਚਾਈ ਹਾਸਲ ਕਰ ਗਿਆ। ਇਹ ਤਾਂ ਕਰੋੜਾਂ ਸਾਲਾਂ ਦੀਆਂ ਵਿਘਟਨ ਕਿਰਿਆਵਾਂ ਕਾਰਨ, ਬਾਰਸ਼ਾਂ ਅਤੇ ਤੇਜ਼ ਹਵਾਵਾਂ ਵੱਲੋਂ ਲਿਆਂਦੀ ਰੇਤ ਦੇ ਕਿਣਕਿਆਂ ਨਾਲ ਘਸ ਘਸ ਕੇ, ਖੁਰ ਖੁਰ ਕੇ, ਏਨਾ ਨੀਵਾਂ ਹੋ ਗਿਆ ਹੈ। ਇਸ ਦੀਆਂ ਜੋ ਚੱਟਾਨਾਂ ਬਚੀਆਂ ਹੋਈਆਂ ਹਨ ਉਹ ਵੀ ਬਹੁਤ ਹੀ ਪੁਰਾਣੀਆਂ ਹਨ। ਹਿਮਾਲਾ ਤਾਂ ਅਜੇ ਨਵਾਂ ਪਹਾੜ ਹੈ।
ਇਸ ਦੇ ਹੋਂਦ ਵਿੱਚ ਆਉਣ ਬਾਰੇ ਅਸਲੀ ਤੱਥ ਉਦੋਂ ਪਤਾ ਲੱਗਣ ਲੱਗੇ ਜਦੋਂ ਸਾਲ 191੨ ਵਿੱਚ ਜਰਮਨੀ ਦੇ ਇੱਕ ਮੌਸਮ ਵਿਗਿਆਨੀ ਅਲਫਰੈੱਡ ਵੈਗਨਰ ਨੇ ਧਰਤੀ ਦੇ ਨਕਸ਼ੇ ਨੂੰ ਜ਼ਰਾ ਵਧੇਰੇ ਗਹੁ ਨਾਲ ਤੱਕਿਆ। ਉਸ ਨੇ ਵੇਖਿਆ ਕਿ ਸਾਰੇ ਮਹਾਂਦੀਪਾਂ ਨੂੰ ਲਗਭਗ ਇੱਕ ਦੂਜੇ ਵਿੱਚ ਫਿੱਟ ਕੀਤਾ ਜਾ ਸਕਦਾ ਹੈ। ਇਹ ਬੜੀ ਅਜੀਬ ਗੱਲ ਸੀ ਜਿਸ ਬਾਰੇ ਪਹਿਲਾਂ ਕਦੇ ਕਿਸੇ ਨੇ ਨਹੀਂ ਸੀ ਸੋਚਿਆ। ਵੈਗਨਰ ਨੇ ਅੰਦਾਜ਼ਾ ਲਗਾਇਆ ਕਿ ਸਾਰੇ ਮਹਾਂਦੀਪ ਸ਼ਾਇਦ ਕਦੇ ਇੱਕੋ ਸੁਪਰ-ਮਹਾਂਦੀਪ ਦੇ ਰੂਪ ਵਿੱਚ ਧਰਤੀ ’ਤੇ ਮੌਜੂਦ ਸਨ ਜੋ ਬਾਅਦ ਵਿੱਚ ਅੱਡ ਅੱਡ ਹੋ ਗਏ। ਭੂੁ-ਵਿਗਿਆਨੀਆਂ ਨੇ ਫਿਰ ਜਦੋਂ ਇਸ ਤੱਥ ਦਾ ਵਿਗਿਆਨਕ ਤੌਰ ’ਤੇ ਅਧਿਐਨ ਕੀਤਾ ਤਾਂ ਵੇਖਿਆ ਕਿ ਵੈਗਨਰ ਦਾ ਅੰਦਾਜ਼ਾ ਠੀਕ ਸੀ। ਇਸ ਦੇ ਨਾਲ ਹੀ ਦੁਨੀਆ ਵਿਚ ‘ਪਲੇਟ-ਟੈਕਟਾਨਿਕਸ’ ਦੇ ਵਿਸ਼ੇ ’ਤੇ ਨਵੀਂ ਖੋਜ ਸ਼ੁਰੂ ਹੋ ਗਈ। ਇਸ ਸਦਕਾ ਪਤਾ ਲੱਗਾ ਕਿ ਧਰਤੀ ਦਾ ਨਕਸ਼ਾ ਸਦਾ ਇੱਕੋ ਹੀ ਨਹੀਂ ਰਿਹਾ। ‘ਪਲੇਟ-ਟੈਕਟਾਨਿਕਸ’ ਦਾ ਭਾਵ ਹੈ ਕਿ ਧਰਤੀ ਦੀਆਂ ‘ਪਟਲ ਪਲੇਟਾਂ’ ਲਗਾਤਾਰ ਸਰਕਦੀਆਂ ਰਹਿੰਦੀਆਂ ਹਨ। ਇਸ ਕਾਰਨ ਧਰਤੀ ਦੀ ਸਤ੍ਵਾ ਵੀ ਉੱਚੀ ਨੀਵੀਂ ਹੁੰਦੀ ਰਹਿੰਦੀ ਹੈ ਤੇ ਦਰਿਆਵਾਂ ਦੇ ਰੁਖ਼ ਵੀ ਬਦਲਦੇ ਰਹਿੰਦੇ ਹਨ।
ਕੋਈ ਪੱਚੀ ਕਰੋੜ ਸਾਲ ਪਹਿਲੋਂ ਧਰਤੀ ਦੇ ਸਾਰੇ ਮਹਾਂਦੀਪ ਪੈਂਜੀਆ ਨਾਂ ਦੇ ਇੱਕੋ ਸੁਪਰ-ਮਹਾਂਦੀਪ ਦੇ ਰੂਪ ਵਿੱਚ ਜੁੜੇ ਹੋਏ ਸਨ ਅਤੇ ਬਾਕੀ ਸਾਰਾ ਗ੍ਰਹਿ ਕੇਵਲ ਪਾਣੀ ਹੀ ਸੀ। ਉਦੋਂ ਧਰਤੀ ਦੇ ਅੰਦਰ ਇੱਕ ਵੱਡੀ ਹਿਲਜੁਲ ਹੋਈ ਤੇ ਪੈਂਜੀਆ ਵਿੱਚ ਤ੍ਰੇੜਾਂ ਪੈ ਗਈਆਂ। ਮਹਾਂਦੀਪ ਅੱਡ ਅੱਡ ਹੋ ਕੇ ਖਿੰਡਣ ਲੱਗੇ। ਅੱਜ ਤੋਂ ਵੀਹ ਕੁ ਕਰੋੜ ਸਾਲ ਪਹਿਲਾਂ ਪੈਂਜੀਆ ਦੋ ਭਾਗਾਂ ਵਿੱਚ ਵੰਡਿਆ ਗਿਆ। ਉੱਤਰੀ ਭਾਗ ‘ਲਾਓਰੇਸ਼ੀਆ’ ਤੇ ਦੱਖਣੀ ਭਾਗ ‘ਗੋਂਦਵਾਨਾ’ ਸੀ। ਇਨ੍ਹਾਂ ਵਿਚਾਲੇ ਇੱਕ ਬਹੁਤ ਵੱਡਾ ਸਮੁੰਦਰ ਟੈਥਿਸ ਸਾਗਰ ਬਚ ਗਿਆ। ਗੋਂਦਵਾਨਾ ਵਿੱਚ ਦੱਖਣੀ ਅਮਰੀਕਾ, ਅਫ਼ਰੀਕਾ, ਐਂਟਾਰਕਟਿਕਾ ਅਤੇ ਆਸਟਰੇਲੀਆ ਸਮੇਤ ਭਾਰਤ ਦਾ ਅਰਾਵਲੀ ਪਰਬਤ ਅਤੇ ਪਠਾਰ ਵਾਲਾ ਹਿੱਸਾ ਸ਼ਾਮਲ ਸਨ। ਲਾਓਰੇਸ਼ੀਆ ਵਿੱਚ ਉੱਤਰੀ ਅਮਰੀਕਾ, ਯੂਰਪ ਤੇ ਏਸ਼ੀਆ ਦੇ ਬਾਕੀ ਹਿੱਸੇ ਸ਼ਾਮਲ ਸਨ।
