ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਬਾਵਜੂਦ ਵੀ ਇੰਦੌਰ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਚੋਣ ਤੋਂ ਇਨਕਾਰੀ

ਅੰਮ੍ਰਿਤਸਰ:  ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਬਾਅਦ ਵੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਇੰਦੌਰ ਦੇ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਤੋਂ ਇਨਕਾਰੀ ਹੈ। ਸੰਸਥਾ ਦੇ ਜਰਨਲ ਸਕੱਤਰ ਜਸਬੀਰ ਸਿੰਘ ਗਾਂਧੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਟਿੱਚ ਜਾਣਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੂੰ ਪੱਤਰ ਲਿਖ ਕੇ ਕਿਹਾ ਕਿ ਸੰਸਥਾ ਦੀ ਚੋਣ 2025 ਨੂੰ ਹੋਵੇਗੀ। ਇਥੇ ਇਹ ਵੀ ਦੱਸਣਯੋਗ ਹੈ ਕਿ ਗਾਂਧੀ ਨੇ ਸ੍ਰੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ’ਚ ਸੰਗਤ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਗੁਰਦੁਆਰਾ ਚੋਣ ਜੋ ਬਹੁਤ ਸਮੇਂ ਤੋਂ ਪੈਂਡਿੰਗ ਸੀ ਜਨਵਰੀ 2023 ਵਿਚ ਕਰਵਾ ਲਈ ਜਾਵੇਗੀ।

ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸ੍ਰੀ ਗੁਰੂ ਸਿੰਘ ਸਭਾ ਦੇ ਅੱਠ ਮੈਂਬਰਾਂ ਰਵਿੰਦਰ ਸਿੰਘ ਹੋਰਾਂ, ਨਰਿੰਦਰ ਸਿੰਘ ਨਾਰੰਗ, ਰਘੁਵੀਰ ਸਿੰਘ ਖਾਣੁਜਾ, ਜਸਵਿੰਦਰ ਸਿੰਘ ਅਰਨੇਜਾ, ਮਨਪ੍ਰੀਤ ਸਿੰਘ ਹੋਰਾ, ਅਮਰਜੀਤ ਸਿੰਘ ਭਾਟੀਆ, ਗੁਰਮੀਤ ਸਿੰਘ ਟੂਟੇਜਾ ਅਤੇ ਗਿਆਨੀ ਜਸਵੰਤ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਸਿੰਘ ਸਭਾ ਇੰਦੌਰ ਦੇ ਪ੍ਰਧਾਨ ਮਨਜੀਤ ਸਿੰਘ ਰਿੰਕੂ ਭਾਟੀਆ ਸ਼ਰਾਬ ਦਾ ਕਾਰੋਬਾਰੀ ਹੈ, ਜਿਸ ਉਪਰ ਸ਼ਰਾਬ ਦੀ ਤਸਕਰੀ ਦਾ ਮਾਮਲਾ ਵੀ ਦਰਜ ਹੈ। ਉਕਤ ਮਾਮਲੇ ’ਚ ਮੱਧ ਪ੍ਰਦੇਸ਼ ਦੀ ਪੁਲਸ ਵਲੋਂ ਭਗੌੜਾ ਕਰਾਰ ਦਿੱਤਾ ਹੈ ਤੇ ਇਨਾਮ ਵੀ ਰੱਖਿਆ ਸੀ।

ਮੈਬਰਾਂ ਨੇ ਦੱਸਿਆ ਕਿ ਰਿੰਕੂ ਭਾਟੀਆ ਨੂੰ ਸ਼ਹਿਰ ਛੱਡ ਕੇ ਜਾਂਦੇ ਸਮੇਂ ਗ੍ਰਿਫਤਾਰ ਕੀਤਾ ਜੋ ਹੁਣ ਜ਼ਮਾਨਤ ’ਤੇ ਬਾਹਰ ਹੈ। ਉਨ੍ਹਾਂ ਦੱਸਿਆ ਕਿ 10 ਸਾਲ ਪਹਿਲਾਂ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ’ਤੇ ਸ੍ਰੀ ਗੁਰੂ ਸਿੰਘ ਸਭਾ ਦੀ ਚੋਣ ਹੋਈ ਸੀ ਜੋ ਸਿਰਫ 3 ਸਾਲ ਲਈ ਸੀ। ਮੈਬਰਾਂ ਨੇ ਕਿਹਾ ਕਿ ਅਸੀਂ ਆਪਣੇ ਜ਼ਮੀਰ ਦੀ ਆਵਾਜ਼ ’ਤੇ ਆਪਣੇ ਅਸਤੀਫੇ ਦੇ ਦਿੱਤੇ ਹਨ। ਮੈਂਬਰਾਂ ਨੇ ਜਥੇਦਾਰ ਨੂੰ ਗੁਹਾਰ ਲਗਾਈ ਕਿ ਕਮੇਟੀ ਦੀ ਤੁਰੰਤ ਚੋਣ ਕਰਵਾ ਕੇ ਪ੍ਰਬੰਧ ਮੱਧ ਪ੍ਰਦੇਸ਼ ਦੀ ਸੰਗਤ ਦੇ ਚੁਣੇ ਨੁਮਾਇੰਦਿਆਂ ਨੂੰ ਸੌਂਪਿਆ ਜਾਵੇ।

Leave a Reply

error: Content is protected !!