ਪੰਜਾਬ ਪੁਲਿਸ ਨੇ ਖੁਦ ਨੂੰ ਗੈਂਗਸਟਰ ਦੱਸ ਕੇ ਫਿਰੌਤੀ ਦੀਆਂ ਫਰਜ਼ੀ ਕਾਲਾਂ ਕਰਨ ਵਾਲੇ ਏ.ਸੀ ਮਕੈਨਿਕ ਨੂੰ ਕੀਤਾ ਗ੍ਰਿਫ਼ਤਾਰ

Punjab Police Arrested AC Mechanic For Making Fake Extortion Calls By Posing As A Gangster

20 ਸਾਲਾ ਦੋਸ਼ੀ ਫਾਰਮਾ ਕੰਪਨੀ ਦੇ ਮਾਲਕ ਤੋਂ 30 ਲੱਖ ਰੁਪਏ ਫਿਰੌਤੀ ਦੀ ਕਰ ਰਿਹਾ ਸੀ ਮੰਗ, ਜਾਨੋਂ ਮਾਰਨ ਦੀ ਵੀ ਦਿੱਤੀ ਸੀ ਧਮਕੀ

ਚੰਡੀਗੜ੍ਹ: ਮੁੱਖ ਮੰਤਰੀ ਸ. ਭਗਵੰਤ ਮਾਨ ਦੇ ਸੁਪਨੇ ਅਨੁਸਾਰ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ, ਪੰਜਾਬ ਪੁਲਿਸ ਨੇ ਮੋਹਾਲੀ ਸਥਿਤ ਫਾਰਮਾਸਿਊਟੀਕਲ ਕੰਪਨੀ ਦੇ ਮਾਲਕ ਨੂੰ ਫਿਰੌਤੀ ਲਈ ਫਰਜ਼ੀ ਕਾਲ ਕਰਨ ਦੇ ਦੋਸ਼ ਵਿੱਚ ਖੁਦ ਨੂੰ ਵਿਦੇਸ਼- ਅਧਾਰਿਤ ਗੈਂਗਸਟਰ ਦੱਸ ਕੇ ਕਾਲ ਕਰਨ ਵਾਲੇ ਇੱਕ 20 ਸਾਲਾ ਏ.ਸੀ. ਮਕੈਨਿਕ ਨੂੰ ਗਿ੍ਰਫਤਾਰ ਕੀਤਾ ਹੈ।

ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਬੁੱਧਵਾਰ ਨੂੰ  ਦੱਸਿਆ ਕਿ ਮੁਲਜ਼ਮ ਦੀ ਪਛਾਣ ਸੂਰਜ (20) ਵਾਸੀ ਮਲੋਆ ਕਲੋਨੀ, ਚੰਡੀਗੜ ਵਜੋਂ ਹੋਈ ਹੈ, ਜਿਸ ਨੂੰ ਇੱਥੋਂ ਦੇ ਵੇਰਕਾ ਚੌਕ ਤੋਂ ਉਸ ਸਮੇਂ ਗਿਰਫ਼ਤਾਰ ਕੀਤਾ ਗਿਆ, ਜਦੋਂ ਉਹ ਆਪਣੇ ਸਾਥੀ ਮਨਦੀਪ ਸਿੰਘ (32) ਵਾਸੀ ਪਿੰਡ ਮਾਂਗੇਵਾਲ ਸ੍ਰੀ ਆਨੰਦਪੁਰ ਸਾਹਿਬ ਦੇ ਨਾਲ ਮੋਟਰਸਾਈਕਲ ‘ਤੇ ਫਿਰੌਤੀ ਦੇ ਪੈਸੇ ਵਸੂਲਣ ਜਾ ਰਿਹਾ ਸੀ। ਪੁਲਿਸ ਨੇ ਉਕਤ ਦੋੋਸ਼ੀਆਂ ਕੋਲੋਂ ਦੋ ਮੋਬਾਈਲ ਫੋਨ ਅਤੇ ਬਿਨਾਂ ਨੰਬਰ ਪਲੇਟ ਵਾਲਾ ਇੱਕ ਕਾਲੇ ਰੰਗ ਦਾ ਸੀ.ਟੀ 100 ਮੋਟਰਸਾਈਕਲ ਵੀ ਬਰਾਮਦ ਕੀਤਾ ਹੈ।

ਸ਼ਿਕਾਇਤਕਰਤਾ, ਜੋ ਕਿ ਐਸ.ਏ.ਐਸ. ਨਗਰ ਸਥਿਤ ਇੱਕ ਫਾਰਮਾਸਿਊਟੀਕਲ ਕੰਪਨੀ ਦਾ ਮਾਲਕ ਹੈ, ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਨੂੰ 30 ਦਸੰਬਰ, 2022 ਨੂੰ ਇੱਕ ਵਿਅਕਤੀ, ਜੋ ਖੁਦ ਨੂੰ ਗੈਂਗਸਟਰ ਦੱਸ ਰਿਹਾ ਹੈ, ਨੇ ਫੋਨ ਕਰਕੇ ਉਸ ਕੋਲੋਂ 30 ਲੱਖ ਰੁਪਏ ਦੀ ਫਿਰੌਤੀ ਮੰਗ ਕੀਤੀ ਅਤੇ ਸਮੇਂ ਸਿਰ ਫਿਰੌਤੀ ਦੀ ਰਕਮ ਨਾ ਦੇਣ ਦੀ ਸੂਰਤ ਵਿੱਚ ਉਸਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਸ਼ਿਕਾਇਤ ਤੋਂ ਬਾਅਦ ਐਸਏਐਸ ਨਗਰ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਤੁਰੰਤ ਇਸ ਮਾਮਲੇ ਦੀ ਜਾਂਚ ਸੁਰੂ ਕਰ ਦਿੱਤੀ ਅਤੇ ਮੁਲਜਮ ਕਾਲਰ ਸੂਰਜ ਨੂੰ ਗਿ੍ਰਫਤਾਰ ਕਰ ਲਿਆ, ਜੋ ਆਪਣੇ ਸਹਿਯੋਗੀ ਮਨਦੀਪ ਸਿੰਘ ਦੇ ਵਟਸਐਪ ਨੰਬਰ ਦੀ ਵਰਤੋਂ ਕਰਕੇ ਸ਼ਿਕਾਰ ਬਣਾਏ ਲੋਕਾਂ ਨੂੰ ਕਾਲਾਂ ਕਰ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਸੂਰਜ ਏ.ਸੀ. ਮਕੈਨਿਕ ਵਜੋਂ ਕੰਮ ਕਰਦਾ ਹੈ, ਜਦਕਿ ਉਸ ਦਾ ਸਾਥੀ ਮਨਦੀਪ ਟੈਕਸੀ ਡਰਾਈਵਰ ਹੈ।

ਡੀਜੀਪੀ ਨੇ ਇੱਕ ਵਾਰ ਫਿਰ ਲੋਕਾਂ ਨੂੰ ਫਰਜ਼ੀ ਫਿਰੌਤੀ ਲਈ ਕਾਲਾਂ ਤੋਂ ਸੁਚੇਤ ਰਹਿਣ ਲਈ ਸਾਵਧਾਨ ਕੀਤਾ ਅਤੇ ਉਨਾਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਅਜਿਹੀ ਕੋਈ ਕਾਲ ਆਵੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਪੰਜਾਬ ਪੁਲਿਸ ਵੱਲੋਂ ਅਜਿਹੇ ਫਿਰੌਤੀ ਦੇ ਮਾਮਲਿਆਂ ਦੀ ਤਾਜ਼ਾ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਜ਼ਿਆਦਾਤਰ ਅਜਿਹੀਆਂ ਗੈਂਗਸਟਰਾਂ ਦੇ ਨਾਮ ਤੇ ਕੀਤੀਆਂ ਜਾ ਰਹੀਆਂ ਫਿਰੌਤੀ ਕਾਲਾਂ ਕੁਝ ਅਣਪਛਾਤੇ ਅਪਰਾਧੀਆਂ ਦਾ ਕੰਮ ਹੈ, ਜਿਨਾਂ ਦਾ ਕਿਸੇ ਗਿਰੋਹ ਜਾਂ ਗੈਂਗਸਟਰ ਨਾਲ ਕੋਈ ਤਾਅਲੁਕ ਨਹੀਂ ਹੈ।

ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿੀਆਂ ਏ.ਆਈ.ਜੀ. ਐਸ.ਐਸ.ਓਸੀ. ਐਸ.ਏ.ਐਸ. ਨਗਰ ਅਸ਼ਵਨੀ ਕਪੂਰ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਸੂਰਜ ਜਦੋਂ ਘਰਾਂ, ਦੁਕਾਨਾਂ ਜਾਂ ਕੰਪਨੀਆਂ ਵਿੱਚ ਏ.ਸੀ. ਦੀ ਮੁਰੰਮਤ ਕਰਨ ਜਾਂਦਾ ਸੀ ਤਾਂ ਅਮੀਰ ਲੋਕਾਂ ਨੂੰ ਸ਼ਿਕਾਰ ਬਣਾਉਣ ਲਈ ਚੁਣ ਲੈਂਦਾ ਸੀ ਅਤੇ ਅਜਿਹੇ ਵੱਡੇ ਰਸੂਖ਼ਦਾਰ ਲੋਕਾਂ ਦੇ ਵੇਰਵੇ ਨੋਟ ਕਰ ਲੈਂਦਾ ਸੀ ਤਾਂ ਜੋ ਉਹਨਾਂ ਨੂੰ ਇਹ ਪ੍ਰਭਾਵ ਦਿੱਤਾ ਜਾਵੇ ਕਿ ਉਹਨਾਂ ਦੀਆਂ ਗਤੀਵਿਧੀਆਂ ‘ਤੇ ਨਜਰ ਰੱਖੀ ਜਾ ਰਹੀ ਹੈ, ਜਿਸ ਨਾਲ ਦੋਸ਼ੀ ਸੂਰਜ , ਪੀੜਤ ਨੂੰ ਪੈਸਾ ਵਸੂਲਣ ਲਈ ਅਸਾਨੀ ਨਾਲ ਨਿਸ਼ਾਨਾ ਬਣਾ ਲੈਂਦਾ ਸੀ। ਉਨਾਂ ਕਿਹਾ, “ਅਸੀਂ ਦੋਵੇਂ ਮੋਬਾਈਲ ਫੋਨਾਂ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਮੁਲਜਮਾਂ ਨੇ ਕਿਸੇ ਹੋਰ ਵਿਅਕਤੀ ਨੂੰ ਵੀ ਫਿਰੌਤੀ ਦੀਆਂ ਕਾਲਾਂ ਕੀਤੀਆਂ ਹਨ।’’

Leave a Reply

error: Content is protected !!