ਹੁਣ ਬੁਲੇਟ ਟਰੇਨ ਚਲਾਉਣਗੀਆਂ ਸਾਊਦੀ ਔਰਤਾਂ, ਟਰੇਨਿੰਗ ਮਗਰੋਂ ਪਹਿਲਾ ਬੈਚ ਤਿਆਰ
ਰਿਆਦ: ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਵਿਜ਼ਨ-2030 ਤਹਿਤ ਔਰਤਾਂ ਦਾ ਇੱਕ ਹੋਰ ਸੁਫ਼ਨਾ ਪੂਰਾ ਹੋਣ ਜਾ ਰਿਹਾ ਹੈ। ਦਰਅਸਲ ਜਲਦ ਹੀ ਸਾਊਦੀ ਅਰਬ ਦੀਆਂ ਔਰਤਾਂ ਬੁਲੇਟ ਟਰੇਨ ਚਲਾਉਂਦੀਆਂ ਨਜ਼ਰ ਆਉਣਗੀਆਂ। ਚਾਰ ਸਾਲ ਪਹਿਲਾਂ ਔਰਤਾਂ ਦੇ ਡਰਾਈਵਿੰਗ ‘ਤੇ ਲੱਗੀ ਪਾਬੰਦੀ ਹਟਾ ਦਿੱਤੀ ਗਈ ਸੀ।ਸਾਊਦੀ ਅਰਬ ਦੇ ਰੇਲ ਮੰਤਰਾਲੇ ਨੇ ਇਹ ਜਾਣਕਾਰੀ ਦਿੰਦੇ ਹੋਏ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਮਹਿਲਾ ਬੁਲੇਟ ਟਰੇਨ ਡਰਾਈਵਰ ਨਜ਼ਰ ਆ ਰਹੀ ਹੈ। ਔਰਤਾਂ ਨੂੰ ਮਰਦ ਸਾਥੀਆਂ ਨਾਲ ਦੇਖਿਆ ਜਾ ਸਕਦਾ ਹੈ। ਪਹਿਲੇ ਬੈਚ ਵਿੱਚ 32 ਔਰਤਾਂ ਨੂੰ ਸਿਖਲਾਈ ਦਿੱਤੀ ਗਈ ਹੈ। ਉਨ੍ਹਾਂ ਦੀ ਨਿਯੁਕਤੀ ਮੱਕਾ-ਮਦੀਨਾ ਵਿਚਾਲੇ ਚੱਲਣ ਵਾਲੀ ਬੁਲੇਟ ਟਰੇਨ ‘ਚ ਕੀਤੀ ਗਈ ਹੈ।
ਸਾਊਦੀ ਅਰਬ ਰੇਲਵੇ (SAR) ਨੇ ਨਵੇਂ ਸਾਲ 2023 ਦੇ ਪਹਿਲੇ ਦਿਨ ਇਸ ਵੀਡੀਓ ਨੂੰ ਸਾਂਝਾ ਕੀਤਾ। ਵੀਡੀਓ ‘ਚ ਇਕ ਮਹਿਲਾ ਡਰਾਈਵਰ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਰਿਹਾ ਹੈ ਕਿ “ਅਸੀਂ ਇਸ ਪ੍ਰੋਜੈਕਟ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਾਂ। ਸਾਨੂੰ ਇਹ ਮੌਕਾ ਮਿਲਣ ‘ਤੇ ਮਾਣ ਹੈ।” ਇਹ ਸਿਖਲਾਈ ਪ੍ਰਾਪਤ ਔਰਤਾਂ ਹੁਣ 453 ਕਿਲੋਮੀਟਰ ਲੰਬੀ ਹਰਮਨ ਹਾਈ ਸਪੀਡ ਲਾਈਨ (ਮੱਕਾ-ਮਦੀਨਾ ਨੂੰ ਜੋੜਨ ਵਾਲੀ) ‘ਤੇ ਬੁਲੇਟ ਟਰੇਨ ਚਲਾਉਂਦੀਆਂ ਨਜ਼ਰ ਆਉਣਗੀਆਂ।
ਸਾਲ 2022 ਦੀ ਸ਼ੁਰੂਆਤ ਵਿੱਚ ਔਰਤਾਂ ਲਈ 30 ਬੁਲੇਟ ਟਰੇਨ ਡਰਾਈਵਰਾਂ ਦੀ ਭਰਤੀ ਕੀਤੀ ਗਈ ਸੀ। ਬਾਅਦ ਵਿੱਚ ਇਸ ਨੂੰ ਵਧਾ ਕੇ 32 ਕਰ ਦਿੱਤਾ ਗਿਆ। ਇਨ੍ਹਾਂ 32 ਅਸਾਮੀਆਂ ਲਈ 28 ਹਜ਼ਾਰ ਔਰਤਾਂ ਨੇ ਅਪਲਾਈ ਕੀਤਾ ਸੀ।ਪਿਛਲੇ ਸਾਲ ਸਾਊਦੀ ਅਰਬ ਵਿੱਚ ਪਹਿਲੀ ਵਾਰ ਔਰਤਾਂ ਨੇ ਵੀ ਰੇਗਿਸਤਾਨ ਦੇ ਕੈਮਲ ਸ਼ਿਪ ਮੁਕਾਬਲੇ ਵਿੱਚ ਹਿੱਸਾ ਲਿਆ ਸੀ। ਰਿਆਦ ਵਿੱਚ ਹੋਏ ਇਸ ਮੁਕਾਬਲੇ ਵਿੱਚ ਚਾਲੀ ਔਰਤਾਂ ਨੇ ਭਾਗ ਲਿਆ। ਬਰੂਕਿੰਗਜ਼ ਇੰਸਟੀਚਿਊਟ ਦੀ ਰਿਪੋਰਟ ਦੇ ਅਨੁਸਾਰ 2018 ਵਿੱਚ, ਸਾਊਦੀ ਅਰਬ ਵਿੱਚ ਨੌਕਰੀ ਕਰਨ ਵਾਲੀਆਂ ਔਰਤਾਂ ਦੀ ਗਿਣਤੀ 20 ਪ੍ਰਤੀਸ਼ਤ ਸੀ। 2022 ਵਿੱਚ ਇਹ ਅੰਕੜਾ 33 ਪ੍ਰਤੀਸ਼ਤ ਹੋ ਗਿਆ।