ਉਦੋਂ ਸਾਰੀ ਧਰਤੀ ’ਤੇ ਡਾਇਨੋਸੋਰਾਂ ਦਾ ਰਾਜ ਸੀ ਜੋ ਕਰੀਬ 18 ਕਰੋੜ ਸਾਲ ਤੱਕ ਵੱਖ ਵੱਖ ਕਿਸਮਾਂ ਧਾਰ ਕੇ ਵਿਗਸਦੇ ਰਹੇ। ਬਾਰਾਂ ਕੁ ਕਰੋੜ ਸਾਲ ਪਹਿਲਾਂ ਸਾਰੇ ਭੂ-ਖੰਡ ਇੱਕ ਦੂਜੇ ਤੋਂ ਕਾਫ਼ੀ ਦੂਰ ਦੂਰ ਹਟ ਗਏ। ਭਾਰਤ ਦਾ ਅਰਾਵਲੀ-ਪਠਾਰੀ ਹਿੱਸਾ ਇਕੱਲਾ ਹੀ ਉੱਤਰ ਵੱਲ ਨੂੰ ਸਰਕ ਰਿਹਾ ਸੀ ਜੋ ਹੌਲੀ ਹੌਲੀ 5-6 ਕਰੋੜ ਸਾਲਾਂ ਵਿੱਚ ਯੂਰੇਸ਼ੀਆ ਦੇ ਬਹੁਤ ਨੇੜੇ ਆ ਗਿਆ। ਯੂਰੇਸ਼ੀਆ ਦੇ ਥਲ-ਭਾਗ ਵੱਲੋਂ ਵਗਦੇ ਦਰਿਆ ਟੈਥਿਸ ਵਿੱਚ ਕਰੋੜਾਂ ਸਾਲਾਂ ਤੋਂ ਲਗਾਤਾਰ ਤਲਛਟ ਡਿੱਗ ਰਹੇ ਸਨ। ਉਧਰੋਂ ਭਾਰਤ ਦੇ ਅਰਾਵਲੀ ਵੱਲੋਂ ਵਗਦੇ ਅਨੇਕਾਂ ਦਰਿਆ ਵੀ ਆਪਣੇ ਨਾਲ ਲਿਆਂਦੇ ਤਲਛਟ ਇਸ ਸਮੁੰਦਰ ਵਿੱਚ ਸੁੱਟਦੇ ਰਹੇ। ਇਹ ਸਮੁੰਦਰ ਹੌਲੀ ਹੌਲੀ ਭਰਦਾ ਗਿਆ। ਕੋਈ ਸਾਢੇ ਛੇ ਕਰੋੜ ਸਾਲ ਪਹਿਲਾਂ ਇੱਕ ਹੋਰ ਬੜੀ ਅਜੀਬ ਘਟਨਾ ਵਾਪਰੀ। ਦਸ ਕੁ ਕਿਲੋਮੀਟਰ ਵਿਆਸ ਵਾਲੀ ਇੱਕ ਵਿਸ਼ਾਲ ਉਲਕਾ ਦੋ ਭਾਗਾਂ ਵਿੱਚ ਟੁੱਟਕੇ ਮੈਕਸਿਕੋ ਦੀ ਖਾੜੀ ਦੇ ਇਲਾਕੇ ਵਿੱਚ ਚਿਕਸੂਲਬ ਸਥਾਨ ਕੋਲ ਧਰਤੀ ’ਤੇ ਆਣ ਡਿੱਗੀ ਜਿਸ ਨੇ ਬੜੀ ਵੱਡੀ ਤਬਾਹੀ ਮਚਾ ਦਿੱਤੀ। ਇੰਨੀ ਧੂੜ ਉੱਡੀ ਕਿ ਧਰਤੀ ’ਤੇ ਮਹੀਨਿਆਂਬੱਧੀ ਹਨੇਰਾ ਛਾਇਆ ਰਿਹਾ। ਸਾਰੇ ਡਾਇਨੋਸੋਰ ਖ਼ਤਮ ਹੋ ਗਏ ਤੇ ਨਾਲ ਹੀ ਸਾਗਰਾਂ ਤੇ ਥਲਾਂ ਦੀਆਂ ਕੋਈ 90 ਫ਼ੀਸਦੀ ਜੀਵ ਜਾਤੀਆਂ ਧਰਤੀ ਤੋਂ ਲੋਪ ਹੋ ਗਈਆਂ (ਦੁਨੀਆ ਦੇ ਹੋਰ ਇਲਾਕਿਆਂ ਤੋਂ ਇਲਾਵਾ ਡਾਇਨੋਸੋਰਾਂ ਅਤੇ ਲੁਪਤ ਹੋਏ ਹੋਰ ਜਾਨਵਰਾਂ ਦੇ ਕਈ ਪਥਰਾਟ ਦੱਖਣੀ ਭਾਰਤ ਦੀ ਪਠਾਰ ’ਚੋਂ ਵੀ ਮਿਲਦੇ ਹਨ), ਪਰ ਇਹ ਘਟਨਾ ਹਿਮਾਲਾ ਦੇ ਉੱਪਰ ਉੱਠਣ ਤੋਂ ਪਹਿਲਾਂ ਦੀ ਹੈ।
ਭਾਰਤ ਦੀ ਪਟਲ-ਪਲੇਟ ਉੱਤਰ ਵੱਲ ਹੋਰ ਤੇ ਹੋਰ ਧਕੀਂਦੀ ਗਈ ਜਿਸ ਕਾਰਨ ਸਾਗਰ ਤਲ ਵਿੱਚ ਜਮ੍ਹਾਂ ਮਲਬਾ ਲਗਾਤਾਰ ਨਪੀੜਦਾ ਗਿਆ ਤੇ ਉਹ ਚੱਟਾਨਾਂ ਬਣ ਕੇ ਉੱਪਰ ਉੱਠਦਾ ਗਿਆ। ਟੈਥਿਸ ਸਾਗਰ ਦੇ ਤਲ ਦੀ ਡੂੰਘਾਈ ਯੂਰੇਸ਼ੀਆ ਤੇ ਭਾਰਤ ਵਿਚਲੇ ਸਥਾਨ ’ਤੇ ਬਹੁਤ ਘਟ ਗਈ ਤੇ ਸਾਗਰ ਕਛਾਰਾਂ ਦਾ ਰੂਪ ਧਾਰਨ ਕਰਨ ਲੱਗਾ ਜਿਸ ਵਿੱਚੋਂ ਥਾਂ ਥਾਂ ’ਤੇ ਤਲਛਟੀ ਚੱਟਾਨਾਂ ਦੇ ਕਿੰਗਰੇ ਉੱਭਰੇ ਹੋਏ ਦਿਸਣ ਲੱਗੇ। ਟੈਕਟਾਨੀ ਕਿਰਿਆਵਾਂ ਕਰਕੇ ਭਾਰਤੀ ਥਲ-ਪਲੇਟ ਕੋਈ 15 ਸੈਂਟੀਮੀਟਰ ਪ੍ਰਤੀ ਸਾਲ ਦੀ ਦਰ ਨਾਲ ਉੱਤਰ ਵੱਲ ਸਰਕ ਰਹੀ ਸੀ ਜਿਸ ਦੇ ਫ਼ਲਸਰੂਪ ਟੈਥਿਸ ਵਿਚਲੇ ਤਲਛਟ ਚੱਟਾਨਾਂ ਬਣ ਕੇ ਤੇਜ਼ ਗਤੀ ਨਾਲ ਉੱਪਰ ਉੱਠ ਰਹੇ ਸਨ। ਉਹ ਹਿਮਾਲਾ ਪਰਬਤ ਦੀਆਂ ਅੰਦਰੂਨੀ ਤਲਛੱਟੀ ਚੱਟਾਨਾਂ ਦਾ ਰੂਪ ਧਾਰਨ ਕਰਦੇ ਹੋਏ ਪਹਾੜ ਬਣ ਗਏ। ਪਹਿਲਾਂ ਤੋਂ ਹੀ ਭੀੜੇ ਹੋ ਚੁੱਕੇ ਸਾਗਰ ਤਲ ਵਿੱਚ ਭਾਰਤੀ ਪਟਲ-ਪਲੇਟ ਦੇ ਧੱਕੇ ਜਾਣ ਕਰਕੇ ਸਿਲਵਟਾਂ ਪੈਣ ਲੱਗੀਆਂ ਸਨ ਜਿਨ੍ਹਾਂ ਨੇ ਉੱਪਰ ਉੱਠ ਕੇ ਹੌਲੀ ਹੌਲੀ ਲੰਬਾਤਮਕ ਪਹਾੜੀ ਰੇਂਜਾਂ ਅਤੇ ਵਾਦੀਆਂ ਦਾ ਰੂਪ ਧਾਰ ਲਿਆ। ਭਾਰਤੀ ਪਟਲ-ਪਲੇਟ ਦੇ ਲਗਾਤਾਰ ਧੱਕਿਆਂ ਕਾਰਨ ਟੈਥਿਸ ਸਾਗਰ ਦਾ ਤਲ ਹੋਰ ਉੱਚਾ ਉੱਠਿਆ। ਸਮੁੰਦਰ ਬਿਲਕੁਲ ਖ਼ਤਮ ਹੋ ਗਿਆ ਤੇ ਇਸ ਦੇ ਤਲਛਟ ਉੱਚੀਆਂ ਉੱਚੀਆਂ ਪਹਾੜੀਆਂ ਵਿੱਚ ਵਟ ਗਏ।
ਅੱਜ ਤੋਂ ਕੋਈ ਸਵਾ ਦੋ ਕਰੋੜ ਸਾਲ ਪਹਿਲਾਂ, ਅੱਗੋਂ ਇੱਕ ਹੋਰ ਪਰਬਤ ਨਿਰਮਾਣ ਕਿਰਿਆ ਸ਼ੁਰੂ ਹੋਈ ਜਿਸ ਤੋਂ ਛੋਟੀਆਂ ਛੋਟੀਆਂ ਸ਼ਿਵਾਲਿਕ ਪਹਾੜੀਆਂ ਦਾ ਜਨਮ ਹੋਇਆ। ਭਾਰਤੀ ਪਟਲ-ਪਲੇਟ ਸਰਕਦੀ ਹੋਈ ਸਮੇਂ ਸਮੇਂ ਯੂਰੇਸ਼ੀਅਨ ਪਲੇਟ ਵੱਲ ਤੇਜ਼ੀ ਨਾਲ ਧਕੀਂਦੀ ਜਾ ਰਹੀ ਸੀ ਜਿਸ ਕਾਰਨ ਹਿਮਾਲਾ ਪਰਬਤ ਹੋਰ ਵੀ ਉੱਚਾ ਉੱਠਿਆ। ਓਧਰ ਹਿਮਾਲਾ ਦੇ ਉੱਤਰ ਵਿੱਚ ਤਿੱਬਤ ਦੀ ਪਠਾਰ ਵੀ ਉੱਚੀ ਉੱਠ ਗਈ ਜੋ ਅੱਜ ਤੇਰਾਂ ਹਜ਼ਾਰ ਫੁੱਟ ਦੀ ਉਚਾਈ ਪ੍ਰਾਪਤ ਕਰ ਚੁੱਕੀ ਹੈ। ਭਾਵੇਂ ਹੁਣ ਹਿਮਾਲਾ ਦੇ ਹੇਠਾਂ ਕੋਈ ਹੋਰ ਵੱਡੇ ਉਥਲ ਪੁਥਲ ਨਹੀਂ ਹੋ ਰਹੇ, ਪਰ ਇਹ ਅਜੇ ਵੀ ਹੌਲੀ ਹੌਲੀ ਉੱਪਰ ਉੱਠ ਰਿਹਾ ਹੈ। ਭਾਰਤੀ ਪਟਲ-ਪਲੇਟ ਹੁਣ ਵੀ ਤਕਰੀਬਨ ਦੋ ਸੈਂਟੀਮੀਟਰ ਪ੍ਰਤੀ ਸਾਲ ਦੀ ਦਰ ਨਾਲ ਉੱਤਰ ਵੱਲ ਸਰਕ ਰਹੀ ਹੈ ਅਤੇ ਹਿਮਾਲਾ ਕੋਈ ਅੱਧਾ ਕੁ ਸੈਂਟੀਮੀਟਰ ਪ੍ਰਤੀ ਸਾਲ ਦੀ ਦਰ ਨਾਲ ਉੱਪਰ ਉੱਠ ਰਿਹਾ ਹੈ। ਇਸੇ ਕਾਰਨ ਕਦੇ ਕਦੇ ਭਾਰਤ ਦੇ ਥਲੀ ਤੇ ਪਰਬਤੀ ਇਲਾਕਿਆਂ ਵਿੱਚ ਭੂਚਾਲ ਆਉਂਦੇ ਰਹਿੰਦੇ ਹਨ।
ਜਦੋਂ ਹਿਮਾਲਾ ਉੱਪਰ ਉੱਠ ਰਿਹਾ ਸੀ ਤਾਂ ਇਸ ਦੀ ਦੱਖਣੀ ਹੱਦ ਦੇ ਨਾਲ ਨਾਲ ਇੱਕ ਵਿਸ਼ਾਲ ਲੰਬੀ ਚੌੜੀ ਲੰਬਾਤਮਕ ਖਾਈ ਬਣ ਗਈ। ਹਿਮਾਲਾ ਤੋਂ ਉਤਰਦੇ ਅਨੇਕਾਂ ਅਗਿਆਤ ਦਰਿਆ ਹਿਮਾਲਾ ਦਾ ਖੋਰ ਲਿਆ ਲਿਆ ਕੇ ਇਸ ਦੇ ਦੱਖਣੀ ਭਾਗ ਵਿੱਚ ਸੁੱਟਦੇ ਰਹੇ ਤੇ ਉਹ ਤਲਛਟ ਵੀ ਭਾਰਤੀ ਪਟਲ ਦੇ ਧੱਕਣ ਕਰਕੇ ਨਾਲ ਨਪੀੜੇ ਜਾਂਦੇ ਰਹੇ। ਉਹ ਕੋਈ ਤਿੰਨ ਚਰਨਾਂ ਵਿੱਚ ਉੱਪਰ ਉੱਠੇ ਜਿਨ੍ਹਾਂ ਤੋਂ ਸ਼ਿਵਾਲਿਕ ਪਹਾੜੀਆਂ ਦਾ ਜਨਮ ਹੋਇਆ। ਸ਼ਿਵਾਲਿਕ ਪਹਾੜੀਆਂ ਦੀ ਚੌੜਾਈ ਸਾਡੇ ਕਾਂਗੜਾ ਅਤੇ ਪਾਕਿਸਤਾਨ ਦੇ ਪੋਠੋਹਾਰ ਖੇਤਰ ਵਿੱਚ ਸਭ ਤੋਂ ਵੱਧ ਹੈ ਅਤੇ ਪੂਰਬ ਵੱਲ ਜਾਂਦਿਆਂ ਇਹ ਚੌੜਾਈ ਘਟਦੀ ਜਾਂਦੀ ਹੈ।
ਹਿਮਾਲਾ ਵਿੱਚ ਵੀ ਬਾਕੀ ਦੀ ਧਰਤੀ ਵਾਂਗ ਕਈ ਵਾਰ ਬਰਫ਼ਾਨੀ ਯੁੱਗ ਆਏ। ਆਖ਼ਰੀ ਬਰਫ਼ਾਨੀ ਯੁੱਗ ਕੋਈ 23 ਲੱਖ ਸਾਲ ਪਹਿਲਾਂ ਸ਼ੁਰੂ ਹੋਇਆ ਸੀ ਤੇ 18 ਕੁ ਹਜ਼ਾਰ ਸਾਲ ਪਹਿਲਾਂ ਆਪਣੇ ਸਿਖਰ ’ਤੇ ਪੁੱਜ ਗਿਆ। ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਨੇੜੇ ਤ੍ਰਿਉਂਡ ਜਿਹੇ ਇਲਾਕਿਆਂ ਤੱਕ ਨੀਵੇਂ ਸਥਾਨਾਂ ’ਤੇ ਵੀ ਸਾਲਾਂਬੱਧੀ ਹਜ਼ਾਰਾਂ ਫੁੱਟ ਉੱਚੀਆਂ ਬਰਫ਼ਾਂ ਜੰਮ ਗਈਆਂ। ਇਹ ਬਰਫ਼ਾਨੀ ਯੁੱਗ ਅੱਜ ਤੋਂ ਕੇਵਲ 10 ਕੁ ਹਜ਼ਾਰ ਸਾਲ ਪਹਿਲਾਂ ਹੀ ਖ਼ਤਮ ਹੋਇਆ ਹੈ। ਜਦੋਂ ਗਰਮ ਯੁੱਗ ਸ਼ੁੁਰੂ ਹੋਇਆ ਤਾਂ ਹਜ਼ਾਰ ਸਾਲ ਤੋਂ ਵੀ ਅਧਿਕ ਸਮੇਂ ਤੱਕ ਅਥਾਹ ਮੀਂਹ ਵਰ੍ਹੇ, ਬਰਫ਼ਾਂ ਦੇ ਵਿਸ਼ਾਲ ਤੋਦੇ ਪਿਘਲ ਕੇ ਹੇਠਾਂ ਵੱਲ ਸਰਕਣ ਲੱਗੇ ਜੋ ਚੱਟਾਨਾਂ ਨੂੰ ਤੋੜ ਤੋੜ ਕੇ ਆਪਣੇ ਨਾਲ ਉੱਪਰ ਸੁੱਟ ਲਿਆਏ। ਉਨ੍ਹਾਂ ਦੁਆਰਾ ਛੱਡੇ ਇਰੈਟਿਕਸ (ਅੰਦਰੂਨੀ ਚੱਟਾਨਾਂ ਦੇ ਵੱਡੇ ਵੱਡੇ ਟੁਕੜੇ) ਕਾਂਗੜਾ ਵਾਦੀ ਵਿੱਚ ਵੀ ਜਗ੍ਹਾ ਜਗ੍ਹਾ ਪਏ ਦੇਖੇ ਜਾ ਸਕਦੇ ਹਨ। ਉਦੋਂ ਭਿਅੰਕਰ ਹੜ੍ਹ ਵੀ ਆਏ। ਉਨ੍ਹਾਂ ਹੜ੍ਹਾਂ ਵਿੱਚ ਰੁੜ੍ਹਦੇ ਪੱਥਰ ਗੋਲ ਹੋ ਗਏ। ਉਹ ਹੜ੍ਹ ਮਿੱਟੀ ਵਾਲੀਆਂ ਪਹਾੜੀਆਂ ਦੀ ਮਣਾਂ-ਮੂੰਹੀਂ ਮਿੱਟੀ ਵੀ ਨਾਲ ਰੋੜ੍ਹ ਲਿਆਏ ਤੇ ਸ਼ਿਵਾਲਿਕ ਦੇ ਦੱਖਣੀ/ਦੱਖਣ ਪੱਛਮੀ ਖੇਤਰ ਵਿੱਚ ਵਿਛਾ ਗਏ। ਉੱਤਰੀ ਭਾਰਤ ਵਿੱਚ ਤਰਾਈ ਦਾ ਇਲਾਕਾ ਉਦੋਂ ਦੀ ਹੀ ਉਪਜ ਹੈ।
ਜਦੋਂ ਸ਼ਿਵਾਲਿਕ ਦੇ ਤਲਛਟ ਜ਼ਮੀਨੀ ਪੱਧਰ ’ਤੇ ਸਨ ਓਦੋਂ ਜੋ ਜਾਨਵਰ ਇੱਥੇ ਫਿਰਦੇ ਸਨ ਜਾਂ ਬਿਰਖ ਪੌਦੇ ਇੱਥੇ ਉੱਗੇ ਹੁੰਦੇ ਤੇ ਮਰਦੇ ਰਹਿੰਦੇ ਸਨ, ਉਨ੍ਹਾਂ ਉੱਪਰ ਹੜ੍ਹਾਂ ਵਗੈਰਾ ਨਾਲ ਹੋਰ ਤਲਛਟ ਜੰਮ ਗਏ। ਉਹ ਹਜ਼ਾਰਾਂ ਲੱਖਾਂ ਸਾਲ ਬਾਅਦ ਪਥਰਾਟ ਬਣ ਗਏ ਤੇ ਪਹਾੜੀ ਚੱਟਾਨਾਂ ਵਿੱਚ ਫਸੇ ਹੋਏ ਟੈਕਟਾਨੀ ਕਿਰਿਆ ਕਾਰਨ ਉੱਪਰ ਉੱਠ ਗਏ। ਅੱਜ ਸਾਨੂੰ ਸ਼ਿਵਾਲਿਕ ਪਹਾੜੀਆਂ ਦੀਆਂ ਉੱਚੀਆਂ ਚੱਟਾਨਾਂ ’ਚੋਂ ਵੀ ਉਨ੍ਹਾਂ ਸਮਿਆਂ ਦੇ ਜੀਵਾਂ ਦੇ ਸਖ਼ਤ ਹੋ ਚੁੱਕੇ ਪਥਰਾਟ ਮਿਲਦੇ ਹਨ। ਉੱਚੇ ਸਥਾਨਾਂ ਤੋਂ ਪਥਰਾਟਾਂ ਦਾ ਮਿਲਣਾ ਇਹ ਸਿੱਧ ਕਰਦਾ ਹੈ ਕਿ ਹਿਮਾਲਾ ਤੇ ਉਸ ਦੇ ਨਾਲ ਸ਼ਿਵਾਲਿਕ ਸੱਚਮੁੱਚ ਉੱਪਰ ਉੱਠ ਰਹੇ ਹਨ। ਹਿਮਾਲਾ ਸਮੁੰਦਰ ’ਚੋਂ ਉੱਠਿਆ ਸੀ ਤੇ ਸ਼ਿਵਾਲਿਕ, ਜਿਸ ਦੀਆਂ ਰੇਤਲੀਆਂ, ਪਥਰੀਲੀਆਂ ਜਾਂ ਮਿਟਿਆਲੀਆਂ ਚੱਟਾਨਾਂ ਹਿਮਾਲਾ ਦੇ ਖੋਰ ਤੋਂ ਹੀ ਬਣੀਆਂ ਸਨ, ਬਾਅਦ ਵਿੱਚ ਧਰਤੀ ’ਚੋਂ ਹੀ ਬਾਹਰ ਨਿਕਲਿਆ ਸੀ। ਇਹ ਹੈ ਹਿਮਾਲਾ ਪਰਬਤ ਦੀ ਲੰਬੀ ਕਹਾਣੀ।
* ਸਾਬਕਾ ਪ੍ਰਿੰਸੀਪਲ, ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ।